ਜਾਖੜ ਨੇ ਮੋਦੀ ਨੂੰ ਭੇਜੀ ਪੰਜਾਬ ''ਚ ਕਰਜ਼ਾ ਮੁਆਫੀ ਦਾ ਲਾਭ ਲੈਣ ਵਾਲੇ ਕਿਸਾਨਾਂ ਦੀ ਸੂਚੀ

01/02/2019 11:13:28 PM

ਜਲੰਧਰ,(ਧਵਨ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਸੂਚਿਤ ਕੀਤਾ ਕਿ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ, ਦੀ ਗਿਣਤੀ 4 ਲੱਖ 14 ਹਜ਼ਾਰ ਤਕ ਪਹੁੰਚ ਚੁੱਕੀ ਹੈ। ਅਜਿਹੇ ਕਿਸਾਨਾਂ ਦਾ ਹੁਣ ਤਕ 3417 ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋ ਚੁੱਕਾ ਹੈ। ਮੋਦੀ ਨੇ ਪਿਛਲੇ ਦਿਨੀਂ ਹਿਮਾਚਲ ਦੇ ਆਪਣੇ ਦੌਰੇ ਦੌਰਾਨ ਕਿਹਾ ਸੀ ਕਿ ਪੰਜਾਬ 'ਚ ਸਰਕਾਰ ਨੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ ਨਹੀਂ ਕੀਤਾ । ਜਾਖੜ ਨੇ ਦੋਸ਼ ਲਾਇਆ ਕਿ ਮੋਦੀ ਝੂਠ ਬੋਲ ਰਹੇ ਹਨ।

ਚਿੱਠੀ 'ਚ ਜਾਖੜ ਨੇ ਲਿਖਿਆ ਹੈ ਕਿ ਔਸਤ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ 56737 ਰੁਪਏ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਕਰਜ਼ਾ ਮੁਆਫ ਹੋਇਆ ਹੈ। ਵਪਾਰਕ ਬੈਂਕਾਂ ਤੋਂ ਕਰਜ਼ੇ ਦੀ ਮੁਆਫੀ ਪ੍ਰਤੀ ਕਿਸਾਨ ਔਸਤ 1 ਲੱਖ 62 ਹਜ਼ਾਰ 830 ਰੁਪਏ ਬਣਦੀ ਹੈ। ਜਦੋਂ ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਨੇ 2017 'ਚ ਸੱਤਾ ਛੱਡੀ ਸੀ ਤਾਂ ਸੂਬੇ 'ਚ ਆਰਥਿਕ ਢਾਂਚਾ ਤਬਾਹੀ ਦੇ ਕੰਢੇ 'ਤੇ ਪਹੁੰਚ ਗਿਆ ਸੀ। ਪੰਜਾਬ ਦੇ ਸਿਰ 'ਤੇ 1,95,152 ਕਰੋੜ ਰੁਪਏ ਦਾ ਇਸ ਸਮੇਂ ਕਰਜ਼ਾ ਹੈ। ਇਸ ਤੋਂ ਇਲਾਵਾ ਅਨਾਜ ਖਰੀਦ ਘਪਲੇ ਦਾ 31 ਹਜ਼ਾਰ ਕਰੋੜ ਰੁਪਏ ਦਾ ਭਾਰ ਵੀ ਪੰਜਾਬ 'ਤੇ ਪਿਆ ਹੈ। ਪੰਜਾਬ ਸਰਕਾਰ ਨੇ ਵਧੀਆ ਵਿੱਤੀ ਪ੍ਰਬੰਧ ਕਰ ਕੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ।

ਜਾਖੜ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ। ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦੇ ਕਰਜ਼ਾ ਮੁਆਫੀ ਵਾਲੇ ਵਾਅਦੇ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਭਾਜਪਾ ਨੇ ਦੇਸ਼ 'ਚ ਸਭ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਮੋਦੀ ਨੇ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵੀ ਭਰੋਸਾ ਦਿੱਤਾ ਸੀ, ਇਸ ਦੇ ਬਾਵਜੂਦ ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਜਦਕਿ ਮਨਮੋਹਨ ਸਿੰਘ ਸਰਕਾਰ ਵੇਲੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ ਸੀ।

ਮੋਦੀ ਨੇ ਪੰਜਾਬ ਨੂੰ ਵੀ ਕਰਜ਼ਾ ਮੁਆਫੀ ਦਾ ਪੈਕੇਜ ਨਹੀਂ ਦਿੱਤਾ
ਸੁਨੀਲ ਜਾਖੜ ਨੇ ਮੋਦੀ 'ਤੇ ਦੋਸ਼ ਲਾਇਆ ਕਿ ਉਨ੍ਹਾਂ ਪੰਜਾਬ ਨੂੰ ਵੀ ਕਰਜ਼ਾ ਮੁਆਫੀ ਦਾ ਕੋਈ ਪੈਕੇਜ ਨਹੀਂ ਦਿੱਤਾ। 2014 'ਚ ਮੋਦੀ ਨੂੰ ਇਹ ਵਾਅਦਾ ਜਾਂ ਤਾਂ ਕਰਨਾ ਨਹੀਂ ਚਾਹੀਦਾ ਸੀ। ਜੇ ਕੀਤਾ ਸੀ ਤਾਂ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਦੇਸ਼ ਦਾ ਅੰਨ ਭੰਡਾਰ ਕਿਸਾਨਾਂ ਵਲੋਂ ਭਰਿਆ ਜਾਂਦਾ ਹੈ ਪਰ ਇੰਝ ਲੱਗਦਾ ਹੈ ਕਿ ਮੋਦੀ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੇ।