ਫਿਲਹਾਲ ਨਵਜੋਤ ਸਿੱਧੂ ਨਹੀਂ ਬਣਨਗੇ ਡਿਪਟੀ ਸੀ. ਐੱਮ.

12/15/2019 6:26:44 PM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਚ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਡਿਪਟੀ ਸੀ. ਐੱਮ ਬਣਾਏ ਜਾਣ ਜਾਂ ਵਜ਼ਾਰਤੀ ਰੱਦੋ-ਬਦਲ ਦੀ ਫ਼ਿਲਹਾਲ ਕੋਈ ਤਜਵੀਜ਼ ਨਹੀਂ ਹੈ। ਹਾਈ ਕਮਾਂਡ ਪੱਧਰ 'ਤੇ ਅਜਿਹੀ ਕੋਈ ਚਰਚਾ ਨਹੀਂ ਹੈ। ਇਹ ਸਪੱਸ਼ਟੀਕਰਨ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਅਤੇ ਦਲਿਤ ਉਪ ਮੁੱਖ ਮੰਤਰੀ ਬਣਾਏ ਜਾਣ ਦੀ ਉੱਠ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਅਜਿਹਾ ਵਿਚਾਰ ਨਹੀਂ ਹੋ ਰਿਹਾ। ਕਿਸੇ ਦੇ ਮੰਗ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ। 

ਇਕ ਟੀ. ਵੀ. ਚੈਨਲ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਸੀ. ਐੱਮ. ਬਣਾਉਣ ਅਤੇ ਵਜ਼ਾਰਤੀ ਵਾਧੇ ਦਾ ਅੰਤਿਮ ਅਧਿਕਾਰ ਪਾਰਟੀ ਹਾਈ ਕਮਾਂਡ ਭਾਵ ਸੋਨੀਆ ਗਾਂਧੀ ਕੋਲ ਹੈ ਅਤੇ ਹਾਈ ਕਮਾਂਡ ਪੱਧਰ 'ਤੇ ਇਸ ਸਬੰਧੀ ਕੋਈ ਵਿਚਾਰ-ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਵਜ਼ਾਰਤ ਵਿਚ ਇਕ ਜਗ੍ਹਾ ਖ਼ਾਲੀ ਹੈ, ਇਸ ਨੂੰ ਪੁਰ ਕਰਨ ਲਈ ਜਦੋਂ ਸੋਨੀਆ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਵਿਚਾਰ ਕਰਨਗੇ ਤਾਂ ਇਸ ਬਾਰੇ ਕੋਈ ਫੈਸਲਾ ਲਿਆ ਜਾਵੇਗਾ ਪਰ ਹਾਲ ਦੀ ਘੜੀ ਇਸ ਬਾਰੇ ਵੀ ਕੋਈ ਚਰਚਾ ਨਹੀਂ ਹੋਈ।

Gurminder Singh

This news is Content Editor Gurminder Singh