ਰੇਸ ਵਾਕਿੰਗ ’ਚ ਨੈਸ਼ਨਲ ਚੈਂਪੀਅਨ ਮੰਜੂ ਰਾਣੀ ਦੇ ਸਿਰ ਭਾਰ ਬਣਦੀ ਜਾ ਰਹੀ ਕਰਜ਼ੇ ਦੀ ਪੰਡ

02/26/2023 2:37:00 AM

ਬੁਢਲਾਡਾ (ਬਾਂਸਲ) : 10ਵੀਂ ਨੈਸ਼ਨਲ ਓਪਨ ਰੇਸ ਵਾਕਿੰਗ ਚੈਪੀਅਨਸ਼ਿਪ ਵਿਚ ਕੌਮੀ ਰਿਕਾਰਡ ਤੋੜ ਕੇ ਸੋਨ ਤਮਗਾ ਜਿੱਤਣ ਵਾਲੀ ਮੰਜੂ ਰਾਣੀ ਨੂੰ ਹੁਣ ਜਿੱਥੇ ਓਲੰਪਿਕ ਖੇਡਾਂ ’ਚ ਕੁਆਲੀਫਾਈ ਕਰਨ ਦਾ ਝੋਰਾ ਸਤਾ ਰਿਹਾ ਹੈ, ਉਥੇ ਹੀ ਉਸ ਨੂੰ ਆਪਣੇ ਸਿਰ ਚੜ੍ਹੇ 9 ਲੱਖ ਦੇ ਕਰਜ਼ੇ ਅਤੇ ਪਿਤਾ ਦੀ ਗਹਿਣੇ ਪਈ ਤਿੰਨ ਕਿੱਲੇ ਜ਼ਮੀਨ ਛੁਡਾਉਣ ਦਾ ਫ਼ਿਕਰ ਵੀ ਸਤਾ ਰਿਹਾ ਹੈ। ਭਾਵੇਂ ਮੰਜੂ ਰਾਣੀ ਨੇ ਰਾਂਚੀ (ਉੱਤਰਾਖੰਡ) ਵਿਖੇ ਹੋਈਆਂ ਖੇਡਾਂ ਵਿਚ ਸੋਨ ਤਮਗਾ ਜਿੱਤ ਲਿਆ ਪਰ ਉਹ ਅਤੇ ਉਸ ਦਾ ਪੂਰਾ ਪਰਿਵਾਰ ਕਰਜ਼ੇ ਦੀ ਮਾਰ ਹੇਠ ਹੈ। ਇਸ ਦੀ ਚਿੰਤਾ ਉਸ ਨੂੰ ਵੱਢ-ਵੱਢ ਖਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ

ਪੰਜਾਬ ਸਰਕਾਰ ਨੇ ਵੀ ਸੋਨ ਤਮਗਾ ਜਿੱਤਣ ਵਾਲੀ ਇਸ ਨੰਨ੍ਹੀ ਖਿਡਾਰਨ ਨੂੰ ਸ਼ਾਬਾਸ਼ ਤੋਂ ਅੱਗੇ ਕੋਈ ਵੀ ਮਾਣ-ਸਨਮਾਨ, ਆਰਥਿਕ ਸਹਾਇਤਾ ਜਾਂ ਕੋਈ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ ਹੈ। ਜ਼ਿਲ੍ਹੇ ਮਾਨਸਾ ਦੀ ਮੰਜੂ ਰਾਣੀ ਚੰਡੀਗੜ੍ਹ ਤੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿਰਫ਼ ਆਸ਼ੀਰਵਾਦ ਲੈ ਕੇ ਨਿਰਾਸ਼ ਹੋ ਕੇ ਮੁੜੀ। ਉਸ ਨੂੰ ਆਸ ਸੀ ਕਿ ਜਿਵੇਂ ਰਾਂਚੀ ਤੋਂ ਸਪੈਸ਼ਲ ਬੁਲਾਵਾ ਭੇਜ ਕੇ ਸਰਕਾਰ ਨੇ ਉਸ ਨੂੰ ਬੁਲਾਇਆ ਤਾਂ ਕੁਝ ਨਾ ਕੁਝ ਉਸ ਨੂੰ ਜ਼ਰੂਰ ਦੇਵੇਗੀ ਪਰ ਉਸ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ। ਅੱਜ ਬੁਢਲਾਡਾ ਵਿਖੇ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚੀ ਮੰਜੂ ਰਾਣੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਝ ਨੇਤਾਵਾਂ ਨੇ ਉਸ ਨੂੰ ਮਾਮੂਲੀ ਆਰਥਿਕ ਸਹਾਇਤਾ ਤਾਂ ਭਾਵੇਂ ਦਿੱਤੀ, ਜੋ ਉਸ ਦੇ ਸਿਰ ਚੜ੍ਹੇ ਕਰਜ਼ੇ ਦੇ ਬਰਾਬਰ ਉਹ ਸਹਾਇਤਾ, ਧੇਲਾ ਭਰ ਵੀ ਨਹੀਂ ਹੈ। ਉਸ ਨੇ ਕਰਜ਼ੇ ਨੂੰ ਆਪਣੀ ਪੜ੍ਹਾਈ ਅਤੇ ਖੇਡਾਂ ਨੂੰ ਕਾਇਮ ਰੱਖਣ ਲਈ ਲਿਆ ਹੋਇਆ ਹੈ, ਜਿਸਦੀਆਂ ਕਿਸ਼ਤਾਂ ਉਹ ਫੌਜ ਵਿਚੋਂ ਮਿਲਦੀ ਤਨਖਾਹ ਨਾਲ ਉਤਾਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਜਨਾਲਾ ਘਟਨਾ ’ਤੇ CM ਮਾਨ ਦਾ ਵੱਡਾ ਬਿਆਨ, ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10

ਪੇਂਡੂ ਖੇਤਰ ’ਚ ਜਨਮੀ ਮੰਜੂ ਰਾਣੀ ਪੁੱਤਰੀ ਜਗਦੀਸ਼ ਗਾਮਾ, ਲੋੜਵੰਦ ਪਰਿਵਾਰ ਨਾਲ ਸਬੰਧਤ ਹੈ। ਪਰਿਵਾਰ ਕੋਲ ਗੁਜ਼ਾਰੇ ਲਈ ਸਿਰਫ਼ ਤਿੰਨ ਕਿੱਲੇ ਜ਼ਮੀਨ ਹੈ, ਉਹ ਵੀ ਹੁਣ ਆੜ੍ਹਤੀਆਂ ਕੋਲ ਗਹਿਣੇ ਪਈ ਹੈ। ਮੰਜੂ ਰਾਣੀ ਦੇ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਉਸ ਦੇ ਸਿਰ ਤੋਂ ਮਾਂ ਦਾ ਛਾਇਆ ਉੱਠ ਗਿਆ। ਛੋਟੀ ਖੇਤੀ ਕਰਨ ਵਾਲੇ ਜਗਦੀਸ਼ ਗਾਮਾ ਦਾ ਅਕੀਦਾ ਨਹੀਂ ਡੋਲਿਆ ਅਤੇ ਪਿਤਾ ਨੇ ਹੋਰ ਵਿਆਹ ਕਰਵਾਏ ਬਿਨਾਂ ਮਾੜੀ-ਮੋਟੀ ਖੇਤੀ ਕਰਦਿਆਂ ਆਪਣੀ ਪੁੱਤਰੀ ਅਤੇ ਵੱਡੇ ਪੁੱਤਰ ਨੂੰ ਪੜ੍ਹਾਇਆ ਅਤੇ ਦੇਸ਼ ਸੇਵਾ ਲਈ ਫੌਜ ਲਈ ਭਰਤੀ ਕਰਵਾਇਆ। ਮੰਜੂ ਰਾਣੀ ਇਸ ਵੇਲੇ ਸਵੈ-ਸੁਰੱਖਿਆ ਬਲ ਨੇਪਾਲ ਬਾਰਡਰ ’ਤੇ ਦੇਸ਼ ਦੀ ਸੇਵਾ ਨਿਭਾ ਰਹੀ ਹੈ। ਸੋਨ ਤਮਗਾ ਜਿੱਤਣ ਵਾਲੀ ਇਹ ਖਿਡਾਰਨ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਜਦੋਂ ਉਹ ਖੇਡ ਮੈਦਾਨ ਵਿਚ ਦੌੜ ਲਗਾਉਂਦੀ ਹੈ ਤਾਂ ਪਰਿਵਾਰ ਸਿਰ ਚੜ੍ਹੇ ਕਰਜ਼ੇ ਦੀਆਂ ਗੱਲਾਂ ਉਸ ਦੇ ਮਨ ਵਿਚ ਦੌੜਦੀਆਂ ਰਹਿੰਦੀਆਂ ਹਨ।

ਮੰਜੂ ਰਾਣੀ ਨੂੰ ਹੁਣ ਫ਼ਿਕਰ ਹੈ ਕਿ ਉਹ ਓਲੰਪਿਕ ਖੇਡਾਂ ਵਿਚ ਵੀ ਕੋਈ ਮੈਡਲ ਜਿੱਤ ਕੇ ਲਿਆਵੇ ਅਤੇ ਆਪਣੇ ਸਿਰ ਚੜ੍ਹਿਆ ਕਰਜ਼ਾ ਲਾਹ ਕੇ ਪਿਤਾ ਦੀ ਗਹਿਣੇ ਪਈ ਤਿੰਨ ਕਿੱਲੇ ਜ਼ਮੀਨ ਵੀ ਛੁਡਵਾ ਲਵੇ। ਉਸ ਦਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਰਕਾਰ ਕੋਲੋਂ ਕੁਝ ਵੀ ਨਹੀਂ ਮੰਗਦੀ ਪਰ ਉਸਦੀ ਖੇਡ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਸਰਕਾਰਾਂ ਨੂੰ ਉਸ ਦਾ ਸਿਰ ਪਲੋਸਣ ਦੇ ਨਾਲ-ਨਾਲ ਉਸ ਦੀ ਮਦਦ ਵੀ ਕਰਨੀ ਚਾਹੀਦੀ ਹੈ। ਹਾਲ ਦੀ ਘੜੀ ਛੋਟੀ ਉਮਰ ’ਚ ਉਸ ਦੇ ਸਿਰ ਚੜ੍ਹਿਆ ਵੱਡਾ ਕਰਜ਼ਾ, ਦੌੜ ਜਿੱਤਣ ਵਾਲੇ ਇਸ ਖਿਡਾਰਨ ਦੇ ਪੈਰਾਂ ’ਚ ਬੇੜੀਆਂ ਪਾਉਣ ਵਰਗਾ ਹੈ। ਦੂਜੇ ਪਾਸੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਇਸ ਖਿਡਾਰਨ ਨੂੰ 5 ਲੱਖ ਰੁਪਏ ਸਹਾਇਤਾ ਦੇਣ ਦੀ ਗੱਲ ਕਰ ਚੁੱਕੇ ਹਨ ਅਤੇ ਇਕ ਨਿੱਜੀ ਯੂਨੀਵਰਸਿਟੀ ਵੱਲੋਂ ਇਸ ਨੂੰ ਗ੍ਰੈਜੂਏਸ਼ਨ ਕਰਵਾਉਣ ਸਮੇਤ ਸਪਾਂਸਰ ਕਰਨ ਦੀ ਗੱਲਬਾਤ ਚੱਲ ਰਹੀ ਹੈ।

Manoj

This news is Content Editor Manoj