ਨਾਰੀ ਨਿਕੇਤਨ ਦਾ ਵਿਹੜਾ ਹੋਇਆ ਸੁੰਨਾ, ਵਿਆਹ ਦੇ ਬੰਧਨ 'ਚ ਬੱਝੀ ਲਾਡਲੀ ਸੁਨੈਨਾ

07/25/2019 11:25:36 AM

ਜਲੰਧਰ (ਧਵਨ)— ਨਾਰੀ ਨਿਕੇਤਨ ਦੀ ਲਾਡਲੀ ਸੁਨੈਨਾ ਦਾ ਵਿਆਹ ਬੁੱਧਵਾਰ ਨੂੰ ਖੁਸ਼ੀਆਂ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਿੰਕ ਕਾਲੋਨੀ 'ਚ ਹੋਇਆ। ਸੁਨੈਨਾ ਨਕੋਦਰ ਰੋਡ ਸਥਿਤ ਨਾਰੀ ਨਿਕੇਤਨ 'ਚ ਲਗਭਗ 14 ਸਾਲ ਪਹਿਲਾਂ ਪਹੁੰਚੀ ਸੀ, ਜਦੋਂ ਉਹ 6-7 ਸਾਲ ਦੀ ਬੱਚੀ ਸੀ। ਨਾਰੀ ਨਿਕੇਤਨ 'ਚ ਪਲਦਿਆਂ ਸੁਨੈਨਾ ਨੇ ਅੱਠਵੀਂ ਤੱਕ ਸਿੱਖਿਆ ਹਾਸਲ ਕੀਤੀ। ਸੁਨੈਨਾ ਦੇ ਵਿਆਹ ਸਮੇਂ ਨਾਰੀ ਨਿਕੇਤਨ ਟਰੱਸਟ ਦੀ ਜਨਰਲ ਸਕੱਤਰ ਗੁਰਜੋਤ ਕੌਰ, ਟਰੱਸਟ ਮੈਂਬਰ ਸੀਮਾ ਚੋਪੜਾ, ਨੀਨਾ ਸੋਂਧੀ, ਸੀ. ਈ. ਓ. ਨਵਿਤਾ ਜੋਸ਼ੀ, ਕਮਲ ਭਗਤ ਅਤੇ ਹੋਰ ਮੈਂਬਰ ਮੌਜੂਦ ਸਨ। ਸੀਮਾ ਚੋਪੜਾ ਨੇ ਵੀ ਟਰੱਸਟ ਮੈਂਬਰ ਵਜੋਂ ਸੁਨੈਨਾ ਦੇ ਬਿਹਤਰੀਨ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਨਾਰੀ ਨਿਕੇਤਨ 'ਚ ਵਿਆਹ ਸਮੇਂ ਲੜਕੀ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਜ਼ਰੂਰੀ ਵਸਤਾਂ ਸੁਨੈਨਾ ਨੂੰ ਟਰੱਸਟ ਵਲੋਂ ਦਿੱਤੀਆਂ ਗਈਆਂ। ਵਿਆਹ ਸਮਾਰੋਹ 'ਚ 150 ਦੇ ਕਰੀਬ ਲੋਕ ਸ਼ਾਮਲ ਹੋਏ। ਨਾਰੀ ਨਿਕੇਤਨ ਟਰੱਸਟ ਨੂੰ ਸੁਨੈਨਾ ਦੇ ਵਿਆਹ ਮੌਕੇ ਨਰੇਸ਼ ਗੁਜਰਾਲ ਅਤੇ ਐੱਨ. ਕੇ. ਮਹਿਤਾ ਨੇ ਵੀ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ ਸਨ। ਵਿਆਹ ਦਾ ਸਾਰਾ ਖਰਚ ਟਰੱਸਟ ਵੱਲੋਂ ਕੀਤਾ ਗਿਆ। ਨਾਰੀ ਨਿਕੇਤਨ ਟਰੱਸਟ ਹੁਣ ਤੱਕ ਪਿਛਲੇ ਕੁਝ ਸਮੇਂ 'ਚ 16-17 ਲੜਕੀਆਂ ਦੇ ਵਿਆਹ ਕਰਵਾ ਚੁੱਕਾ ਹੈ। ਪੂਰੀਆਂ ਰਸਮਾਂ ਦੇ ਨਾਲ ਸੁਨੈਨਾ ਨੇ ਤਰਸੇਮ ਦੇ ਨਾਲ ਲਾਵਾਂ ਲਈਆਂ। ਸੁਨੈਨਾ ਦਾ ਵਿਆਹ ਪਟਿਆਲਾ ਦੇ ਤਰਸੇਮ ਲਾਲ ਨਾਲ ਹੋਇਆ ਹੈ। ਤਰਸੇਮ ਪਟਿਆਲਾ 'ਚ ਕੰਸਟ੍ਰਕਸ਼ਨ ਵਰਕਰ ਦੇ ਤੌਰ 'ਤੇ ਕੰਮ ਕਰਦਾ ਹੈ। ਦੂਜੇ ਪਾਸੇ ਸੁਨੈਨਾ ਨੇ 8ਵੀਂ ਜਮਾਤ ਤੋਂ ਇਲਾਵਾ ਬਿਊਟੀਸ਼ੀਅਨ, ਟੇਲਰਿੰਗ ਤੇ ਸਟਿਚਿੰਗ ਦਾ ਕੋਰਸ ਵੀ ਕੀਤਾ ਹੈ। 

ਟਰੱਸਟੀ ਦੇ ਪਤੀ ਨੇ ਕੀਤਾ ਕੰਨਿਆਦਾਨ 
ਬੁੱਧਵਾਰ ਨੂੰ ਨਾਰੀ-ਨਿਕੇਤਨ 'ਚ ਵੱਖਰੀ ਹੀ ਚਹਿਲ-ਪਹਿਲ ਸੀ। ਟਰੱਸਟੀ ਅਤੇ ਜਨਰਲ ਸੈਕਰੇਟਰੀ ਮੈਡਮ ਗੁਰਜੋਤ ਦੇ ਪਤੀ ਹਰਪ੍ਰੀਤ ਸਿੰਘ ਨੇ ਕੰਨਿਆਦਾਨ ਕੀਤਾ।  ਵਿਦਾਈ ਦੇ ਸਮੇਂ ਨਾਰੀ ਨਿਕੇਤਨ ਦੇ ਸਟਾਫ, ਸਹੇਲੀਆਂ ਸਮੇਤ ਪੁੱਜੇ ਮਹਿਮਾਨਾਂ ਦੀਆਂ ਅੱਖਾਂ 'ਚੋਂ ਹੰਝੂ ਝਲਕ ਉੱਠੇ। ਸਾਰਿਆਂ ਨੂੰ ਸੁਨੈਨਾ ਦੇ ਪ੍ਰਤੀ ਫਿਕਰਮੰਦ ਦੇਖ ਲਾੜੇ ਦੇ ਪਿਤਾ ਨੇ ਜਗਤਾਰ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਅਸੀਂ ਸੁਨੈਨਾ ਨੂੰ ਨੂੰਹ ਨਹੀਂ ਸਗੋਂ ਧੀ ਵਾਂਗ ਰੱਖਾਂਗੇ। ਉਨ੍ਹਾਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਸੁਨੈਨਾ ਵਰਗੀ ਬੇਟੀ ਮਿਲੀ ਹੈ। ਉਨ੍ਹਾਂ ਦੇ ਦੋ ਬੇਟੇ ਹੀ ਹਨ। ਆਸ਼ਿਰਵਾਦ ਦੇਣ ਲਈ ਸੰਸਥਾ ਦੀਆਂ ਉਹ ਬੇਟੀਆਂ ਵੀ ਪਹੁੰਚੀਆਂ ਦੋ ਦਾਦੀ-ਨਾਨੀ ਬਣ ਚੁੱਕੀਆਂ ਹਨ। ਸੁਨੈਨਾ ਨੂੰ ਆਸ਼ਿਰਵਾਦ ਦੇਣ ਪਹੁੰਚੀਆਂ ਕਈ ਮਹਿਲਾਵਾਂ ਦਾ ਵਿਆਹ ਵੀ ਨਾਰੀ-ਨਿਕੇਤਨ 'ਚ ਹੀ ਹੋਇਆ ਸੀ। ਜ਼ਿਆਦਾਤਰ ਔਰਤਾਂ ਹੁਣ ਦਾਦੀ-ਨਾਨੀ ਬਣ ਚੁੱਕੀਆਂ ਹਨ। ਵਿਆਹ 'ਚ ਸ਼ਿਰਕਤ ਕਰਨ ਪਹੁੰਚੀ ਵੀਨਾ ਦਾ ਵਿਆਹ 1987 'ਚ ਹੋਇਆ ਸੀ। ਹੁਣ ਉਨ੍ਹਾਂ ਦੇ ਬੇਟੇ ਦਾ ਵੀ ਵਿਆਹ ਹੋ ਚੁੱਕਾ ਹੈ। ਉਥੇ ਹੀ ਕੁਸੂਮ ਅਤੇ ਰੇਨੂੰ ਨਾਂ ਦੀਆਂ ਔਰਤਾਂ ਦੇ ਬੱਚਿਆਂ ਦੇ ਵੀ ਵਿਆਹ ਹੋ ਚੁੱਕੇ ਹਨ।

shivani attri

This news is Content Editor shivani attri