ਨਵਜੋਤ ਸਿੱਧੂ ਦੇ ਸੀ. ਐੱਮ. ਬਣਨ ਦੀਆਂ ਸੰਭਾਵਨਾਵਾਂ 'ਤੇ ਫਿਰ ਸਕਦਾ ਹੈ ਪਾਣੀ

11/20/2017 12:13:44 PM

ਅੰਮ੍ਰਿਤਸਰ (ਮਹਿੰਦਰ) — ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਕਿਹਾ ਜਾ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸਤ ਦੀ ਆਖਿਰੀ ਪਾਰੀ ਖੇਡਣ ਜਾ ਰਹੇ ਹਨ, ਜਿਸ ਤਹਿਤ ਉਨ੍ਹਾਂ ਨੂੰ ਰਾਸ਼ਟਰੀ ਕਾਂਗਰਸ ਨੇ ਮੁੱਖ ਮੰਤਰੀ ਉਮੀਦਵਾਰ ਪਹਿਲਾਂ ਤੋਂ ਹੀ ਘੋਸ਼ਿਤ ਕਰ ਦਿੱਤਾ ਸੀ। ਹਾਲਾਂਕਿ ਉਨੀਂ ਦਿਨੀਂ ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਸਾਬਕਾ ਸਟਾਰ ਪ੍ਰਚਾਰਕ ਰਹੇ ਨਵਜੋਤ ਸਿੱਧੂ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵੀ ਲਗਦੀਆਂ ਰਹੀਆਂ ਸਨ। ਅਜਿਹੀਆਂ ਅਟਕਲਾਂ ਵੀ ਲਗਦੀਆਂ ਰਹੀਆਂ ਕਿ ਸਮਾਂ ਆਉਣ 'ਤੇ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਪਰ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਹਿੱਤ ਦੇ ਲਈ ਦੂਜੀ ਪਾਰੀ ਵੀ ਖੇਡਣ ਸੰਬੰਧੀ ਬਿਆਨਬਾਜੀ ਸ਼ੁਰੂ ਹੋ ਗਈ ਹੈ, ਉਸ ਨੂੰ ਦੇਖ ਆਉਣ ਵਾਲੇ ਸਮੇਂ 'ਚ ਸੂਬੇ ਦੀ ਕਾਂਗਰਸ 'ਚ ਕੁਝ ਹਲਚਲ ਵੀ ਹੋ ਸਕਦੀ ਹੈ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ ਖੇਡਣ ਸੰਬੰਧੀ ਬਿਆਨਬਾਜੀ ਸੂਬਾ ਕਾਂਗਰਸ 'ਤੇ ਕੀਤੇ ਨਾ ਕੀਤੇ ਭਾਰੀ ਪੈ ਸਕਦੀ ਹੈ।
ਸਿੱਧੂ ਦੀਆਂ ਗਤੀਵਿਧੀਆਂ 'ਤੇ ਚੋਟ ਕਰਨ ਦੀ ਹੋ ਰਹੀ ਹੈ ਸਾਜਿਸ਼
ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਰਚਾ ਰਹੀ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਦੀ ਸ਼ਰਤ 'ਤੇ ਹੀ ਸਿੱਧੂ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ ਪਰ ਕਾਂਗਰਸ ਹਾਈਕਮਾਨ ਇਹ ਫੈਸਲਾ ਲੈਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ। ਹਾਈਕਮਾਨ ਇਸ ਫੈਸਲੇ ਨੂੰ ਕੀਤੇ ਨਾ ਕੀਤੇ ਜੋਖਿਮ ਭਰਿਆ ਮੰਨ ਰਿਹਾ ਸੀ ਕਿਉਂਕਿ ਅਜਿਹੇ ਫੈਸਲੇ ਤੋਂ ਸੂਬੇ ਕਾਂਗਰਸ ਦੇ ਟੁੱਟਣ ਦਾ ਅੰਦੇਸ਼ਾ ਹੋ ਰਿਹਾ ਸੀ। ਇਹ ਹੀ ਕਾਰਨ ਸੀ ਕਿ ਸਿੱਧੂ ਨੂੰ ਫਿਲਹਾਲ ਮੁੱਖ ਮੰਤਰੀ ਤੋਂ ਬਾਅਦ ਸਥਾਨਕ ਸਰਕਾਰ ਮੰਤਰੀ ਦਾ ਮੰਤਰਾਲਾ ਸੌਂਪ ਕੇ ਇਕ ਤਰ੍ਹਾਂ ਨਾਲ ਵੱਡੀ ਸਿਆਸਤੀ ਸ਼ਕਤੀ ਦਿੰਦੇ ਹੋਏ ਮਨਾ ਲਿਆ ਗਿਆ ਸੀ। ਇਸ ਤੋਂ ਸਿੱਧੂ ਨੇ ਸ਼ੁਰੂ-ਸ਼ੁਰੂ 'ਚ ਆਪਣੀ ਸਿਆਸਤੀ ਸਰਗਰਮੀ ਇਸ ਕਦਰ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਪੁਰਾਣੇ ਆਗੂ ਤੇ ਕਈ ਵਾਰ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਕਾਂਗਰਸ ਪਾਰਟੀ ਦੇ ਵਿਧਾਇਕ ਸਿੱਧੂ ਦੇ ਅੱਗੇ ਖੁਦ ਨੂੰ ਕੀਤੇ ਨਾ ਕੀਤੇ ਕਮਜ਼ੋਰ ਮਹਿਸੂਸ ਕਰ ਰਹੇ ਹਨ, ਜੋ ਸਿੱਧੂ ਨੂੰ ਹੋਰ ਮਜ਼ਬੂਤ ਹੁੰਦੇ ਨਹੀਂ ਦੇਖਣਾ ਚਾਹੁੰਦੇ। ਇਹ ਹੀ ਕਾਰਨ ਹੈ ਕਿ ਉਪਰੋਂ ਹੇਠਾਂ ਤਕ ਕਾਂਗਰਸ ਪਾਰਟੀ ਦੇ ਕਈ ਬਾਕੀ ਆਗੂ ਅੰਦਰਖਾਤੇ ਸਿੱਧੂ ਦੀ ਸਰਗਰਮੀ ਨੂੰ ਕਮਜ਼ੋਰ ਕਰਨ ਲਈ ਅਜਿਹੀਆਂ ਸਾਜਿਸ਼ਾਂ ਰਚ ਰਹੇ ਹਨ, ਜਿਸ ਨਾਲ ਅਜਿਹਾ ਲੱਗੇ ਕਿ ਸਿੱਧੂ ਦੇ ਮੁੱਖ ਮੰਤਰੀ ਬਨਣ ਨਾਲ ਕਾਂਗਰਸ ਬਿਖਰ ਸਕਦੀ ਹੈ।
ਨਿਗਮ ਦੀ ਵਿਵਾਦਿਤ ਨਵੀਂ ਵਾਰਡਬੰਦੀ ਨਾਲ ਕਾਂਗਰਸੀ ਵੀ ਦਿਖ ਰਹੇ ਨਾਖੁਸ਼ 
ਪੰਜਾਬ 'ਚ ਹੋਣ ਜਾ ਰਹੇ ਨਿਗਮ ਚੋਣਾਂ ਨੂੰ ਲੈ ਕੇ ਨਿਗਮ ਦੀ ਨਵੀਂ ਵਾਰਡਬੰਦੀ ਨੂੰ ਲੈ ਕੇ ਜਿਥੇ ਵਿਰੋਧੀ ਪਾਰਟੀਆਂ ਕਈ ਤਰ੍ਹਾਂ ਦੇ ਇਤਰਾਜ ਵਿਅਕਤ ਕਰਦੇ ਹੋਏ ਇਸ ਦਾ ਸਖਤ ਵਿਰੋਧ ਕਰ ਰਹੀਆਂ ਹਨ, ਉਥੇ ਹੀ ਕਾਂਗਰਸ ਪਾਰਟੀ ਦੇ ਆਗੂ ਤੇ ਪਾਰਟੀ ਵਰਕਰ ਵੀ ਅੰਦਰਖਾਤੇ ਨਾਖੁਸ਼ ਦਿਖਾਈ ਦੇ ਰਹੇ ਹਨ ਪਰ ਹਾਲਤ ਇਹ ਹੈ ਕਿ ਉਹ ਖੁੱਲ੍ਹ ਕੇ ਬੋਲ ਨਹੀਂ ਪਾ ਰਹੇ ਹਨ। ਕਈਆਂ ਨੂੰ ਤਾਂ ਇਹ ਵੀ ਡਰ ਸਤਾ ਰਿਹਾ ਹੈ ਕਿ ਸਿੱਧੂ ਆਪਣੇ ਉਨ੍ਹਾਂ ਚਹੇਤਿਆਂ ਨੂੰ ਚੋਣ ਟਿਕਟ ਜਾਰੀ ਕਰਵਾ ਸਕਦੇ ਹਨ, ਜਿਨ੍ਹਾਂ ਨੂੰ ਉਹ ਭਾਜਪਾ ਤੋਂ ਆਪਣੇ ਨਾਲ ਲਿਆਏ ਹੋਏ ਹਨ। ਇਹ ਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਵਰਕਰ ਮੌਜੂਦਾ ਸਥਿਤੀ 'ਚ ਸਿੱਧੂ ਤੋਂ ਦੂਰ ਹੁੰਦੇ ਜਾ ਰਹੇ ਹਨ।
ਸਿੱਧੂ ਦੇ ਮੁੱਖ ਮੰਤਰੀ ਬਣਨ ਦਾ ਟੁੱਟ ਸਕਦਾ ਹੈ ਸੁਪਨਾ
ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਚਰਚਾ ਜ਼ੋਰਾਂ 'ਤੇ ਰਹੀ ਸੀ ਕਿ ਕੈਪਟਨ ਤੋਂ ਬਾਅਦ ਸਿੱਧੂ ਨੂੰ ਕਿਸੇ ਵੀ ਸਮੇਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਕਾਂਗਰਸ 'ਚ ਸ਼ਾਮਲ ਕਰਦੇ ਸਮੇਂ ਉਨ੍ਹਾਂ ਨੂੰ ਰਾਹੁਲ ਗਾਂਧੀ ਵਲੋਂ ਕੁਝ ਅਜਿਹਾ ਹੀ ਲੁਭਾਵਣਾ ਵਾਅਦਾ ਕੀਤਾ ਗਿਆ ਸੀ ਪਰ ਸਮਾਂ ਲੰਘਣ ਤੋਂ ਬਾਅਦ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸਤ ਦੀ ਦੂਜੀ ਪਾਰੀ ਖੇਡਣ ਦੀ ਬਿਆਨਬਾਜੀ ਸ਼ੁਰੂ ਹੋਈ ਹੈ, ਉਸ ਨੂੰ ਦੇਖ ਕੇ ਤਾਂ ਇਹ ਹੀ ਲਗਦਾ ਹੈ ਕਿ ਸਿੱਧੂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕੀਤੇ ਨਾ ਕੀਤੇ ਟੁੱਟ ਵੀ ਸਕਦਾ ਹੈ।