ਨੈਸ਼ਨਲ ਯੂਥ ਫੈਸਟੀਵਲ ਦੇ ਤੀਸਰੇ ਦਿਨ ਖਾਸ ਪ੍ਰੋਗਰਾਮ ਕਰਵਾਇਆ

01/16/2018 12:39:21 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ) - ਯੁਵਾ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਗੌਤਮ ਬੁੱਧਾ ਯੂਨੀਵਰਸਿਟੀ ਨੋਇਡਾ ਵਿਖੇ ਚੱਲ ਰਹੇ ਨੈਸ਼ਨਲ ਯੂਥ ਫੈਸਟੀਵਲ ਦੇ ਤੀਸਰੇ ਦਿਨ ਦੇ ਹੋਏ ਖਾਸ ਪ੍ਰੋਗਰਾਮ 'ਵਾਇਸ ਆਫ ਨਿਊ ਇੰਡੀਆ' 'ਚ ਤਰਨਤਾਰਨ ਜ਼ਿਲੇ ਦੇ ਪਿੰਡ ਠੱਠਗੜ ਦੇ ਨੌਜਵਾਨ ਰਾਸ਼ਟਰੀ ਪੁਰਸਕਾਰ ਜੇਤੂ ਬ੍ਰਾਂਡ ਅੰਬੈਸਡਰ (ਸਵੱਛ ਸਰਵੇਖਣ ਜ਼ਿਲਾ ਤਰਨਤਾਰਨ) ਰਾਜਬੀਰ ਚੀਮਾ ਨੇ ਨੌਜਵਾਨਾ ਨੂੰ ਭਾਸ਼ਨ ਦਿੱਤਾ। ਇਸ ਖਾਸ ਪ੍ਰੋਗਰਾਮ 'ਚ ਭਾਰਤ ਸਰਕਾਰ ਵੱਲੋਂ ਉਚੇਚੇ ਤੌਰ 'ਤੇ ਸੱਦੇ ਗਏ ਰਾਸ਼ਟਰੀ ਅਵਾਰਡੀ ਨੌਜਵਾਨਾਂ ਨੇ ਆਪਣੇ ਵਿਚਾਰ ਰੱਖੇ । ਇਸ ਕਾਨਫਰੰਸ ਦੀ ਵੀਡੀਓ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ 'ਚ ਵੀ ਲਾਇਵ ਪ੍ਰਸਾਰਣ ਕੀਤਾ ਗਿਆ। ਦਿੱਲੀ ਤੋਂ ਫੋਨ 'ਤੇ ਜਾਣਕਾਰੀ ਦਿੰਦਿਆਂ ਰਾਜਬੀਰ ਸਿੰਘ ਚੀਮਾ ਨੇ ਦੱਸਿਆ ਕਿ ਨੌਜਵਾਨ ਆਪਣੇ ਦੇਸ਼ ਦਾ ਸਰਮਾਇਆ ਹੁੰਦੇ ਹਨ, ਇਸ ਲਈ ਨੌਜਵਾਨਾਂ ਨੂੰ ਹਮੇਸ਼ਾ ਆਪਣੇ ਦੇਸ਼ ਤੇ ਸਮਾਜ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਬਾਹਰ ਲੱਗਦੇ ਗੋਹੇ ਦੀ ਰੂੜੀ ਦੇ ਵੱਡੇ ਢੇਰਾਂ ਨੂੰ ਸਵੱਛ ਭਾਰਤ ਮੁਹਿੰਮ ਤਹਿਤ ਸਮੇਟਣ ਲਈ ਪਿੰਡਾਂ 'ਚ ਸਰਕਾਰ ਨੂੰ ਵੱਡਾ ਸਾਂਝਾ ਗੋਬਰਗੈਸ ਪਲਾਂਟ ਲਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਪਾਣੀ ਦੀ ਸਪਲਾਈ ਪਾਣੀ ਵਾਲੀਆਂ ਟੈਂਕੀਆਂ ਰਾਹੀ ਦਿੱਤੀ ਜਾਂਦੀ ਹੈ, ਉਸੇ ਤਰ੍ਹਾਂ ਹਰ ਘਰ ਨੂੰ ਇਸ ਗੈਸ ਪਲਾਂਟ ਤੋਂ ਗੈਸ ਦੀ ਸਪਲਾਈ ਦਿੱਤੀ ਜਾਵੇ। ਇਸ ਨਾਲ ਐੱਲ. ਪੀ. ਜੀ. ਗੈਸ ਦੀ ਵਰਤੋਂ 'ਤੇ ਖਰਚਾ ਘਟੇਗਾ ਨਾਲ ਹੀ ਰੂੜੀਆਂ ਦੇ ਢੇਰਾਂ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ। ਚੀਮਾ ਨੇ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਜਾਣੂ ਕਰਾਇਆ ਗਿਆ ਤੇ ਦੱਸਿਆ ਕਿ ਸਵਾਮੀਨਾਥਨ ਰਿਪੋਟਰ ਨੂੰ ਲਾਗੂ ਕਰਨ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਬਰੇਕਾਂ ਲੱਗ ਸਕਦੀਆਂ ਹਨ। ਸਰਕਾਰੀ ਨੀਤੀਆਂ 'ਚ ਨੌਜਵਾਨਾਂ ਨੂੰ ਵਿਸ਼ੇਸ਼ ਸਥਾਨ ਦੇਣ ਲਈ ਵੀ ਚੀਮਾ ਵੱਲੋਂ ਸੁਝਾਅ ਰੱਖਿਆ ਗਿਆ। ਇਸ ਮੌਕੇ ਨਹਿਰੂ ਯੂਵਾ ਕੇਂਦਰ ਤਰਨਤਾਰਨ ਦੀ ਟੀਮ ਮੈਂਬਰ ਹਰਮਨਦੀਪ ਸਿੰਘ ਕੰਗ ਪਾਰਸ, ਰੋਕੀ ਤਰਨਤਾਰਨ, ਅਵਤਾਰ ਸਿੰਘ, ਜਗਰੂਪ ਕੌਰ ਨੀਸ਼ਾ ਸਾਰੇ ਨੈਸ਼ਨਲ ਵਲੰਟੀਅਰ ਆਦਿ ਹਾਜ਼ਰ ਸਨ।