ਮਾਮਲਾ ਫਗਵਾੜਾ ''ਚ ਹੋਏ ਕੌਮੀ ਝੰਡੇ ਦੇ ਅਪਮਾਨ ਦਾ, ਏ.ਡੀ.ਸੀ. ਬਬੀਤਾ ਕਲੇਰ ਕਰਨਗੇ ਜਾਂਚ

08/19/2018 12:29:28 PM

ਫਗਵਾੜਾ (ਜਲੋਟਾ)— 15 ਅਗਸਤ ਆਜ਼ਾਦੀ ਦਿਹਾੜੇ ਦੀ ਰਾਤ ਫਗਵਾੜਾ 'ਚ ਤੈਅਸ਼ੁਦਾ ਕਾਨੂੰਨ ਦੇ ਉਲਟ ਸਰਕਾਰੀ ਰੈਸਟ ਹਾਊਸ ਦੇ ਬਾਹਰ ਸਥਾਪਤ ਵਿਸ਼ੇਸ਼ ਥਾਂ 'ਤੇ ਕੌਮੀ ਝੰਡੇ ਦੇ ਸਾਰੀ ਰਾਤ ਹਨੇਰੇ 'ਚ ਲਹਿਰਾਉਣ ਦੇ ਵਾਪਰੇ ਸ਼ਰਮਨਾਕ ਮਾਮਲੇ 'ਚ ਏ. ਡੀ. ਸੀ. ਫਗਵਾੜਾ ਬਬੀਤਾ ਕਲੇਰ ਨੂੰ ਜਾਂਚ ਕਰਨ ਦੇ ਲਿਖਤੀ ਤੌਰ 'ਤੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਏ. ਡੀ. ਸੀ. ਸਾਰੇ ਮਾਮਲੇ ਦੀ ਜਾਂਚ ਕਰ ਕੇ ਡੀ. ਸੀ. ਦਫਤਰ ਨੂੰ ਲਿਖਤੀ ਤੌਰ 'ਤੇ ਜਾਂਚ ਰਿਪੋਰਟ ਭੇਜਣਗੇ। ਇਹ ਅਹਿਮ ਜਾਣਕਾਰੀ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਹੀ ਅਤੇ ਸਪਸ਼ਟ ਕੀਤਾ ਕਿ ਬਤੌਰ ਡੀ. ਸੀ. ਉਹ ਕੌਮੀ ਝੰਡੇ ਦੀ ਬੇਇੱਜ਼ਤੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨ ਵਾਲੇ ਅਤੇ ਇਸ ਮਾਮਲੇ 'ਚ ਜੋ ਕੋਈ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਨੂੰ ਪੂਰਾ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਬਤੌਰ ਡੀ. ਸੀ. ਕਪੂਰਥਲਾ ਮਾਮਲੇ ਸਬੰੰਧੀ ਐੱਸ. ਐੱਸ. ਪੀ. ਨੂੰ ਵੀ ਲਿਖ ਰਹੇ ਹਨ ਕਿ ਇਸ ਮਾਮਲੇ 'ਚ ਬਣਦੇ ਕਾਨੂੰਨ ਤਹਿਤ ਪੁਲਸ ਕੇਸ ਵੀ ਦਰਜ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਫਗਵਾੜਾ 'ਚ ਜੋ ਵਾਪਰਿਆ ਹੈ ਉਹ ਸ਼ਰਮਨਾਕ ਹੈ ਅਤੇ ਇਸ ਮਾਮਲੇ 'ਚ ਇਨਸਾਫ ਪਸੰਦ ਕਾਰਵਾਈ ਨੂੰ ਹਰ ਪੱਧਰ 'ਤੇ ਪੂਰਾ ਕੀਤਾ ਜਾਵੇਗਾ ।

ਫਗਵਾੜਾ 'ਚ ਜੋ ਕੁਝ ਵੀ ਹੋਇਆ ਉਸ ਲਈ ਨਗਰ ਨਿਗਮ ਜ਼ਿੰਮੇਵਾਰ: ਮਨਖੰਡ
ਫਗਵਾੜਾ 'ਚ ਕੌਮੀ ਝੰਡੇ ਦੀ ਹੋਈ ਬੇਇੱਜ਼ਤੀ ਦੇ ਮਾਮਲੇ 'ਚ ਫਗਵਾੜਾ ਵਾਸੀਆਂ 'ਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਥੇ ਹੀ ਭਾਜਪਾ ਕੌਂਸਲਰ ਵੀ ਹੁਣ ਖੁੱਲ੍ਹ ਕੇ ਇਸ ਸ਼ਰਮਨਾਕ ਮਾਮਲੇ ਦੀ ਨਿੰਦਾ ਕਰ ਰਹੇ ਹਨ। ਇਸ ਕੜੀ 'ਚ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਲੋਕਲ ਬੀ. ਜੀ. ਪੀ. ਐੱਮ. ਐੱਲ. ਏ. ਸੋਮ ਪ੍ਰਕਾਸ਼ ਕੈਂਥ ਦੇ ਬੇਹੱਦ ਕਰੀਬੀ ਅਨੁਰਾਗ ਮਨਖੰਡ ਨੇ ਆਪਣੀ ਫੇਸਬੁਕ 'ਤੇ ਬੁਲੰਦ ਅੰਦਾਜ਼ 'ਚ ਕੌਮੀ ਝੰਡੇ ਦੀ ਫੋਟੋ ਦੇ ਨਾਲ ਕਵਿਤਾ ਲਿਖ ਕੇ ਆਪਣੀ ਨਾਰਾਜ਼ਗੀ ਅਤੇ ਗੁੱਸਾ ਜ਼ਾਹਰ ਕੀਤਾ ਹੈ।
ਮਨਖੰਡ ਨੇ ਕਿਹਾ ਕਿ ਫਗਵਾੜਾ 'ਚ ਜੋ ਕੁਝ ਹੋਇਆ ਉਸ ਲਈ ਨਗਰ ਨਿਗਮ ਜ਼ਿੰਮੇਵਾਰ ਹੈ। ਉਹ ਸਭ ਤੋਂ ਪਹਿਲਾਂ ਵਾਪਰੇ ਉਕਤ ਸ਼ਰਮਨਾਕ ਮਾਮਲੇ ਦੀ ਨਿੰਦਿਆ ਕਰਦੇ ਹਨ ਅਤੇ ਬਤੌਰ ਕੌਂਸਲਰ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਤੋਂ ਪੁਰਜ਼ੋਰ ਮੰਗ ਕਰਦੇ ਹਨ ਕਿ ਇਸ ਮਾਮਲੇ 'ਤੇ ਸਖਤ ਤੋਂ ਸਖਤ ਕਾਨੂੰਨੀ ਐਕਸ਼ਨ ਲਿਆ ਜਾਵੇ।

ਸਾਡੀ ਸੰਸਥਾ 'ਚ ਰਾਸ਼ਟਰੀ ਵਿਰੋਧ ਲਈ ਕੋਈ ਸਥਾਨ ਨਹੀ ਹੈ : ਦੁੱਗਲ
ਸਾਡੇ ਸੰਗਠਨ 'ਚ ਰਾਸ਼ਟਰੀ ਵਿਰੋਧ ਲਈ ਕੋਈ ਸਥਾਨ ਨਹੀ ਹੈ। ਭਾਜਪਾ ਦੇ ਲਈ ਦੇਸ਼ ਦਾ ਸਮਾਨ ਸਭ ਤੋਂ ਪਹਿਲਾ ਹੈ ਇਹ ਗੱਲਾਂ ਫੇਸਬੁੱਕ 'ਤੇ ਨੌਜਵਾਨ ਮੋਰਚਾ ਪੰਜਾਬ ਦੇ ਸਕੱਤਰ ਅਸ਼ੋਕ ਦੁੱਗਲ ਨੇ ਬੇਬਾਕੀ ਨਾਲ ਲਿਖੀ ਹੈ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ ਕਿ ਅਫਸਰਸ਼ਾਹੀ ਨੂੰ ਇਸ ਦਾ ਜਵਾਬ ਦੇਣਾ ਪਵੇਗਾ।

ਲੋਕਾਂ ਨੇ ਕਿਹਾ-ਇਨਸਾਫ ਨਹੀਂ ਹੋਇਆ ਤਾਂ ਇਸ ਵਾਰ ਚੁੱਪ ਨਹੀਂ ਬੈਠਾਂਗੇ
ਸੁਤੰਤਰਤਾ ਦਿਹਾੜੇ ਦੀ ਰਾਤ ਫਗਵਾੜਾ 'ਚ ਦੇਸ਼ ਦੇ ਗੌਰਵ ਰਾਸ਼ਟਰੀ ਝੰਡੇ ਦੇ ਹੋਏ ਅਪਮਾਨ ਨੂੰ ਲੈ ਕੇ ਲੋਕਾਂ ਵਿਚ ਜ਼ਬਰਦਸਤ ਗੁੱਸਾ ਹੈ। ਹੁਣ ਜਨਤਾ ਖੁੱਲ੍ਹੇਆਮ ਕਹਿ ਰਹੀ ਹੈ ਕਿ ਉਨ੍ਹਾਂ ਘਟੀਆ ਸਰਕਾਰੀ ਕਾਰਜਸ਼ੈਲੀ ਅਤੇ ਰਾਜਨੇਤਾਵਾਂ ਦੇ ਝੂਠੇ ਅਤੇ ਖੋਖਲੇ ਦਾਅਵਿਆਂ 'ਤੇ ਚਲਦੇ ਗੰਦਾ ਪਾਣੀ ਪੀਤਾ, ਖਰਾਬ ਸੜਕਾਂ ਨੂੰ ਝੱਲਿਆ, ਗੰਦਗੀ ਵਿਚ ਨਰਕ ਭਰਿਆ ਜੀਵਨ ਬਤੀਤ ਕੀਤਾ ਪਰ ਉਹ ਕਿਸੇ ਵੀ ਹਾਲਤ ਵਿਚ ਆਪਣੇ ਤਿਰੰਗੇ ਦਾ ਅਪਮਾਨ ਬਰਦਾਸ਼ਤ ਕਰਨ ਵਾਲੇ ਨਹੀਂ ਹਨ।
ਲੋਕਾਂ ਨੇ ਡੀ. ਸੀ. ਕਪੂਰਥਲਾ ਤੋਂ ਮੰਗ ਕੀਤੀ ਕਿ ਉਹ ਰਾਸ਼ਟਰਹਿੱਤ 'ਚ ਜਨਤਾ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਦੋਸ਼ੀਆਂ ਖਿਲਾਫ ਪੁਲਸ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਨੂੰ ਪੂਰਾ ਕਰੇ। ਲੋਕਾਂ ਨੇ ਕਿਹਾ ਕਿ ਜੇਕਰ ਇਨਸਾਫ ਮਿਲਣ 'ਚ ਰੱਤੀ ਭਰ ਵੀ ਦੇਰ ਹੋਈ ਤਾਂ ਇਸ ਵਾਰ ਲੋਕ ਚੁੱਪ ਨਹੀਂ ਬੈਠਣ ਵਾਲੇ।

ਜੋ ਵੀ ਦੋਸ਼ੀ ਹੈ, ਉਹ ਤੁਰੰਤ ਅਸਤੀਫਾ ਦੇ ਦੇਵੇ : ਪੰਕਜ ਗੌਤਮ
ਆਜ਼ਾਦੀ ਦਿਹਾੜੇ ਦੀ ਰਾਤ ਨੂੰ ਫਗਵਾੜਾ ਵਿਖੇ ਕੌਮੀ ਝੰਡੇ ਦੀ ਹੋਈ ਘੋਰ ਬੇਇੱਜ਼ਤੀ ਦੇ ਮਾਮਲੇ ਨੂੰ ਲੈ ਕੇ ਫਗਵਾੜਾ ਵਾਸੀਆਂ 'ਚ ਜ਼ਬਰਦਸਤ ਗੁੱਸਾ ਪਾਇਆ ਜਾ ਰਿਹਾ ਹੈ। ਇਸ ਕੜੀ 'ਚ ਫਗਵਾੜਾ ਦੇ ਸਮਾਜਸੇਵੀ, ਜੇ. ਸੀ. ਆਈ. ਇਲਾਈਟ ਦੇ ਚਾਰਟਰ ਪ੍ਰਧਾਨ ਤੇ ਸਨਅਤਕਾਰ ਪੰਕਜ ਗੌਤਮ ਨੇ ਫੇਸਬੁੱਕ 'ਚ ਲਿਖਿਆ ਹੈ ਕਿ ਸਾਡੇ ਵੀਰ ਜਵਾਨ ਤਿਰੰਗੇ ਦੀ ਖਾਤਰ ਹੱਸਦੇ-ਹੱਸਦੇ ਆਪਣਾ ਸਭ ਕੁਝ ਵਾਰਕੇ ਸ਼ਹੀਦ ਹੋ ਜਾਂਦੇ ਹਨ। ਉਨ੍ਹਾਂ ਦੇ ਪਰਿਵਾਰਾਂ ਦੇ ਕੋਲ ਸਿਰਫ ਕੌਮੀ ਝੰਡਾ ਹੀ ਰਹਿੰਦਾ ਹੈ, ਜਿਸ ਦੇ ਨਾਲ ਉਨ੍ਹਾਂ ਦੀ ਪਵਿੱਤਰ ਦੇਹ ਘਰ ਆਉਂਦੀ ਹੈ। ਜੇਕਰ ਅਸੀਂ ਕੌਮੀ ਝੰਡੇ ਦੀ ਇੱਜ਼ਤ ਨਹੀਂ ਕਰ ਸਕਦੇ ਹਾਂ ਤਾਂ ਸਾਨੂੰ ਕਿਸੇ ਵੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ । ਜੋ ਵੀ ਦੋਸ਼ੀ ਹੈ ਇਸ ਮਾਮਲੇ ਵਿਚ ਉਹ ਤੁਰੰਤ ਅਸਤੀਫਾ ਦੇ ਦੇਵੇ।

ਬੇਹੱਦ ਦੁਖਦ ਤੇ ਸ਼ਰਮਨਾਕ ਮਾਮਲਾ : ਇੰਦਰ ਖੁਰਾਨਾ
ਫੇਸਬੁਕ 'ਤੇ ਰੋਟਰੀ ਕਲੱਬ ਸਾਊਥ ਈਸਟ ਦੇ ਸਾਬਕਾ ਪ੍ਰਧਾਨ ਅਤੇ ਸਮਾਜਸੇਵੀ ਇੰਦਰ ਖੁਰਾਨਾ ਨੇ ਕਿਹਾ ਹੈ ਕਿ ਇਹ ਬੇਹੱਦ ਦੁਖਦ ਅਤੇ ਸ਼ਰਮਨਾਕ ਮਾਮਲਾ ਹੈ, ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਵੇ । ਇਸੇ ਤਰ੍ਹਾਂ ਜੇ. ਸੀ. ਆਈ. ਇਲਾਈਟ ਦੇ ਸਾਬਕਾ ਪ੍ਰਧਾਨ ਅਨੁਜ ਜੈਨ ਨੇ ਲਿਖਿਆ ਹੈ ਕਿ ਸਾਡੇ ਵੀਰ ਜਵਾਨਾਂ 'ਤੇ ਸਾਨੂੰ ਮਾਣ ਹੈ ਪਰ ਇਹ ਸ਼ਰਮਨਾਕ ਮਾਮਲਾ ਹੈ ਜਿਸ ਦੀ ਸ਼ਬਦਾਂ ਵਿਚ ਨਿੰਦਿਆ ਕਰਨੀ ਸੰਭਵ ਨਹੀਂ ਹੈ । ਇਹ ਮਾਮਲਾ ਸਜ਼ਾਯੋਗ ਕਾਰਵਾਈ ਦੇ ਤਹਿਤ ਆਉਂਦਾ ਹੈ। ਜੋ ਵੀ ਦੋਸ਼ੀ ਹੈ ਫਿਰ ਚਾਹੇ ਉਹ ਰਾਜਨੇਤਾ ਹੋਵੇ ਇਸ ਸਰਕਾਰੀ ਅਧਿਕਾਰੀ ਨੂੰ ਨਾ ਬਖਸ਼ਿਆ ਜਾਵੇ। ਰਾਸ਼ਟਰ ਸਭ ਤੋਂ ਪਹਿਲਾਂ ਹੈ ।

ਜੋ ਕੁਝ ਵਾਪਰਿਆ ਉਸ ਦੀ ਜਬਾਵਦੇਹੀ ਮੇਅਰ ਦੀ ਹੀ ਬਣਦੀ ਹੈ,  ਉਹ ਮਾਮਲੇ 'ਚ ਚੁੱਪੀ ਵੱਟੇ ਕਿਉਂ ਬੈਠਾ ਹੋਇਆ ਹੈ, ਹੁਣ ਜਨਤਾ ਨੂੰ ਜਵਾਬ ਕਿਉਂ ਨਹੀਂ ਦਿੰਦਾ : ਮੁਨੀਸ਼ ਪ੍ਰਭਾਕਰ
ਆਪਣੀ ਜਾਨ ਤੋਂ ਪਿਆਰੇ ਕੌਮੀ ਝੰਡਾ ਦਾ ਪੂਰੀ ਰਾਤ ਹਨੇਰੇ 'ਚ ਲਹਿਰਾਉਣ ਨਾਲ ਜੋ ਪੀੜ ਅਤੇ ਦੁੱਖ ਹੋਇਆ ਹੈ ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਜੋ ਹੋਇਆ ਹੈ ਉਹ ਪੂਰੀ ਤਰ੍ਹਾਂ ਨਾਲ ਨਿੰਦਣਯੋਗ ਹੈ ਅਤੇ ਬਤੌਰ ਨਿਗਮ ਕੌਂਸਲਰ ਉਹ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਤੋਂ ਪੁਰਜ਼ੋਰ ਮੰਗ ਕਰਦੇ ਹਨ ਕਿ ਇਸ ਮਾਮਲੇ 'ਚ ਪੁਲਸ ਕੇਸ ਦਰਜ ਕਰਵਾ ਕੇ ਜਾਂਚ ਨੂੰ ਪੂਰਾ ਕੀਤਾ ਜਾਵੇ। ਇਹ ਗੱਲਾਂ ਕਾਂਗਰਸੀ ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀਆਂ ਅਤੇ ਕਿਹਾ ਕਿ ਇਸ ਸ਼ਰਮਨਾਕ ਮਾਮਲੇ ਦੀ ਸਾਰੀ ਜਵਾਬਦੇਹੀ ਨਿਗਮ ਮੇਅਰ ਅਰੁਣ ਖੋਸਲਾ ਦੀ ਹੀ ਬਣਦੀ ਹੈ। ਮੇਅਰ ਜਨਤਾ ਨੂੰ ਦੱਸੇ ਕਿ 15 ਅਗਸਤ ਦੀ ਰਾਤ ਨੂੰ ਸਾਡਾ ਕੌਮੀ ਝੰਡਾ ਤਿਰੰਗਾ ਪੂਰੀ ਰਾਤ ਹਨੇਰੇ 'ਚ ਕਿਉਂ ਰਿਹਾ ਹੈ? ਇਸ ਅਹਿਮ ਮੁੱਦੇ ਨੂੰ ਲੈ ਕੇ ਮੇਅਰ ਚੁੱਪੀ ਕਿਉਂ ਵੱਟ ਕੇ ਬੈਠਾ ਹੋਇਆ ਹੈ? ਹੁਣ ਜਨਤਾ ਨੂੰ ਦੱਸੇ ਕਿ ਇਹ ਸਭ ਕਿਉਂ ਹੋਇਆ। 
ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਕਿਹਾ ਕਿ ਹੱਦ ਤਾਂ ਇਹ ਹੋ ਚੁੱਕੀ ਹੈ ਕਿ ਅੱਜੇ ਤਕ ਇਸ ਗੰਭੀਰ ਮਾਮਲੇ 'ਚ ਮੇਅਰ ਸਾਹਿਬ ਨੇ ਤਾਂ ਇਕ ਸ਼ਬਦ ਬੋਲ ਕੇ ਵਾਪਰੇ ਸ਼ਰਮਨਾਕ ਮਾਮਲੇ ਦੀ ਨਿੰਦਿਆ ਤਕ ਨਹੀਂ ਕੀਤੀ? ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਾਥੀ ਕੌਂਸਲਰਾਂ ਸੰਜੀਵ ਬੁੱਗਾ, ਰਾਮਪਾਲ ਉੱਪਲ, ਜਤਿੰਦਰ ਵਰਮਾਨੀ ਦੇ ਨਾਲ ਹਨ ਅਤੇ ਉਨ੍ਹਾਂ ਦੀਆਂ ਰੱਖੀਆਂ ਗਈਆਂ ਮੰਗਾਂ ਦਾ ਦਿਲੋਂ ਸਮਰਥਨ ਕਰਦੇ ਹੋਏ ਇਸ ਸਾਰੇ ਮਾਮਲੇ 'ਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਪੁਰਜ਼ੋਰ ਮੰਗ ਕਰਦੇ ਹਨ ।