ਮਾਂ ਦੀ ਵਾਪਸੀ ਲਈ ਮੋਦੀ ਨੂੰ ਤਿੰਨ ਬੱਚਿਆਂ ਦੀ ਗੁਹਾਰ

06/21/2019 6:27:24 PM

ਗੁਰਾਦਸਪੁਰ/ਜਲੰਧਰ : ਗੁਰਦਾਸਪੁਰ ਦੇ ਤਿੰਨ ਬੱਚਿਆਂ ਨੇ ਕੁਵੈਤ ਵਿਚ ਫਸੀ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈ ਸ਼ੰਕਰ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਹੈ। ਕਵੈਤ 'ਚ ਫਸੀ ਵੀਨਾ ਦੇ ਬੇਟੇ ਰੋਹਿਤ ਬੇਦੀ ਨੇ ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਉਨ੍ਹਾਂ ਦਾ ਇਕ ਭਰਾ ਅਤੇ ਇਕ ਦਸ ਸਾਲ ਦੀ ਛੋਟੀ ਭੈਣ ਹੈ, ਜੋ ਆਪਣੀ ਮਾਂ ਦਾ ਰਾਹ ਤੱਕ ਰਹੇ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਵਾਰ-ਵਾਰ ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਅਤੇ ਪੁਲਸ ਦੇ ਰਵੱਈਏ ਤੋਂ ਮਾਨਸਿਕ ਤੌਰ 'ਤੇ ਤੰਗ ਆ ਕੇ ਉਨ੍ਹਾਂ ਦੇ ਪਿਤਾ ਸੁਰਿੰਦਰ ਬੇਦੀ ਦੀ ਵੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਗੁਰਦਾਸਪਰੁ ਪੁਲਸ ਨੇ ਵੀਨਾ ਨੂੰ ਕਵੈਤ ਭੇਜਣ ਵਾਲੇ ਏਜੰਟ ਦੇ ਖਿਲਾਫ 20 ਜੂਨ ਨੂੰ ਪਰਚਾ ਤਾਂ ਦਰਜ ਕਰ ਲਿਆ ਪਰ ਉਨ੍ਹਾਂ ਦੀ ਮਾਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਦਾ ਦਖਲ ਜ਼ਰੂਰੀ ਹੈ। ਲਿਹਾਜ਼ਾ ਵਿਦੇਸ਼ ਮੰਤਰੀ ਅਤੇ ਕੁਵੈਤ ਵਿਚ ਸਥਿਤ ਭਾਰਤ ਦੀ ਅੰਬੈਸੀ ਇਸ ਮਾਮਲੇ ਵਿਚ ਕਾਰਵਾਈ ਕਰਨ ਕਿਉਂਕਿ ਪਰਿਵਾਰ ਦਾ ਪਿਛਲੇ ਛੇ ਮਹੀਨਿਆਂ ਤੋਂ ਵੀਨਾ ਰਾਣੀ ਨਾਲ ਕੋਈ ਵੀ ਸੰਪਰਕ ਨਹੀਂ ਹੋ ਪਾ ਰਿਹਾ, ਜਿਸ ਨੰਬਰ 'ਤੇ ਪਹਿਲਾਂ ਵੀਨਾ ਰਾਣੀ ਨਾਲ ਪਰਿਵਾਰ ਦੀ ਗੱਲਬਾਤ ਹੋ ਰਹੀ ਸੀ, ਉਹ ਨੰਬਰ ਵੀ ਬੰਦ ਜਾ ਰਿਹਾ ਹੈ। 

ਇਸ ਵਿਚਕਾਰ ਪਰਿਵਾਰ 7 ਲੱਖ ਰੁਪਏ ਦੇ ਬੈਂਕ ਦੇ ਕਰਜ਼ ਹੇਠ ਵੀ ਫਸਿਆ ਹੈ ਅਤੇ ਬੈਂਕ ਦੇ ਅਫਸਰ ਵੀ ਪਰਿਵਾਰ ਨੂੰ ਤੰਗ ਕਰ ਰਹੇ ਹਨ। ਵੀਨਾ ਰਾਣੀ ਦੇ ਤਿੰਨਾਂ ਬੱਚਿਆਂ ਨੇ ਵਿੱਤ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਪਿਤਾ ਦੀ ਸਰਕਾਰੀ ਨੌਕਰੀ ਉਨ੍ਹਾਂ ਦੇ ਪੁੱਤਰ ਨੂੰ ਮਿਲਣ ਤਕ ਬੈਂਕ ਦੀ ਕਾਰਵਾਈ 'ਤੇ ਰੋਕ ਲਗਾਈ ਜਾਵੇ ਅਤੇ ਉਨ੍ਹਾਂ ਨੂੰ ਵਿਆਜ ਤੋਂ ਛੋਟ ਦਿੱਤੀ ਜਾਵੇ। 

ਜ਼ਿਕਰਯੋਗ ਹੈ ਕਿ ਵੀਨਾ ਰਾਣੀ ਇਕ ਏਜੰਟ ਦੇ ਜ਼ਰੀਏ ਜੁਲਾਈ 2018 ਵਿਚ ਕੁਵੈਤ ਗਈ ਸੀ। ਏਜੰਟ ਨੇ ਉਨ੍ਹਾਂ ਨੂੰ ਕੁਵੈਤ ਵਿਖੇ ਘਰ ਵਿਚ ਕੰਮ ਕਰਵਾਉਣ ਬਦਲੇ ਚੰਗੀ ਤਨਖਾਹ ਦਿਵਾਉਣ ਦਾ ਭਰੋਸਾ ਦਿੱਤਾ ਸੀ। ਕੁਵੈਤ ਜਾਣ ਤੋਂ ਬਾਅਦ ਵੀਨਾ ਰਾਣੀ ਨੇ ਇਕ ਵਾਰ ਆਪਣੇ ਪਰਿਵਾਰ ਨੂੰ 16 ਹਜ਼ਾਰ ਰੁਪਏ ਦੀ ਰਕਮ ਵੀ ਭੇਜੀ ਪਰ ਉਸ ਤੋਂ ਬਾਅਦ ਵੀਨਾ ਰਾਣੀ ਲਗਾਤਾਰ ਆਪਣੇ ਪਤੀ ਅਤੇ ਪਰਿਵਾਰ ਨੂੰ ਕੁਵੈਤ ਤੋਂ ਵਾਪਸ ਬੁਲਾਉਣ ਦੀ ਮੰਗ ਕਰਦੀ ਰਹੀ ਕਿਉਂਕਿ ਵੀਨਾ ਰਾਣੀ ਦਾ ਪਾਸਪੋਰਟ ਕੁਵੈਤ ਵਿਚ ਹੀ ਭਾਰਤੀ ਏਜੰਟ ਦੇ ਦੂਸਰੇ ਸਾਥੀ ਕੋਲ ਹੈ।

Gurminder Singh

This news is Content Editor Gurminder Singh