ਨਵਜੋਤ ਸਿੱਧੂ ਨੂੰ ਅਹੁਦਾ ਦੇਣ ਬਾਰੇ ਪ੍ਰਤਾਪ ਬਾਜਵਾ ਨੇ ਦਿੱਤਾ ਜਵਾਬ, ਆਖੀ ਵੱਡੀ ਗੱਲ

06/18/2021 6:29:35 PM

ਚੰਡੀਗੜ੍ਹ : ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਦਰਮਿਆਨ ਨਵਜੋਤ ਸਿੱਧੂ ਨੂੰ ਅਹੁਦਾ ਦਿੱਤੇ ਜਾਣ ਦੀਆਂ ਖ਼ਬਰਾਂ ’ਤੇ ਪ੍ਰਤਾਪ ਸਿੰਘ ਬਾਜਵਾ ਨੇ ਰਲਿਆ-ਜੁਲਿਆ ਪ੍ਰਤੀਕਰਮ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕੋਈ ਕਰਨਲ ਇੱਕਦਮ ਜਨਰਲ ਨਹੀਂ ਬਣ ਸਕਦਾ। ਟੌਪ ਲੀਡਰਸ਼ਿਪ ਦੇ ਅਹੁਦੇ ਤੱਕ ਪਹੁੰਚਣ ਲਈ ਪਾਰਟੀ ਅੰਦਰ ਕੁਝ ਸਮਾਂ ਲਾਉਣਾ ਚਾਹੀਦਾ ਹੈ। ਪੁਰਾਣੇ ਲੀਡਰਾਂ ਨੂੰ ਪਾਰਟੀ ਵਿਚ ਸਹੀ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੇ ਨਵਜੋਤ ਸਿੱਧੂ ਦੀ ਕਾਂਗਰਸ ’ਚ ਸ਼ਮੂਲੀਅਤ ਸਮੇਂ ਵੀ ਆਨਾਕਾਨੀ ਕੀਤੀ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਮੇਰੇ ਭਰਾਵਾਂ ਵਰਗਾ ਹੈ ਅਤੇ ਚੰਗਾ ਬੁਲਾਰਾ ਹੈ, ਮੈਂ ਚਾਹੁੰਦਾ ਹਾਂ ਕਿ ਸਿੱਧੂ ਨੂੰ ਕੋਈ ਵੱਡਾ ਅਹੁਦਾ ਮਿਲੇ ਪਰ ਕਿਸੇ ਟੌਪ ਪੁਜ਼ੀਸ਼ਨ ’ਤੇ ਪਹੁੰਚਣ ਲਈ ਕੁਝ ਸਮਾਂ ਵੀ ਚਾਹੀਦਾ ਹੈ।

ਇਹ ਵੀ ਪੜ੍ਹੋ : ਕੈਪਟਨ ਨਾਲ ਗੁਪਤ ਮੀਟਿੰਗ ਦੀਆਂ ਚਰਚਾਵਾਂ ’ਤੇ ਬੋਲੇ ਪ੍ਰਤਾਪ ਬਾਜਵਾ, ਦਿੱਤਾ ਵੱਡਾ ਬਿਆਨ

ਬਾਜਵਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਸਿੱਧੂ ਨੂੰ ਜਿਹੜਾ ਵੀ ਅਹੁਦਾ ਜਾਂ ਕੰਮ ਦਿੰਦੀ ਹੈ ਉਸ ਨੂੰ ਪਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਧੂ ਨੂੰ ਪਾਰਟੀ ਵਿਚ ਕੋਈ ਵੱਡਾ ਰੋਲ ਮਿਲੇ ਪਰ ਜਿਹੜੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ, ਉਨ੍ਹਾਂ ਟਕਸਾਲੀ ਕਾਂਗਰਸੀਆਂ ਨੂੰ ਵੀ ਅੱਖੋਂ-ਪਰੋਖੇ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਪੰਜਾਬ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇ, ਇਸ ਲਈ ਇਕੱਠਿਆਂ ਹੋ ਕੇ  ਚੱਲਣ ਦੀ ਲੋੜ ਹੈ ਪਰ ਕਾਬਲ ਲੀਡਰ ਨੂੰ ਵੀ ਕੁਝ ਉਡੀਕ ਕਰਨੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਉਹ ਕਿਸੇ ਅਹੁਦੇ ਦੇ ਉਮੀਦਵਾਰ ਨਹੀਂ ਹਨ ਅਤੇ ਇਹ ਗੱਲ ਉਹ ਕਾਂਗਰਸ ਹਾਈਕਮਾਨ ਨੂੰ ਵੀ ਸਾਫ ਕਰ ਚੁੱਕੇ ਹਨ ਪਰ ਉਹ ਇੰਨਾ ਜ਼ਰੂਰ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਨੇ ਜਿਹੜੇ ਵੀ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣ।

ਇਹ ਵੀ ਪੜ੍ਹੋ : ਲੁਧਿਆਣਾ ਵਿਚ ਵੀਕੈਂਡ ਕਰਫਿਊ ਦੇ ਚੱਲਦੇ ਨਵੀਂ ਹਦਾਇਤਾਂ ਜਾਰੀ

ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਉਨ੍ਹਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਹੁੰਦਿਆਂ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਫਾਇਰਿੰਗ ਮਾਮਲੇ ’ਚ ਸਾਰੀ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਦੋਸ਼ੀਆਂ ਖ਼ਿਲਾਫ਼ ਇਕ ਮਹੀਨੇ ਦੇ ਅੰਦਰ-ਅੰਦਰ ਕਾਰਵਾਈ ਹੋਣੀ ਚਾਹੀਦੀ ਹੈ। ਏ. ਜੀ. ਅਤੁਲ ਨੰਦਾ ਦੀ ਪਤਨੀ ਵਲੋਂ ਏ. ਡੀ. ਜੀ. ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਮਾਮਲੇ ’ਤੇ ਬਾਜਵਾ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਇਹ ਅਸਤੀਫ਼ਾ ਅਤੁਲ ਨੰਦਾ ਨੇ ਦਿੱਤਾ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਅਤੁਲ ਨੰਦਾ ਪੰਜਾਬ ਸਰਕਾਰ ਦਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਵੱਡੀ ਹਲਚਲ, ਕੈਪਟਨ ਤੇ ਬਾਜਵਾ ਵਿਚਾਲੇ ਹੋਈ ਗੁਪਤ ਮੀਟਿੰਗ !

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh