ਨਵਜੋਤ ਸਿੱਧੂ ਨੂੰ ਇਮਰਾਨ ਖਾਨ ਦੇ ਸੱਦੇ ''ਤੇ ਬੀਬੀ ਸਿੱਧੂ ਦਾ ਵੱਡਾ ਬਿਆਨ

11/02/2019 6:33:09 PM

ਅੰਮ੍ਰਿਤਸਰ (ਸੁਮਿਤ) : ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਇਮਰਾਨ ਖਾਨ ਦੇ ਆਏ ਸੱਦੇ 'ਤੇ ਬੀਬੀ ਨਵਜੋਤ ਕੌਰ ਸਿੱਧੂ ਦਾ ਆਖਣਾ ਹੈ ਕਿ ਸਿੱਧੂ ਪਾਕਿਸਤਾਨ ਜ਼ਰੂਰ ਜਾਣਗੇ। ਬੀਬੀ ਸਿੱਧੂ ਮੁਤਾਬਕ ਜੇਕਰ ਕੇਂਦਰ ਤੋਂ ਇਜਾਜ਼ਤ ਮਿਲਦੀ ਹੈ ਤਾਂ ਨਵਜੋਤ ਸਿੱਧੂ ਇਸ ਉਦਘਾਟਨੀ ਸਮਾਗਮ ਵਿਚ ਜ਼ਰੂਰ ਸ਼ਮੂਲੀਅਤ ਕਰਨਗੇ। ਇਸ ਦੇ ਨਾਲ ਹੀ ਬੀਬੀ ਸਿੱਧੂ ਨੇ ਇਹ ਵੀ ਆਖਿਆ ਹੈ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਅਤੇ ਵਿਦੇਸ਼ ਮੰਤਰਾਲੇ ਤੋਂ ਮਨਜ਼ੂਰੀ ਲੈਣਗੇ ਅਤੇ ਸਾਰੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਹੀ ਪਾਕਿਸਤਾਨ ਰਵਾਨਾ ਹੋਣਗੇ। 

ਇਸ ਦੇ ਨਾਲ ਹੀ ਬੀਬੀ ਸਿੱਧੂ ਨੇ ਇਹ ਵੀ ਆਖਿਆ ਕਿ ਪਾਕਿਸਤਾਨ ਵਲੋਂ ਲਾਂਘੇ 'ਤੇ ਰੱਖੀ ਗਈ 20 ਡਾਲਰ ਦੀ ਫੀਸ ਖ਼ਤਮ ਕਰਨ ਲਈ ਵੀ ਨਵਜੋਤ ਸਿੱਧੂ ਇਮਰਾਨ ਖਾਨ ਨਾਲ ਗੱਲ ਕਰਨਗੇ। ਬੀਬੀ ਸਿੱਧੂ ਨੇ ਫਿਰ ਆਖਿਆ ਕਿ ਜਦੋਂ ਪਹਿਲਾਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉਸ ਸਮੇਂ ਇਮਰਾਨ ਖਾਨ ਨੇ ਉਨ੍ਹਾਂ ਪਾਸੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਕਰਨ ਲਈ ਸੁਝਾਅ ਮੰਗਿਆ ਸੀ ਤਾਂ ਸਿੱਧੂ ਨੇ ਆਖਿਆ ਸੀ ਕਿ ਜੇਕਰ ਬਾਬੇ ਨਾਨਕ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਦਾ ਹੈ ਤਾਂ ਦੋਵਾਂ ਦੇ ਦੇਸ਼ਾਂ ਦੇ ਰਿਸ਼ਤਿਆਂ 'ਚ ਮਿਠਾਸ ਆ ਸਕਦੀ ਹੈ, ਜਿਸ ਤੋਂ ਬਾਅਦ ਪਾਕਿ ਵਲੋਂ ਇਹ ਲਾਂਘਾ ਖੋਲ੍ਹਣ ਦਾ ਫੈਸਲਾ ਲਿਆ ਗਿਆ। ਭਾਜਪਾ 'ਚ ਸ਼ਾਮਲ ਹੋਣ ਦੇ ਸਵਾਲ 'ਤੇ ਬੀਬੀ ਸਿੱਧੂ ਨੇ ਕਿਹਾ ਕਿ ਨਵਜੋਤ ਸਿੱਧੂ ਕਦੇ ਪਿੱਠ 'ਚ ਛੁਰਾ ਨਹੀਂ ਮਾਰਦਾ ਅਤੇ ਉਨ੍ਹਾਂ ਦਾ ਭਾਜਪਾ 'ਚ ਜਾਣ ਦਾ ਕੋਈ ਇਰਾਦਾ ਨਹੀਂ।

Gurminder Singh

This news is Content Editor Gurminder Singh