ਨਵਜੋਤ ਸਿੱਧੂ ਮਾਈਨਿੰਗ ਸਬੰਧੀ ਰਿਪੋਰਟ ਕੈਪਟਨ ਨੂੰ ਸੌਂਪਣਗੇ

04/25/2018 3:59:23 PM

ਚੰਡੀਗੜ੍ਹ (ਮੀਤ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਉਹ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਸੁਖ ਸਰਕਾਰੀਆਂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਈਨਿੰਗ ਸਬੰਧੀ ਰਿਪੋਰਟ ਸ਼ਨੀਵਾਰ ਨੂੰ ਸੌਂਪਣਗੇ। ਸਿੱਧੂ ਨੇ ਕਿਹਾ ਕਿ ਇਸ ਸਬੰਧੀ ਸ਼ੁੱਕਰਵਾਰ ਨੂੰ ਮਾਈਨਿੰਗ ਸਬ ਕਮੇਟੀ ਦੀ ਬੈਠਕ ਬੁਲਾਈ ਗਈ ਹੈ। ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਅਧੀਨ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਇਹ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਸਟਾਰ ਰੇਟਿੰਗ ਲਿਆਉਣੀ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟ ਦੇ ਕਾਰਨ ਮਟੀਰੀਅਲ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਈ-ਗਵਰਨੈਂਸ ਨੂੰ ਲੈ ਕੇ ਵੀ ਕੰਮ ਕਰ ਰਹੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਕੋਲ ਸਰੋਤਾਂ ਦੀ ਕੋਈ ਕਮੀ ਨਹੀਂ ਹੈ ਪਰ ਉਨ੍ਹਾਂ 'ਤੇ ਅਧਿਕਾਰੀਆਂ ਦੀ ਨਕੇਲ ਕੱਸਣ ਦੀ ਲੋੜ ਹੈ। ਫਗਵਾੜਾ ਦੇ ਗੋਲ ਚੌਂਕ ਦਾ ਨਾਂ 'ਸੰਵਿਧਾਨ ਚੌਂਕ' ਰੱਖਣ ਦੀ ਪ੍ਰਵਾਨਗੀ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਪੰਜਾਬ ਦੀ ਅਮਨ-ਸ਼ਾਂਤੀ ਲਈ ਕੰਮ ਕਰਦੇ ਆਏ ਹਨ, ਇਸ ਲਈ ਉਨ੍ਹਾਂ ਨੇ ਸੋਚ-ਸਮਝ ਕੇ ਹੀ ਇਹ ਫੈਸਲਾ ਲਿਆ ਹੈ। ਕਰਨਾਟਕ ਦੀਆਂ ਚੋਣਾਂ 'ਚ ਸਟਾਰ ਪ੍ਰਚਾਰਕ ਦੀ ਸੂਚੀ 'ਚੋਂ ਨਾਂ ਹਟਾਏ ਜਾਣ 'ਤੇ ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਹਾਈਕਮਾਨ ਜੋ ਫੈਸਲਾ ਕਰੇਗੀ, ਉਹ ਉਸ ਨੂੰ ਜ਼ਰੂਰ ਮੰਨਣਗੇ।