ਨਵਜੋਤ ਸਿੱਧੂ ਕਾਮੇਡੀ ਸਰਕਸ ਸ਼ੋਅ ਨਾਲ ਨਾਕਾਮੀਆਂ ਨਹੀਂ ਛੁਪਾ ਸਕਦੇ : ਮਜੀਠੀਆ

11/26/2017 11:27:54 PM

ਚੰਡੀਗੜ੍ਹ (ਬਿਊਰੋ)— ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਕਾਮੇਡੀ ਸਰਕਸ ਸ਼ੋਅ ਉਸ ਦੀਆਂ ਨਾਕਾਮੀਆਂ ਛੁਪਾਉਣ ਵਿਚ ਮਦਦਗਾਰ ਸਾਬਿਤ ਨਹੀਂ ਹੋਣਗੇ। ਪਾਰਟੀ ਨੇ ਇਹ ਵੀ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਪਿਛਲੇ 8 ਮਹੀਨਿਆਂ ਦੌਰਾਨ ਉਸ ਦੀ ਕਾਰਗੁਜ਼ਾਰੀ ਜ਼ੀਰੋ ਕਿਉਂ ਰਹੀ ਹੈ? ਇਹ ਪ੍ਰਗਟਾਵਾ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਰਦਿਆਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਜੀ. ਐੱਸ. ਟੀ. ਦੇ ਮੁੱਦੇ 'ਤੇ ਅੰਮ੍ਰਿਤਸਰ ਵਿਚ ਤਾਂ ਨਕਲੀ ਤਮਾਸ਼ਾ ਕਰਦਾ ਹੈ ਪਰ ਚੋਣਾਂ ਵਾਲੇ ਸੂਬੇ ਗੁਜਰਾਤ ਵਿਚ ਜਾ ਕੇ ਇਸੇ ਮੁੱਦੇ 'ਤੇ ਕਾਂਗਰਸ ਵਾਸਤੇ ਪ੍ਰਚਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ । 
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਵੀ ਚੋਣ ਪ੍ਰਚਾਰ ਕਰਨ ਤੋਂ ਟਾਲਾ ਵੱਟ ਲਿਆ ਸੀ ਅਤੇ ਹੁਣ ਉਹ ਆਪਣੀ ਪਾਰਟੀ ਲਈ ਗੁਜਰਾਤ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਜੁਆਬ ਦੇ ਰਿਹਾ ਹੈ । ਜਿਹੜਾ ਵਿਅਕਤੀ ਲੋਕਾਂ ਦਾ ਧਿਆਨ ਖਿੱਚਣ ਲਈ ਕੋਈ ਵੀ ਤਮਾਸ਼ਾ ਕਰਨ ਨੂੰ ਤਿਆਰ ਰਹਿੰਦਾ ਹੈ, ਉਸ ਦਾ ਮੌਜੂਦਾ ਵਿਵਹਾਰ ਵਾਕਈ ਹੈਰਾਨ ਕਰ ਰਿਹਾ ਹੈ ।
ਸਿੱਧੂ ਨੂੰ ਇਹ ਪੁੱਛਦਿਆਂ ਕਿ ਉਹ ਗੁਜਰਾਤ ਕਿਉਂ ਨਹੀਂ ਜਾ ਰਿਹਾ, ਅਕਾਲੀ ਆਗੂ ਨੇ ਕਿਹਾ ਕਿ ਕੀ ਜਿਸ ਮਾਮਲੇ ਵਿਚ ਤੁਹਾਨੂੰ ਇਕ ਬਜ਼ੁਰਗ ਆਦਮੀ ਦਾ ਕਤਲ ਕਰਨ ਦੇ ਦੋਸ਼ 'ਚ ਸਜ਼ਾ ਹੋ ਚੁੱਕੀ ਹੈ, ਉਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਦੀ ਤਰੀਕ ਹੋਣ ਕਰਕੇ ਤੁਹਾਡੇ ਪੈਰ ਇਕਦਮ ਠੰਡੇ ਪੈ ਗਏ ਹਨ? ਇਹੀ ਵਜ੍ਹਾ ਹੈ ਕਿ ਤੁਸੀਂ ਕੱਲ ਸਿਰਫ ਦਿਖਾਵੇ ਲਈ ਜੀ. ਐੱਸ. ਟੀ. 'ਤੇ ਪ੍ਰਦਰਸ਼ਨ ਦੀ ਰਸਮ ਨਿਭਾਈ ਹੈ ਅਤੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਤੁਸੀਂ ਇਸ ਮੁੱਦੇ 'ਤੇ ਪਾਰਟੀ ਦੀ ਲੜਾਈ ਗੁਜਰਾਤ ਵਿਚ ਲਿਜਾ ਕੇ ਕੋਈ ਠੋਸ ਕਦਮ ਚੁੱਕੋਗੇ । 
ਉਨ੍ਹਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਨੇ ਆਪਣੇ ਸਾਥੀ ਅਤੇ ਵਿੱਤ ਮੰਤਰੀ ਵਲੋਂ ਜੀ. ਐੱਸ. ਟੀ. ਪ੍ਰਬੰਧ ਦੀ ਕੀਤੀ ਤਾਰੀਫ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ । ਇਸ ਗੱਲ ਤੋਂ ਪ੍ਰਸ਼ਾਸਨ ਸਬੰਧੀ ਤੁਹਾਡੀ ਗੰਭੀਰਤਾ ਦਾ ਪਤਾ ਲਗਦਾ ਹੈ । ਇਹ ਟਿੱਪਣੀ ਕਰਦਿਆਂ ਕਿ ਕਾਮੇਡੀ ਸਰਕਸ ਸ਼ੋਅ ਦਾ ਸਮਾਂ ਬੀਤ ਗਿਆ ਹੈ, ਸ. ਮਜੀਠੀਆ ਨੇ ਕਿਹਾ ਕਿ ਪੰਜਾਬੀ ਸਿੱਧੂ ਨੂੰ ਇਹ ਪੁੱਛ ਰਹੇ ਹਨ ਕਿ ਉਸ ਨੇ ਪਿਛਲੇ 8 ਮਹੀਨਿਆਂ ਅੰਦਰ ਉਨ੍ਹਾਂ ਦੀ ਭਲਾਈ ਲਈ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਕੁਝ ਵੀ ਸਾਰਥਕ ਕਰਨ ਦੀ ਥਾਂ ਤੁਸੀਂ ਸਾਰੇ ਕਸਬਿਆਂ ਅਤੇ ਸ਼ਹਿਰਾਂ ਦੀਆਂ ਸਾਰੀਆਂ ਗਰਾਂਟਾਂ ਹੀ ਵਾਪਸ ਲੈ ਲਈਆਂ, ਜਿਸ ਨਾਲ ਸਾਰੇ ਚੱਲ ਰਹੇ ਵਿਕਾਸ ਕਾਰਜ ਰੁਕ ਗਏ ।