ਬੜਬੋਲੇ ਸਿੱਧੂ ਨੇ ਖੁਦ ਸਹੇੜੇ ਵਿਵਾਦ, ਜਾਣੋ ਹੁਣ ਤਕ ਦਾ ਪੂਰਾ ਲੇਖਾ-ਜੋਖਾ

07/14/2019 6:55:28 PM

ਜਲੰਧਰ : ਨਵਜੋਤ ਸਿੱਧੂ ਨੇ ਪੰਜਾਬ ਦੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ। ਉਂਝ ਤਾਂ ਸਿੱਧੂ, ਵਿਵਾਦ ਤੇ ਅਸਤੀਫਾ ਪੰਜਾਬ ਦੀ ਸਿਆਸਤ ਵਿਚ ਇਹ ਸ਼ਬਦ ਕਦੇ ਵੀ ਵੱਖ-ਵੱਖ ਨਹੀਂ ਰਹੇ। ਸਿੱਧੂ ਅਕਸਰ ਵਿਵਾਦਾਂ 'ਚ ਘਿਰਦੇ ਹਨ ਤੇ ਇਹ ਵਿਵਾਦ ਉਨ੍ਹਾਂ ਨੂੰ ਅਸਤੀਫੇ ਤੱਕ ਲੈ ਜਾਂਦੇ ਹਨ। ਅੱਜ ਗੱਲ, ਉਨ੍ਹਾਂ ਵਿਵਾਦਾਂ ਦੀ, ਜਿਨ੍ਹਾਂ ਨੇ ਸਿਆਸਤ ਵਿਚ ਹਮੇਸ਼ਾ ਸਿੱਧੂ ਦਾ ਰਾਹ ਰੋਕਿਆ।

ਸੁਖਬੀਰ ਤੇ ਮਜੀਠੀਆ ਨਾਲ ਪੰਗਾ 
ਅੰਮ੍ਰਿਤਸਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਤੇ ਇਕ ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਸਿੱਧੂ ਨੂੰ ਭਾਜਪਾ ਸੁਖਬੀਰ ਤੇ ਮਜੀਠੀਆ ਨਾਲ ਪੰਗੇ ਕਾਰਨ ਹੀ ਛੱਡਣੀ ਪਈ ਸੀ। ਸਿੱਧੂ ਸੁਖਬੀਰ ਤੇ ਮਜੀਠੀਆ ਅੱਗੇ ਈਨ ਨਹੀਂ ਮੰਨਣਾ ਚਾਹੁੰਦੇ ਸਨ ਤੇ ਇਹੀ ਕਾਰਨ ਸੀ ਕਿ ਉਹ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੀਆਂ ਅੱਖਾਂ ਵਿਚ ਰੜ੍ਹਕੇ। ਬੜਬੋਲੇ ਸਿੱਧੂ ਨੇ ਕਦੇ ਵੀ ਸੁਖਬੀਰ, ਮਜੀਠੀਆ ਤੇ ਪੰਜਾਬ ਵਿਚ ਨਸ਼ੇ 'ਤੇ ਬੋਲਣ ਤੋਂ ਗੁਰੇਜ਼ ਨਹੀਂ ਕੀਤਾ। ਜਦੋਂ 2014 'ਚ ਭਾਜਪਾ ਨੇ ਸਿੱਧੂ ਦੀ ਥਾਂ 'ਤੇ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਉਮੀਦਵਾਰ ਵਜੋਂ ਉਤਾਰਿਆ ਤਾਂ ਉਨ੍ਹਾਂ ਨੇ ਹੋਰ ਕਿਸੇ ਸੀਟ ਤੋਂ ਲੜਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ 28 ਅਪ੍ਰੈਲ 2016 ਨੂੰ ਸਿੱਧੂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਪਰ ਅਕਾਲੀ ਦਲ ਨਾਲ ਚੱਲਦੇ ਪੰਗੇ ਕਾਰਨ ਸਿੱਧੂ ਨੇ 18 ਜੁਲਾਈ 2016 ਨੂੰ ਹੀ ਰਾਜ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। 

'ਆਪ' ਨਾਲ ਪੰਗਾ
ਭਾਜਪਾ ਤੋਂ ਵੱਖ ਹੋਣ ਤੋਂ ਬਾਅਦ ਸਿੱਧੂ ਨੇ ਪਰਗਟ ਸਿੰਘ ਤੇ ਬੈਂਸ ਭਰਾਵਾਂ ਨਾਲ ਮਿਲ ਕੇ ਆਵਾਜ਼-ਏ-ਪੰਜਾਬ ਪਾਰਟੀ ਬਣਾਉਣ ਦਾ ਯਤਨ ਕੀਤਾ ਪਰ ਇਨ੍ਹਾਂ ਯਤਨਾਂ ਨੂੰ ਬੂਰ ਨਾ ਪਿਆ। ਇਸ ਤੋਂ ਬਾਅਦ ਸਿੱਧੂ ਦੇ 'ਆਪ' ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਚੱਲੀਆਂ ਪਰ ਸਿੱਧੂ ਕੇਜਰੀਵਾਲ ਨੂੰ ਹੰਕਾਰੀ ਦੱਸ ਕੇ 'ਆਪ' 'ਚ ਵੀ ਸ਼ਾਮਲ ਨਾ ਹੋਏ ਤੇ ਜਨਵਰੀ 2017 ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। 

ਪਾਕਿ ਫੌਜ ਮੁਖੀ ਬਾਜਵਾ ਨਾਲ ਜੱਫੀ
ਕਾਂਗਰਸ ਵਿਚ ਸ਼ਾਮਲ ਹੁੰਦੇ ਹੀ ਪਹਿਲਾਂ ਤਾਂ ਸਿੱਧੂ ਲਈ ਸਭ ਕੁਝ ਠੀਕ ਚੱਲ ਰਿਹਾ ਸੀ। ਸਿੱਧੂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਸੌਂਪਿਆ ਗਿਆ ਪਰ ਸਿੱਧੂ ਆਪਣੀ ਹੀ ਪਾਰਟੀ ਦੀਆਂ ਅੱਖਾਂ ਵਿਚ ਉਦੋਂ ਰੜਕੇ ਜਦੋਂ ਉਹ ਆਪਣੇ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ 'ਤੇ ਪਾਕਿਸਤਾਨ ਗਏ ਅਤੇ ਉਥੋਂ ਦੇ ਆਰਮੀ ਚੀਫ ਬਾਜਵਾ ਨੂੰ ਗਲੇ ਲਗਾ ਲਿਆ। ਇਕ ਫੌਜੀ ਹੋਣ ਨਾਤੇ ਇਹ ਜੱਫੀ ਮੁੱਖ ਮੰਤਰੀ ਕੈਪਟਨ ਨੂੰ ਵੀ ਕਾਫੀ ਰੜਕੀ। ਕੈਪਟਨ ਤੇ ਉਸ ਦੇ ਕਈ ਵਜ਼ੀਰਾਂ ਨੇ ਉਸ ਸਮੇਂ ਵੀ ਸਿੱਧੂ ਦਾ ਵਿਰੋਧ ਕੀਤਾ ਸੀ। 

ਮੇਰਾ ਕੈਪਟਨ ਰਾਹੁਲ ਗਾਂਧੀ
ਕੈਪਟਨ ਨਾਲ ਸਿੱਧੂ ਦਾ ਵਿਵਾਦ ਉਸ ਸਮੇਂ ਹੋਰ ਵੀ ਡੂੰਘਾ ਹੋ ਗਿਆ ਜਦੋਂ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਦੱਸ ਦਿੱਤਾ। ਹਾਲਾਂਕਿ ਸਿੱਧੂ ਨੇ ਕੈਪਟਨ ਨੂੰ ਆਪਣੇ ਪਿਤਾ ਸਾਮਾਨ ਕਿਹਾ ਪਰ ਸਿੱਧੂ ਦਾ ਇਹ ਬਿਆਨ ਕੈਪਟਨ ਨੂੰ ਬਹੁਤ ਰੜਕਿਆ, ਜਿਸ ਤੋਂ ਬਾਅਦ ਕੈਪਟਨ ਦੇ ਵਜ਼ੀਰਾਂ ਨੇ ਸਿੱਧੂ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਹੋਏ ਅਮਰਿੰਦਰ ਸਿੰਘ ਨੂੰ ਹੀ ਆਪਣਾ ਤੇ ਪੰਜਾਬ ਦਾ ਕੈਪਟਨ ਦੱਸਿਆ। 

ਪੁਲਵਾਮਾ ਹਮਲੇ 'ਤੇ ਟਿੱਪਣੀ
ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਦੀ ਉਸ ਟਿੱਪਣੀ ਨੇ ਵੀ ਨਵਾਂ ਵਿਵਾਦ ਛੇੜ ਦਿੱਤਾ ਜਦੋਂ ਸਿੱਧੂ ਨੇ ਕਿਹਾ ਕਿ ਕੁਝ ਲੋਕਾਂ ਕਰਕੇ ਤੁਸੀਂ ਪੂਰੇ ਦੇਸ਼ (ਪਾਕਿਸਤਾਨ) ਨੂੰ ਜ਼ਿੰਮੇਵਾਰ ਨਹੀਂ ਠਹਿਰਾਅ ਸਕਦੇ। ਆਪਣੇ ਇਸ ਬਿਆਨ ਕਾਰਨ ਸਿੱਧੂ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਸਿੱਧੂ ਨੇ ਭਾਰਤ ਵੱਲੋਂ ਪਾਕਿ 'ਚ ਕੀਤੀ ਏਅਰ ਸਟ੍ਰਾਈਕ 'ਤੇ ਸਵਾਲ ਖੜ੍ਹੇ ਕੀਤੇ ਤਾਂ ਫੌਜੀ ਹੋਣ ਦੇ ਨਾਤੇ ਉਸ ਨੂੰ ਫਿਰ ਕੈਪਟਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। 

ਕਪਿਲ ਸ਼ਰਮਾ ਸ਼ੋਅ ਤੋਂ ਛੁੱਟੀ 
ਪੁਲਵਾਮਾ ਹਮਲੇ ਤੇ ਏਅਰ ਸਟ੍ਰਾਈਕ 'ਤੇ ਬਿਆਨਾਂ 'ਤੇ ਵਿਵਾਦ ਇੰਨਾਂ ਵਧ ਗਿਆ ਕਿ ਸਿੱਧੂ ਦੀ ਕਪਿਲ ਸ਼ਰਮਾ ਦੇ ਸ਼ੋਅ ਤੋਂ ਛੁੱਟੀ ਕਰਨੀ ਪਈ। 

ਫ੍ਰੈਂਡਲੀ ਮੈਚ ਵਾਲੇ ਬਿਆਨ ਨੇ ਛੇੜਿਆ ਵਿਵਾਦ 
ਮੇਰਾ ਕੈਪਟਨ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਨਵਾਂ ਪੰਗਾ ਸਹੇੜ ਲਿਆ। ਸਿੱਧੂ ਨੇ ਬਠਿੰਡਾ ਰੈਲੀ ਦੌਰਾਨ ਕਿਹਾ ਕਿ ਫਰੈਂਡਲੀ ਮੈਚ ਚੱਲ ਰਿਹਾ ਹੈ। ਹਾਲਾਂਕਿ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਨਾ ਚਾਹੁੰਦੇ ਹੋਏ ਜਾਂ ਫਿਰ ਜਾਣ-ਬੁੱਝ ਕੇ ਕੈਪਟਨ ਸਿਰ ਬਾਦਲਾਂ ਨਾਲ ਮਿਲੇ ਹੋਣ ਦਾ ਇਲਜ਼ਾਮ ਮੜ੍ਹ ਦਿੱਤਾ। ਜਿਸ 'ਤੇ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਕੈਪਟਨ ਨੇ ਕਿਹਾ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਜਿਸ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪਾਰਟੀ ਤੇ ਉਨ੍ਹਾਂ ਦਾ ਅਕਸ ਖਰਾਬ ਕਰ ਰਹੇ ਹਨ। 

ਸਿੱਧੂ ਸਿਰ ਹਾਰ ਦਾ ਠੀਕਰਾ
ਇਹ ਮਾਮਲਾ ਇੱਥੇ ਹੀ ਨਹੀਂ ਰੁਕਿਆ ਤੇ ਕੈਪਟਨ ਨੇ ਪੰਜਾਬ ਦੇ ਸ਼ਹਿਰੀ ਖੇਤਰਾਂ ਵਿਚ ਹਾਰ ਦਾ ਠੀਕਰਾ ਵੀ ਸਿੱਧੂ ਸਿਰ ਮੜ੍ਹ ਦਿੱਤਾ। ਜਿਸ ਨੇ ਸਿੱਧੂ ਤੇ ਕੈਪਟਨ ਵਿਚਾਲੇ ਤਲਖੀਆਂ ਹੋਰ ਵਧਾ ਦਿੱਤੀਆਂ। 

ਮਹਿਕਮਾ ਬਦਲਣਾ
ਸਿੱਧੂ ਤੇ ਕੈਪਟਨ ਦਾ ਵਿਵਾਦ ਇੱਥੇ ਹੀ ਨਹੀਂ ਰੁਕਿਆ ਤੇ ਸਿੱਧੂ 'ਤੇ ਕਾਰਵਾਈ ਕਰਦੇ ਹੋਏ ਕੈਪਟਨ ਨੇ ਸਿੱਧੂ ਦਾ ਮਹਿਕਮਾ ਬਦਲ ਦਿੱਤਾ। ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਲੈ ਕੇ ਉਨ੍ਹਾਂ ਨੂੰ ਪਾਵਰ ਮੰਤਰਾਲਾ ਸੌਂਪ ਦਿੱਤਾ ਗਿਆ ਜੋ ਸਿੱਧੂ ਨੂੰ ਨਾਗਵਾਰ ਗੁਜ਼ਰਿਆ ਤੇ ਉਨ੍ਹਾਂ ਨਵਾਂ ਮੰਤਰਾਲਾ ਲੈਣ ਤੋਂ ਇਨਕਾਰ ਕਰ ਦਿੱਤਾ। 

ਅਸਤੀਫਾ
ਮੰਤਰਾਲਾ ਬਦਲਣ ਨੂੰ ਲੈ ਕੇ ਸਿੱਧੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਵੀ ਮਿਲੇ ਪਰ ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਦੁਖੀ ਰਾਹੁਲ ਨੇ ਵੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਸੋ ਹਾਰ ਕੇ ਸਿੱਧੂ ਨੂੰ ਇਹ ਕਦਮ ਚੁੱਕਣਾ ਪਿਆ ਤੇ ਸਿੱਧੂ ਨੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

Gurminder Singh

This news is Content Editor Gurminder Singh