ਕਾਂਗਰਸ ਤੋਂ ਵੀ ਅਸਤੀਫਾ ਦੇਣ ਨਵਜੋਤ ਸਿੱਧੂ : ਹਰਪਾਲ ਚੀਮਾ

07/14/2019 7:46:20 PM

ਚੰਡੀਗੜ੍ਹ (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬਤੌਰ ਕੈਬਨਿਟ ਮੰਤਰੀ ਅਸਤੀਫ਼ਾ ਦਿੱਤੇ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਨੂੰ ਹੁਣ ਕਾਂਗਰਸ ਪਾਰਟੀ 'ਚ ਵੀ ਬਣੇ ਨਹੀਂ ਰਹਿਣਾ ਚਾਹੀਦਾ, ਉਨ੍ਹਾਂ ਨੂੰ ਤੁਰੰਤ ਇਹ ਭ੍ਰਿਸ਼ਟ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਬਿਨਾਂ ਸ਼ੱਕ ਸਿੱਧੂ ਦਾ ਸਾਫ਼-ਸੁਥਰਾ ਸਿਆਸੀ ਅਕਸ ਅਤੇ ਪੰਜਾਬ ਕੈਬਨਿਟ 'ਚ ਸਿਰਫ਼ ਉਸ ਵਲੋਂ ਹੀ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ 'ਤੇ ਬਾਦਲਾਂ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ। ਆਮ ਲੋਕਾਂ 'ਚ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਵੀ ਕੈਪਟਨ ਆਪਣੀ ਕੁਰਸੀ ਲਈ ਵੀ ਖ਼ਤਰਾ ਸਮਝਣ ਲੱਗੇ ਸਨ। ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ, ਆਖ਼ਿਰ ਸਿੱਧੂ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ ਗਿਆ।

ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਕਿ ਸਿੱਧੂ ਬਤੌਰ ਬਿਜਲੀ ਮੰਤਰੀ ਅਹੁਦਾ ਸੰਭਾਲ ਕੇ ਪਿਛਲੀ ਬਾਦਲ ਸਰਕਾਰ ਦੌਰਾਨ ਜਨਤਕ (ਸਰਕਾਰੀ) ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਨਾਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਅਤੇ ਬਾਦਲਾਂ ਦੇ ਬਿਜਲੀ ਮਾਫ਼ੀਆ ਨੂੰ ਨੰਗਾ ਕਰਦੇ। ਇਹ ਵੀ ਜਨਤਕ ਕਰਦੇ ਕਿ ਕੈ. ਅਮਰਿੰਦਰ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਹੋਏ ਸਮਝੌਤੇ ਰੱਦ ਕਰਨ ਤੋਂ ਕਿਉਂ ਭੱਜ ਗਏ? ਇਕ ਸਵਾਲ ਦੇ ਜਵਾਬ 'ਚ ਚੀਮਾ ਨੇ ਕਿਹਾ ਕਿ ਸਿੱਧੂ ਦਾ 'ਆਪ' 'ਚ ਸਵਾਗਤ ਹੈ, ਜੋ ਪੰਜਾਬ ਦੀ ਜਵਾਨੀ, ਕਿਸਾਨੀ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ, ਕਰਮਚਾਰੀਆਂ, ਬੇਰੋਜ਼ਗਾਰਾਂ ਦੇ ਹੱਕ 'ਚ ਮਾਫ਼ੀਆ ਰਾਜ ਵਿਰੁੱਧ ਡਟਣ ਦਾ ਜਜ਼ਬਾ ਰੱਖਦਾ ਹੈ।

Karan Kumar

This news is Content Editor Karan Kumar