ਪਾਕਿ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਚਲਦੇ ਸਿੱਧੂ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ

08/20/2018 2:38:46 PM

ਜਲੰਧਰ\ਬਿਹਾਰ : ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਦੇ ਚੱਲਦੇ ਨਵਜੋਤ ਸਿੱਧੂ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਬਿਹਾਰ ਦੇ ਮੁਜ਼ੱਫਰਨਗਰ ਵਿਚ ਦਰਜ ਕੀਤਾ ਗਿਆ ਹੈ। ਹਾਲਾਂਕਿ ਸਿੱਧੂ ਨੇ ਪਾਕਿ ਫੌਜ ਮੁਖੀ ਨਾਲ ਪਾਈ ਜੱਫੀ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਸੀ ਉਹ ਬਾਜਵਾ ਨਾਲ ਗਲੇ ਇਸ ਲਈ ਮਿਲੇ ਸਨ ਕਿਉਂਕਿ ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕੀਤੇ ਜਾਣ ਬਾਰੇ ਦੱਸਿਆ ਸੀ। ਸਿੱਧੂ ਨੇ ਕਿਹਾ ਸੀ ਕਿ ਪਾਕਿਸਤਾਨ ਫ਼ੌਜ ਮੁਖੀ ਬਾਜਵਾ ਨੇ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਚੱਲ ਰਹੇ ਵਿਚਾਰਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ, ਜਿਸ ਕਾਰਨ ਉਨ੍ਹਾਂ ਬਾਜਵਾ ਨਾਲ ਜੱਫੀ ਪਾਈ ਸੀ ਪਰ ਬਾਵਜੂਦ ਇਸ ਦੇ ਸਿੱਧੂ ਦਾ ਚੁਫੇਰਿਓਂ ਵਿਰੋਧ ਹੋ ਰਿਹਾ ਹੈ। 

ਕੈਪਟਨ ਨੇ ਵੀ ਜਤਾਇਆ ਸੀ ਇਤਰਾਜ਼
ਆਪਣੀ ਵਜ਼ਾਰਤ ਦੇ ਮੰਤਰੀ ਵਲੋਂ ਪਾਕਿ ਫੌਜ ਮੁਖੀ ਨੂੰ ਗਲਵੱਕੜੀ 'ਚ ਲੈਣ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਰੋਧ ਕੀਤਾ ਸੀ। ਕੈਪਟਨ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਸਾਡੇ ਫੌਜੀਆਂ ਦੇ ਕਾਤਲਾਂ ਨਾਲ ਜੱਫੀ ਪਾਉਣਾ ਗਲਤ ਹੈ। ਉਨ੍ਹਾਂ ਕਿਹਾ ਸੀ ਕਿ ਪਾਕਿ ਫੌਜ ਮੁਖੀ ਦੇ ਇਸ਼ਾਰੇ 'ਤੇ ਹੀ ਸਾਡੇ ਫੌਜੀ ਸ਼ਹੀਦ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਸੀ ਕਿ ਜਿੱਥੇ ਤੱਕ ਸਵਾਲ ਸਿੱਧੂ ਦੇ ਪਾਕਿਸਤਾਨ ਜਾਣ ਦਾ ਹੈ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ, ਇਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਜਿਸ ਤਰ੍ਹਾਂ ਸਾਡੇ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਹਨ, ਅਜਿਹੇ 'ਚ ਪਾਕਿਸਤਾਨੀ ਜਨਰਲ ਨੂੰ ਗਲੇ ਲਗਾਉਣਾ ਠੀਕ ਨਹੀਂ ਹੈ।