ਸ਼ਾਹੀ ਇਮਾਰਤਾਂ ''ਚ ਰਾਸ਼ਟਰੀ ਪੰਛੀ ਅਸੁਰੱਖਿਅਤ

07/24/2017 7:52:25 AM

ਫ਼ਰੀਦਕੋਟ  (ਹਾਲੀ) - ਫ਼ਰੀਦਕੋਟ ਰਿਆਸਤ ਦੀਆਂ ਇਕ ਸਦੀ ਪੁਰਾਣੀਆਂ ਇਮਾਰਤਾਂ 'ਚ ਰਹਿ ਰਹੇ ਰਾਸ਼ਟਰੀ ਪੰਛੀ ਮੋਰ ਸਮੇਤ ਹੋਰ ਦੁਰਲੱਭ ਪੰਛੀ ਸੁਰੱਖਿਅਤ ਨਹੀਂ ਹਨ । ਪਿਛਲੇ ਇਕ ਸਾਲ 'ਚ ਇਥੋਂ ਦੇ ਕਿਲਾ ਮੁਬਾਰਕ, ਰਾਜ ਮਹਿਲ, ਸ਼ਾਹੀ ਸਮਾਧਾਂ 'ਚ 40 ਮੋਰ ਮਰ ਚੁੱਕੇ ਹਨ । ਇਨ੍ਹਾਂ ਮੋਰਾਂ ਦੀ ਮੌਤ ਦਾ ਕਾਰਨ ਜ਼ਿਆਦਾਤਰ ਆਵਾਰਾ ਕੁੱਤੇ ਹਨ ਜਦੋਂਕਿ ਕੁਝ ਦਾ ਕਾਰਨ ਚਾਈਨਾ ਡੋਰ ਤੇ ਸਦੀਆਂ ਪੁਰਾਣੇ ਰੁੱਖਾਂ ਦੀ ਬੇ-ਰੋਕ ਕਟਾਈ ਨੂੰ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਅਦਾਲਤ ਜਿਸ ਦੀ ਇਮਾਰਤ ਸਦੀਆਂ ਪੁਰਾਣੀ ਹੈ, ਵਿਚ ਕਾਫ਼ੀ ਮੋਰ ਰਹਿ ਰਹੇ ਸਨ। ਅਦਾਲਤੀ ਕੰਪਲੈਕਸ 'ਚੋਂ ਕੁਦਰਤੀ ਮਾਹੌਲ ਖਤਮ ਹੋਣ ਕਾਰਨ ਇਹ ਮੋਰ ਸ਼ਾਹੀ ਸਮਾਧਾਂ 'ਚ ਪ੍ਰਵਾਸ ਕਰ ਗਏ ਸਨ ਪਰ ਸ਼ਾਹੀ ਸਮਾਧਾਂ, ਰਾਜ ਮਹਿਲ ਤੇ ਕਿਲੇ 'ਚ ਤੁਰਦੇ-ਫ਼ਿਰਦੇ ਮੋਰ ਆਸ-ਪਾਸ ਦੀ ਆਬਾਦੀ 'ਚ ਚਲੇ ਜਾਂਦੇ ਹਨ, ਜੋ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਜਾਂਦੇ
ਹਨ । ਸੂਤਰਾਂ ਅਨੁਸਾਰ ਇਕੱਲੇ ਰਾਜ ਮਹਿਲ 'ਚ ਹੀ 60 ਮੋਰ ਸਨ ਜਿਨ੍ਹਾਂ ਦੀ ਗਿਣਤੀ ਹੁਣ 20 ਰਹਿ ਗਈ ਹੈ । ਰਾਜ ਮਹਿਲ ਦੇ ਵਿਸ਼ਾਲ ਰੁੱਖਾਂ 'ਚ ਚਾਈਨਾ ਡੋਰ ਫਸੀ ਰਹਿੰਦੀ ਹੈ, ਜਿਸ ਕਾਰਨ ਇਸ 'ਚ ਇਹ ਮੋਰ ਤੇ ਹੋਰ ਪੰਛੀ ਫ਼ਸ ਕੇ ਜ਼ਖ਼ਮੀ ਹੋ ਜਾਂਦੇ ਹਨ। ਇਨ੍ਹਾਂ ਦਾ ਕਈ ਵਾਰ ਪਤਾ ਹੀ ਨਹੀਂ ਲੱਗਦਾ ਤੇ ਕਈ ਵਾਰ ਪਤਾ ਲੱਗਣ 'ਤੇ ਇਲਾਜ ਕਰਵਾ ਕੇ ਆਜ਼ਾਦ ਕਰ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਉਨ੍ਹਾਂ ਦਾ ਸਮੇਂ 'ਤੇ ਇਲਾਜ ਨਹੀਂ ਹੁੰਦਾ, ਜਿਸ ਕਰ ਕੇ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਮਹਿਲ ਦੇ ਅਧਿਕਾਰੀਆਂ ਨੇ ਚਾਈਨਾ ਡੋਰ ਨੂੰ ਰੁੱਖਾਂ ਤੋਂ ਲਾਹੁਣ ਲਈ ਕਈ ਵਾਰ ਵਿਸ਼ੇਸ਼ ਮੁਹਿੰਮ ਚਲਾਈ ਹੈ।
ਇਸ ਤੋਂ ਇਲਾਵਾ ਸ਼ਾਹੀ ਕਿਲੇ ਦੀਆਂ ਉੱਚੀਆਂ ਕੰਧਾਂ ਟੱਪ ਕੇ ਮੋਰ ਆਬਾਦੀ 'ਚ ਆ ਜਾਂਦੇ ਹਨ । ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਨੰਗੇ ਜੋੜਾਂ ਕਾਰਨ ਵੀ ਰਾਸ਼ਟਰੀ ਪੰਛੀ ਦੇ ਮਰਨ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਸਮੇਂ ਫ਼ਰੀਦਕੋਟ ਸ਼ਹਿਰ 'ਚ ਜੇਕਰ ਫਰੀਦਕੋਟ ਛਾਉਣੀ ਦੇ ਮੋਰਾਂ ਦੀ ਗਿਣਤੀ ਛੱਡ ਦਿੱਤੀ ਜਾਵੇ ਤਾਂ ਇਥੇ 60 ਤੋਂ ਵੱਧ ਮੋਰ ਹਨ ਪਰ ਇਹ ਵੀ ਅਸੁਰੱਖਿਅਤ ਥਾਵਾਂ 'ਤੇ ਹੀ ਘੁੰਮ ਰਹੇ ਹਨ ।
ਰਾਸ਼ਟਰੀ ਪੰਛੀ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹੋਏ ਹਨ : ਜ਼ਿਲਾ ਅਧਿਕਾਰੀ
ਇਸ ਸਬੰਧੀ ਜਦੋਂ ਜ਼ਿਲਾ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਸ਼ਟਰੀ ਪੰਛੀ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕੀਤੇ ਹੋਏ ਹਨ । ਆਵਾਰਾ ਕੁੱਤੇ ਮੋਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ, ਜਿਸ 'ਤੇ ਸਖ਼ਤੀ ਨਾਲ ਕਾਬੂ ਪਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਪੰਛੀਆਂ ਦੀ ਸੁਰੱਖਿਆ ਲਈ ਚਾਈਨਾ ਡੋਰ 'ਤੇ ਵੀ ਰੋਕ ਲਾਈ ਗਈ ਹੈ ਤੇ ਰਾਸ਼ਟਰੀ ਪੰਛੀ ਦੀ ਰਿਹਾਇਸ਼ ਵਾਲੀ ਥਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।