ਸਿੱਧੂ ਨੇ ਖੋਲ੍ਹੀ ਬਾਦਲ ਪਰਿਵਾਰ ਦੀ ਪੋਲ, ਹਵਾਈ ਝੂਟਿਆਂ 'ਤੇ ਉਡਾਏ 121 ਕਰੋੜ (ਵੀਡੀਓ)

07/15/2018 7:57:55 PM

ਚੰਡੀਗੜ੍ਹ (ਮਨਮੋਹਨ,ਰਮਨਜੀਤ)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬਾਦਲ ਪਰਿਵਾਰ ਬਾਰੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ 'ਚ ਬਾਦਲ ਪਰਿਵਾਰ ਨੇ ਸਰਕਾਰੀ ਖਜ਼ਾਨੇ 'ਚੋਂ ਕਰੀਬ ਅਰਬਾਂ ਰੁਪਏ ਆਪਣੇ ਹਵਾਈ ਝੂਟਿਆਂ 'ਤੇ ਉਡਾਏ ਹਨ। ਪੰਜਾਬ ਦੀ ਸਿਆਸਤ 'ਚ ਬਾਦਲ ਪਰਿਵਾਰ ਨੂੰ ਸਭ ਤੋਂ ਅਮੀਰ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ 10 ਸਾਲਾ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਆਪਣੀਆਂ ਯਾਤਰਾਵਾਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਅਤੇ ਚਾਰਟਡ 'ਤੇ ਸਰਕਾਰੀ ਖਜ਼ਾਨੇ 'ਚੋਂ 121 ਕਰੋੜ ਰੁਪਏ ਖਰਚ ਕੀਤੇ ਹਨ। 
ਸਿੱਧੂ ਨੇ ਕਿਹਾ ਕਿ ਆਰਥਿਕ ਦੁਸ਼ਵਾਰੀਆਂ ਝੱਲ ਰਹੇ ਅਤੇ ਕਰਜ਼ੇ ਹੇਠ ਦੱਬੇ ਪੰਜਾਬ ਦੇ ਖਜ਼ਾਨੇ ਦੀ ਇੰਨੀ ਬੁਰੀ ਤਰ੍ਹਾਂ ਲੁੱਟ ਕੀਤੀ ਗਈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰੀ ਖਰਚੇ 'ਤੇ ਹੈਲੀਕਾਪਟਰ ਵਿਚ ਘੁੰਮਦੇ ਹੋਏ ਵੀ 500 ਰੁਪਏ ਦਾ ਦੈਨਿਕ ਸਫਰ ਭੱਤਾ ਵੀ ਲਗਾਤਾਰ ਹਾਸਲ ਕਰਦੇ ਰਹੇ। ਸਿੱਧੂ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਦੀ ਲੁੱਟ ਲਈ ਨਿਯਮਾਂ ਨੂੰ ਕਿੰਝਤਾਕ 'ਤੇ ਰੱਖਿਆ ਗਿਆ, ਇਸ ਦੀ ਉਦਾਹਰਣ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਪਤਨੀ ਸੁਰਿੰਦਰ ਕੌਰ ਬਾਦਲ ਦੇ ਦੋ ਵਾਰ ਅਮਰੀਕਾ ਵਿਚ ਇਲਾਜ ਕਰਵਾਉਣ ਜਾਣ ਦਾ ਤਕਰੀਬਨ 8 ਲੱਖ ਰੁਪਏ ਦਾ ਖਰਚਾ ਬਿਨਾਂ ਟਰੈਵਲਿੰਗ ਟਿਕਟਾਂ ਜਾਂ ਬੋਰਡਿੰਗ ਪਾਸ ਦੇ ਹੀ ਜਾਰੀ ਕਰ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਧਨਾਡ ਰਾਜਨੀਤਕ ਪਰਿਵਾਰਾਂ 'ਚੋਂ ਮੰਨਿਆ ਜਾਂਦਾ ਹੈ ਪਰ ਜਿਸ ਤਰੀਕੇ ਨਾਲ ਉਕਤ ਪਰਿਵਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਗਈ ਹੈ, ਉਸ ਤੋਂ ਇਸ ਪਰਿਵਾਰ ਦੀ ਨੈਤਿਕਤਾ ਦਾ ਪਤਾ ਚੱਲਦਾ ਹੈ। ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੁਲਾਸਿਆਂ ਸਬੰਧੀ ਆਉਣ ਵਾਲੇ ਦਿਨਾਂ ਵਿਚ ਉਹ ਪੰਜ ਪ੍ਰੈੱਸ ਕਾਨਫਰੰਸਾਂ ਕਰਨਗੇ ਅਤੇ ਬਾਦਲ ਪਰਿਵਾਰ ਦੀ ਲੁੱਟ ਨੂੰ ਜਗ-ਜ਼ਾਹਰ ਕਰਨਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਮਿੱਤਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਪੁੱਤਰ ਦਲਜੀਤ ਸਿੰਘ ਗਿਲਜੀਆਂ ਵੱਲੋਂ ਆਰ. ਟੀ. ਆਈ. ਐਕਟ ਦੇ ਤਹਿਤ ਉਕਤ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਪ੍ਰਾਈਵੇਟ ਅਤੇ ਚਾਰਟਡ ਉਡਾਣਾਂ 'ਤੇ ਬੇਤਹਾਸ਼ਾ ਖਰਚਾ ਕੀਤਾ ਗਿਆ। 
ਸਿੱਧੂ ਨੇ ਕਿਹਾ ਕਿ ਚਾਰਟਰਡ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦਾ ਜ਼ਿਆਦਾਤਰ ਇਸਤੇਮਾਲ ਬਾਦਲ ਪਰਿਵਾਰ, ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ, ਵੱਲੋਂ ਹੀ ਕੀਤਾ ਗਿਆ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਤੱਕ ਕਿਸੇ ਵੀ ਮੰਤਰੀ ਲਈ ਇਕ ਵਾਰ ਵੀ ਚਾਰਟਡ ਜਾਂ ਪ੍ਰਾਈਵੇਟ ਹੈਲੀਕਾਪਟਰ ਕਿਰਾਏ 'ਤੇ ਨਹੀਂ ਲਿਆ ਗਿਆ ਹੈ। ਸਿਰਫ ਦੋ ਵਾਰ ਰਾਜਪਾਲ ਦੀ ਯਾਤਰਾ ਲਈ ਅਤੇ ਡੇਰਾ ਸਿਰਸਾ ਨੂੰ ਸਜ਼ਾ ਸੁਣਾਏ ਜਾਣ ਸਮੇਂ ਡੀ. ਜੀ. ਪੀ. ਅਤੇ ਚੀਫ ਸੈਕਟਰੀ ਦੇ ਦੌਰੇ ਲਈ ਇਹ ਸੇਵਾ ਲਈ ਗਈ, ਜਿਸ 'ਤੇ ਸਿਰਫ 37.85 ਲੱਖ ਰੁਪਏ ਦਾ ਖਰਚ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹੈਲੀਕਾਪਟਰ ਦੇ ਪੈਟਰੋਲ ਖਰਚ 'ਤੇ ਵੀ ਨੌਂ ਮਹੀਨਿਆਂ ਦੌਰਾਨ 22 ਲੱਖ ਰੁਪਏ ਖਰਚੇ ਗਏ ਹਨ। ਸਾਡੀ ਸਰਕਾਰ 'ਚ ਕੋਈ ਵੀ ਵੀ. ਆਈ. ਪੀ. ਕਲਚਰ ਨਹੀਂ ਹੈ। ਇਸ ਦੇ ਨਾਲ ਹੀ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਸ ਬਾਰੇ ਜਾਂਚ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸਰਕਾਰੀ ਖਜ਼ਾਨੇ ਤੋਂ ਪੈਸੇ ਵਸੂਲਣ ਲਈ ਨਿਯਮਾਂ ਨੂੰ ਕਿਸ ਤਰ੍ਹਾਂ ਛਿੱਕੇ ਟੰਗਿਆ ਜਾਂਦਾ ਰਿਹਾ, ਇਸ ਦੀ ਸਭ ਤੋਂ ਵੱਡੀ ਉਦਾਹਰਨ ਸਾਬਕਾ ਸੀ. ਐੱਮ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਪਤਨੀ ਸੁਰਿੰਦਰ ਕੌਰ ਬਾਦਲ ਦੇ ਇਲਾਜ ਲਈ 24 ਮਾਰਚ 2010 ਅਤੇ 5 ਨਵੰਬਰ 2010 ਨੂੰ ਕੀਤੀ ਗਈ ਅਮਰੀਕਾ ਯਾਤਰਾ ਦਾ 7,97,354 ਰੁਪਏ ਦਾ ਬਿੱਲ ਪਾਸ ਹੋਣਾ ਹੈ। ਸਿੱਧੂ ਨੇ ਕਿਹਾ ਕਿ ਵਿਭਾਗ ਦੇ ਤਤਕਾਲੀ ਅਧਿਕਾਰੀਆਂ ਵੱਲੋਂ ਇਸ ਬਿੱਲ ਸਬੰਧੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਵੀ ਗਿਆ ਕਿ ਸਫਰ ਭੱਤਾ ਦੇਣ ਲਈ ਟਿਕਟ ਜਾਂ ਬੋਰਡਿੰਗ ਪਾਸ ਹੋਣਾ ਚਾਹੀਦਾ ਹੈ ਪਰ ਤਤਕਾਲੀ ਮੁੱਖ ਮੰਤਰੀ ਦੇ ਦਫਤਰ ਵੱਲੋਂ ਕਿਹਾ ਗਿਆ ਕਿ ਟਿਕਟ ਅਤੇ ਬੋਰਡਿੰਗ ਪਾਸ ਟਰੇਸ ਨਹੀਂ ਹੋ ਸਕੇ ਹਨ, ਇਸ ਲਈ ਇਲੈਕਟ੍ਰਾਨਿਕ ਟਿਕਟਾਂ ਦੇ ਆਧਾਰ 'ਤੇ ਹੀ ਬਿੱਲ ਪਾਸ ਕਰ ਦਿੱਤਾ ਜਾਵੇ।