ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਹੁਣ ਟਵੀਟ ਵਿਚ ਸੁਖਜਿੰਦਰ ਰੰਧਾਵਾ ਦਾ ਨਾਂ ਵੀ ਕੀਤਾ ਸ਼ਾਮਲ

05/15/2021 7:02:22 PM

ਚੰਡੀਗੜ੍ਹ : ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ’ਤੇ ਕਦੇ ਕੈਪਟਨ ਅਮਰਿੰਦਰ ਸਿੰਘ ਅਤੇ ਕਦੇ ਬਾਦਲਾਂ ਖ਼ਿਲਾਫ਼ ਲਗਾਤਾਰ ਹਮਲੇ ਬੋਲਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਬਾਦਲ ਪਰਿਵਾਰ ’ਤੇ ਵੱਡਾ ਹਮਲਾ ਬੋਲਿਆ ਹੈ। ਨਵਜੋਤ ਸਿੱਧੂ ਵਲੋਂ ਕੀਤੀ ਮੰਗ ਭਾਵੇਂ ਪੁਰਾਣੀ ਹੈ ਪਰ ਇਸ ਵਾਰ ਕੀਤਾ ਗਿਆ ਟਵੀਟ ਇਸ ਲਈ ਵੀ ਵਧੇਰੇ ਧਿਆਨ ਖਿੱਚਦਾ ਹੈ ਕਿਉਂਕਿ ਇਸ ਟਵੀਟ ਵਿਚ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਦਾ ਜ਼ਿਕਰ ਵੀ ਕੀਤਾ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਇਸ ਟਵੀਟ ਨਾਲ ਜਿਹੜੀ ਵੀਡੀਓ ਸਾਂਝੀ ਕੀਤੀ ਹੈ, ਉਸ ਵੀਡੀਓ ਵਿਚ ਵੀ ਸੁੱਖੀ ਰੰਧਾਵਾ ਸਿੱਧੂ ਦੇ ਨਾਲ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਪਰਤੇ ਨੌਜਵਾਨ ਦੀ ਵਿਆਹ ਤੋਂ 17 ਦਿਨ ਬਾਅਦ ਕੋਰੋਨਾ ਕਾਰਣ ਮੌਤ, ਰੋ-ਰੋ ਹਾਲੋ ਬੇਹਾਲ ਹੋਈ ਮਾਂ

ਸੋਸ਼ਲ ਮੀਡੀਆ ਰਾਹੀਂ ਸਿੱਧੂ ਨੇ ਇਕ ਵਾਰ ਬੇਅਦਬੀ ਅਤੇ ਗੋਲੀ ਕਾਂਡ ਲਈ ਸਿੱਧੇ ਤੌਰ ’ਤੇ ਬਾਦਲਾਂ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਹੈ ਕਿ ਗੋਲ਼ੀ ਕਾਂਡ ਦੀ ਜਾਂਚ ਲਈ ਕਿਸੇ ਵੀ ਐੱਸ. ਆਈ. ਟੀ. ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਸੂਬੇ ਵਿਚ ਰੋਜ਼ਾਨਾ ਹਜ਼ਾਰਾਂ ਕੇਸ ਸੁਲਝਾਅ ਰਹੀ ਹੈ, ਉਨ੍ਹਾਂ ਵਿਚ ਕਿਸੇ ਐੱਸ.ਆਈ. ਟੀ. ਜਾਂ ਕਮਿਸ਼ਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਦੋਵਾਂ ਮਾਮਲਿਆਂ (ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ) ਵਿਚ ਬਾਦਲਾਂ ਦੀ ਭੂਮਿਕਾ ਦੇ ਵੇਰਵੇ ਦੇ ਚੁੱਕਾ ਹਾਂ। ਸਿੱਧੂ ਨੇ ਕਿਹਾ ਕਿ ਸਾਲ 2018-19 ਵਿਚ ਵੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੈਂ ਇਨਸਾਫ਼ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਖ਼ਤਰਨਾਕ ਰੂਪ ਧਾਰ ਚੁੱਕੀ ਕੋਰੋਨਾ ਮਹਾਮਾਰੀ ’ਤੇ ਪੀ. ਜੀ. ਆਈ. ਦੇ ਡਾਇਰੈਕਟਰ ਦਾ ਵੱਡਾ ਬਿਆਨ

ਵੀਡੀਓ ਵਿਚ ਸਿੱਧੂ ਆਖ ਰਹੇ ਹਨ ਕਿ ਜਿਸ ਵਿਅਕਤੀ ਨੂੰ ਅਕਾਲ ਤਖ਼ਤ ਸਾਹਿਬ ਨੇ ਤਨਖਾਹੀਆ ਕਰਾਰ ਦਿੱਤਾ ਹੋਵੇ, ਉਸ ਨੂੰ ਇਨ੍ਹਾਂ ਨੇ ਮੁਆਫ਼ੀ ਕਿਵੇਂ ਦਿਵਾ ਦਿੱਤੀ? ਬਾਦਲ ਜਵਾਬ ਦੇਣ ਕਿ ਕਿਸ ਹੱਕ ਨਾਲ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਕੋਠੀ ’ਚ ਬੁਲਾਇਆ ਸੀ। ਸਿੱਧੂ ਨੇ ਸਵਾਲ ਕੀਤਾ ਕਿ ਬਾਦਲ ਦੱਸਣ ਕਿ ਹਿੰਦੀ ਵਿਚ ਭੇਜੀ ਗਈ ਚਿੱਠੀ ਪੰਜਾਬੀ ਵਿਚ ਕਿਵੇਂ ਬਦਲ ਗਈ? ਐੱਮ. ਐੱਸ. ਜੀ. ਫ਼ਿਲਮ ਪੰਜਾਬ ਵਿਚ ਕਿਸ ਤਰ੍ਹਾਂ ਰਿਲੀਜ਼ ਹੋ ਗਈ? ਸਿੱਧੂ ਨੇ ਕਿਹਾ ਕਿ ਇਹ ਸਿਆਸਤ ਨਹੀਂ ਸਗੋਂ ਸੌਦਾਗਰ ਹਨ। ਉਨ੍ਹਾਂ ਕਿਹਾ ਕਿ ਜਿਸ ਨਾਲ ਪੰਥ ਨੇ ਰੋਟੀ-ਬੋਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਸੀ, ਉਸ ਨਾਲ ਇਨ੍ਹਾਂ ਨੇ ਨੋਟਾਂ ਅਤੇ ਵੋਟਾਂ ਦੀ ਸਾਂਝ ਰੱਖੀ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh