ਬੇਅਦਬੀ ਮੁੱਦੇ 'ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ, 'ਬੇਅਦਬੀ ਕਰਨ ਵਾਲੇ ਨੂੰ ਲੋਕਾਂ ਦੇ ਸਾਹਮਣੇ ਫ਼ਾਹਾ ਲਾ ਦੇਣਾ ਚਾਹੀਦੈ

12/20/2021 9:37:28 AM

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੂਬੇ 'ਚ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਅੱਜ ਵੀ ਸਾਜ਼ਿਸ਼ਾਂ ਚੱਲ ਰਹੀਆਂ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਿਤੇ ਵੀ ਬੇਅਦਬੀ ਦੀ ਘਟਨਾ ਭਾਵੇਂ ਕੁਰਾਨ ਸ਼ਰੀਫ਼ ਹੋਵੇ, ਭਗਵਤ ਗੀਤਾ ਹੋਵੇ ਜਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇ, ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਫ਼ਾਹਾ ਲਾ ਦੇਣਾ ਚਾਹੀਦਾ ਹੈ ਅਤੇ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : 'ਕੈਪਟਨ' ਨੇ ਪੰਜਾਬ ਦੀ ਸੁਰੱਖਿਆ ਬਾਰੇ 'ਚੰਨੀ-ਸਿੱਧੂ' ਨੂੰ ਘੇਰਿਆ, ਟਵੀਟ ਕਰਕੇ ਕਹੀ ਵੱਡੀ ਗੱਲ

ਨਵਜੋਤ ਸਿੱਧੂ ਨੇ ਕਿਹਾ ਕਿ ਇਹ ਸਾਡੇ ਜਜ਼ਬਾਤਾਂ ਅਤੇ ਭਾਵਨਾਵਾਂ 'ਤੇ ਠੇਸ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਕੋਈ ਗਲਤੀ ਨਹੀਂ, ਸਗੋਂ ਕੌਮ ਨੂੰ ਦਬਾਉਣ ਦੀ ਸਾਜ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਅਖੰਡ ਹੈ ਅਤੇ ਪਰਿਵਾਰਕ ਏਕਤਾ ਸਿਰਜਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ, ਸਿੱਖ, ਈਸਾਈ ਇੱਕੋ ਧਾਗੇ 'ਚ ਸਾਰੇ ਮਣਕੇ ਪਰੋਏ ਜਾਣੇ ਚਾਹੀਦੇ ਹਨ ਤਾਂ ਜੋ ਇਸ ਗੁਲਦਸਤੇ ਦੀ ਖ਼ੁਸ਼ਬੂ ਸਾਰੀ ਦੁਨੀਆ 'ਚ ਫੈਲੇ।

ਇਹ ਵੀ ਪੜ੍ਹੋ : ਲੁਧਿਆਣਾ ਪੁੱਜੇ 'ਬਲਬੀਰ ਸਿੰਘ ਰਾਜੇਵਾਲ' ਨੇ ਚੋਣਾਂ ਨੂੰ ਲੈ ਕੇ ਦਿੱਤਾ ਇਹ ਬਿਆਨ

ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਸਾਡੀ ਏਕਤਾ ਅਤੇ ਪੰਜਾਬੀਅਤ ਨੂੰ ਭੰਗ ਕਰੇਗਾ, ਗੁਰੂਆਂ-ਪੀਰਾਂ ਦੀ ਵਿਚਾਰਧਾਰਾ ਨੂੰ ਭੰਗ ਕਰੇਗਾ ਤਾਂ ਮੂੰਹ ਦੀ ਖਾਵੇਗਾ ਕਿਉਂਕਿ ਪੰਜਾਬ ਇੱਕਲਾ ਉਹਦੇ ਅੱਗੇ ਚੱਟਾਨ ਵਾਂਗ ਡੱਟ ਕੇ ਖੜ੍ਹਾ ਰਹੇਗਾ ਅਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਪੰਜਾਬੀਅਤ ਨਾਲ ਟਕਰਾਵੇਗਾ, ਉਹ ਚੂਰ-ਚੂਰ ਹੋ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ ’ਚ ਵਾਰਦਾਤ : ਪੇਪਰ ਦੇ ਕੇ ਸਕੂਲ ਤੋਂ ਬਾਹਰ ਨਿਕਲੇ ਨੌਜਵਾਨ ’ਤੇ ਕਾਤਲਾਨਾ ਹਮਲਾ (ਤਸਵੀਰਾਂ)


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

Babita

This news is Content Editor Babita