ਮੰਡੀ ਫੈਂਟਨਗੰਜ ਸਥਿਤ ਸਤਿ ਨਾਰਾਇਣ ਮੈਨੂਫੈਕਚਰਿੰਗ ਕੰਪਨੀ ’ਚ ਜੀ. ਐੱਸ. ਟੀ. ਟੀਮ ਨੇ ਕੀਤੀ ਰੇਡ

08/21/2018 6:25:43 AM

ਜਲੰਧਰ,   (ਮ੍ਰਿਦੁਲ)—ਮੰਡੀ ਫੈਂਟਨਗੰਜ ਵਿਚ ਸੋਮਵਾਰ ਸਵੇਰੇ 11 ਵਜੇ ਜੀ. ਐੱਸ. ਟੀ.  ਡਿਪਾਰਟਮੈਂਟ ਨੇ ਦੁਕਾਨ ਨੰਬਰ 1 ਸਤਿ ਨਾਰਾਇਣ ਮੈਨੂਫੈਕਚਰਿੰਗ ਕੰਪਨੀ ’ਤੇ ਛਾਪੇਮਾਰੀ  ਕੀਤੀ। ਰੇਡ ਈ. ਟੀ. ਓ. ਰਣਜੀਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਜੀ. ਐੱਸ. ਟੀ. ਟੀਮ  ਨੂੰ ਸੂਚਨਾ ਮਿਲੀ ਸੀ ਕਿ ਉਕਤ ਫਰਮ ਦੇ ਮਾਲਕ ਪਿਛਲੇ  ਸਾਲਾਂ ਤੋਂ ਜੀ. ਐੱਸ. ਟੀ.  ਬਚਾਅ ਰਹੇ ਹਨ, ਜਿਸ ਨੂੰ ਜਾਂਚਣ ਲਈ ਰੇਡ ਕੀਤੀ ਗਈ। ਟੀਮ ਨੇ ਰੇਡ ਕਰ ਕੇ ਫਰਮ ਦੇ ਖਰੀਦ  ਅਤੇ ਵੇਚ ਦੇ ਬਿੱਲਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। 
ਈ. ਟੀ. ਓ. ਰਣਜੀਤ ਸਿੰਘ ਨੇ  ਦੱਸਿਆ ਕਿ ਪਟਿਆਲਾ ਵਿਚ ਸਥਿਤ ਹੈੱਡ ਆਫਿਸ ਤੋਂ ਸੂਚਨਾ ਆਈ ਸੀ ਕਿ ਉਕਤ ਫਰਮ ਦੇ ਮਾਲਕ  ਅਸ਼ੋਕ ਕੁਮਾਰ ਅਗਰਵਾਲ ਪਿਛਲੇ ਸਵਾ ਸਾਲ ਤੋਂ ਜੀ. ਐੱਸ. ਟੀ. ਨੰਬਰ ਲੈਣ ਦੇ ਬਾਵਜੂਦ  ਬ੍ਰਾਂਡਿਡ ਮਾਰਕਾ ਦੇ ਨਾਂ ’ਤੇ ਜੀ. ਐੱਸ. ਟੀ. ਨੂੰ ਇਲਲੀਗਲ ਤਰੀਕੇ ਨਾਲ ਬਚਾਅ ਰਿਹਾ  ਹੈ, ਜਿਸ ਨੂੰ ਲੈ ਕੇ ਕਾਫੀ ਦੇਰ ਸ਼ਹਿਰ ਵਿਚ ਇਸ ਤਰ੍ਹਾਂ ਦਾ ਕੰਮ ਕਰਨ ਵਾਲੀਆਂ ਫਰਮਾਂ ਦੇ  ਪਿੱਛੇ ਲੱਗੀ ਹੋਈ ਸੀ। ਈ. ਟੀ. ਓ. ਨੇ ਦੱਸਿਆ ਕਿ ਕੰਪਨੀ ਦੇ ਮਾਲਕ ਅਸ਼ੋਕ ਕੁਮਾਰ ਨੇ ਇਕ  ਆਪਣੇ ਨਾਂ ਦਾ ਮਾਰਕਾ ਰਜਿਸਟਰ ਕਰਵਾਇਆ ਹੈ। ਮਾਲਕ ਵਲੋਂ ਦਿੱਤੇ ਗਏ ਇਸ ਤਰਕ ਨੂੰ ਲੈ ਕੇ  ਟੀਮ ਨੇ ਫਰਮ ਦੇ ਗੋਦਾਮ ਵਿਚ ਫੜੇ ਉਨ੍ਹਾਂ ਦੇ ਸਟਾਫ ਨੂੰ ਵੀ ਚੈੱਕ ਕੀਤਾ ਹੈ। ਟੀਮ ਨੇ  ਫਰਮ ਦੀਅਾਂ ਖਰੀਦ ਅਤੇ ਵੇਚ ਫਾਈਲਾਂ ਨੂੰ ਰਿਕਵਰ ਕਰ ਲਿਆ ਹੈ ਅਤੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ  ਦਿੱਤੀ ਹੈ। ਟੀਮ ਵਿਚ ਈ. ਟੀ. ਓ. ਸੰਦੀਪ ਗੁਪਤਾ, ਅਵਿਨੀਤ ਭੋਗਲ, ਇੰਸ. ਰਾਜੇਸ਼ ਕੁਮਾਰ  ਤੇ ਪੰਕਜ ਹਨ। 

ਕੀ ਕਹਿੰਦਾ ਹੈ ਜੀ. ਐੱਸ. ਟੀ. ਐਕਟ 
ਈ. ਟੀ. ਓ. ਰਣਜੀਤ ਸਿੰਘ  ਨੇ ਦੱਸਿਆ ਕਿ ਐਕਟ ਮੁਤਾਬਕ ਜੇਕਰ ਕੋਈ ਵਿਅਕਤੀ ਬ੍ਰਾਂਡਿਡ ਮਾਰਕੇ ਦਾ ਮਾਲ ਵੇਚਦਾ ਹੈ  ਤਾਂ ਉਸਨੂੰ ਆਪਣੀ ਖਰੀਦ ਅਤੇ ਸੇਲ ’ਤੇ 5 ਫੀਸਦੀ ਜੀ. ਐੱਸ. ਟੀ. ਦੇਣਾ ਪੈਂਦਾ ਹੈ। ਜੇਕਰ  ਕੋਈ ਨਾਨ-ਬ੍ਰਾਂਡਿਡ ਮਾਲ ਜਾਂ ਖੁੱਲ੍ਹਾ ਮਾਲ ਵੇਚਦਾ ਹੈ ਤਾਂ ਉਨ੍ਹਾਂ ਨੂੰ ਇਸਦੇ ਬਾਰੇ  ਆਪਣੇ ਨਾਨ-ਬ੍ਰਾਂਡਿਡ ਮਾਲ ਦੇ ਬਾਰੇ ਕਮਿਸ਼ਨਰ ਨੂੰ ਦੱਸਣਾ ਪੈਂਦਾ ਹੈ। ਹੁਣ ਇਸ ਕੇਸ ਵਿਚ  ਅਸ਼ੋਕ ਕੁਮਾਰ ਅਗਰਵਾਲ ਮੁਤਾਬਕ ਉਹ ਐਪਲ ਅਤੇ ਨਟਰਾਜ ਨਾਮਕ ਮਾਰਕੇ ਰਜਿਸਟਰਡ ਕਰਵਾਏ ਸਨ,  ਜਿਸ ਨੂੰ ਲੈ ਕੇ ਹੁਣ ਉਹ ਫਰਮ ਦੇ ਰਿਕਾਰਡ ਦੀ ਪੂਰੀ ਜਾਂਚ ਕਰਨਗੇ ਕਿਉਂਕਿ ਅਣ ਰਜਿਸਟਰਡ  ਮਾਲ ਵੇਚਣ ਲਈ ਕਾਰੋਬਾਰੀ ਨੂੰ ਜੀ. ਐੱਸ. ਟੀ. ਐਕਟ ਦੇ ਅੰਦਰ ਆਉਂਦੇ ਸਾਰੇ ਦਸਤਾਵੇਜ਼ਾਂ  ਨੂੰ ਪੂਰਾ ਕਰਨਾ ਹੁੰਦਾ ਹੈ ਅਤੇ ਉਕਤ ਕਾਰੋਬਾਰੀ ਦਿੱਤੇ ਗਏ ਰਜਿਸਟਰਡ ਮਾਰਕੇ ਦਾ ਮਾਲ  ਨਹੀਂ ਵੇਚ ਸਕਦਾ ਹੈ। 

ਸਵਾ ਸਾਲ ’ਚ  ਸੂਬੇ ਦੀ ਪਹਿਲੀ ਜੀ. ਐੱਸ. ਟੀ. ਰੇਡ
ਗੌਰਤਲਬ  ਹੈ ਕਿ ਕੇਂਦਰ ਸਰਕਾਰ ਵਲੋਂ ਸਾਲ 2017 ਵਿਚ ਇਕ ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਕੀਤਾ  ਗਿਆ ਸੀ, ਜਿਸ ਨੂੰ ਪਹਿਲਾਂ ਸਰਕਾਰੀ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਸਮਝਣ ਵਿਚ ਵੀ ਕਾਫੀ  ਸਮਾਂ ਲੱਗ ਗਿਆ ਸੀ। ਹੁਣ ਸਵਾ ਸਾਲ ਵਿਚ ਸੂਬੇ ਵਿਚ ਇਹ ਪਹਿਲੀ ਜੀ.ਐੱਸ. ਟੀ. ਦੀ ਰੇਡ ਹੈ  ਜੋ ਕਿ ਨਾਨ-ਬ੍ਰਾਂਡਿਡ ਅਤੇ ਬ੍ਰਾਂਡਿਡ ਗੁਡਜ਼ ਦੇ ਬਿੱਲਾਂ ਵਿਚ ਫੇਰਬਦਲ ਕਰ ਕੇ ਜੀ.  ਐੱਸ.ਟੀ. ਨਾਜਾਇਜ਼ ਤਰੀਕੇ ਨਾਲ ਬਚਾਉਣ ਲਈ ਕਰ ਰਹੇ ਸਨ, ਜਿਸ ਦੀ ਜੀ. ਐੱਸ. ਟੀ. ਵਿਭਾਗ  ਨੂੰ ਭਿਣਕ ਲੱਗਣ ’ਤੇ ਰੇਡ ਕੀਤੀ ਗਈ ਹੈ।


ਜੀ. ਐੱਸ. ਟੀ. ਵਿਭਾਗ ਦੀ ਰੇਡ ਖਿਲਾਫ ਵਪਾਰ ਮੰਡਲ ਨੇ ਜਤਾਇਆ ਰੋਸ

ਜਲੰਧਰ, (ਗੁਲਸ਼ਨ)—ਸੋਮਵਾਰ ਨੂੰ ਮੰਡੀ ਫੈਂਟਨਗੰਜ ਵਿਚ ਦਾਲਾਂ ਦਾ ਕਾਰੋਬਾਰ ਕਰਨ ਵਾਲੀ  ਇਕ ਫਰਮ ਵਿਚ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਰੇਡ ਖਿਲਾਫ  ਵਪਾਰੀਆਂ ਵਲੋਂ ਕਾਫੀ ਰੋਸ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਅਣ-ਬ੍ਰਾਂਡਿਡ ਦਾਲਾਂ ’ਤੇ  ਜੀ. ਐੱਸ. ਟੀ. ਲਾਗੂ ਨਾ ਹੋਣ ਦੇ ਬਾਵਜੂਦ ਵਿਭਾਗ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ,  ਜਿਸ ਨੂੰ ਪੰਜਾਬ ਦਾਲ ਵਪਾਰ ਮੰਡਲ ਨੇ ਬੜੀ ਗੰਭੀਰਤਾ ਨਾਲ ਲਿਆ ਹੈ। ਵਿਭਾਗ ਵਲੋਂ ਕੀਤੀ  ਗਈ ਇਸ ਕਾਰਵਾਈ ਦੀ ਵਪਾਰੀਆਂ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 
ਵਪਾਰ ਮੰਡਲ  ਵਲੋਂ ਇਸ ਸਬੰਧ ਵਿਚ ਇਕ ਹੰਗਾਮੀ ਬੈਠਕ ਕੀਤੀ ਗਈ। ਇਸ ਵਿਚ ਜਲੰਧਰ ਵਪਾਰ ਮੰਡਲ ਦੇ  ਪ੍ਰਧਾਨ ਪਵਿੰਦਰ ਬਹਿਲ ਤੋਂ ਇਲਾਵਾ ਨਵਾਂਸ਼ਹਿਰ ਤੋਂ ਗੁਰਚਰਨ ਅਰੋੜਾ, ਲੁਧਿਆਣਾ ਤੋਂ  ਪ੍ਰਿਤਪਾਲ ਸਿੰਘ, ਸੰਜੀਵ ਕੁਮਾਰ, ਫਗਵਾੜਾ ਤੋਂ ਗਿਰੀਸ਼ ਟ੍ਰੇਡਰਸ ਦੇ ਸ਼੍ਰੀ ਮਖੀਜਾ,  ਕਲੂਚਾ ਫਲੋਰ ਮਿੱਲ, ਹੰਸਰਾਜ, ਸੁਦੇਸ਼ ਕੁਮਾਰ ਤੋਂ ਇਲਾਵਾ ਜਗਰਾਓਂ ਅਤੇ ਅੰਮ੍ਰਿਤਸਰ ਤੋਂ  ਵੀ ਕਈ ਦਾਲ ਵਪਾਰੀ ਹਾਜ਼ਰ ਹੋਏ। 
ਵਪਾਰੀਆਂ ਨੇ ਕਿਹਾ ਕਿ ਮੰਡੀ ਫੈਂਟਨਗੰਜ ਵਿਚ ਸਤਿ  ਨਾਰਾਇਣ ਜੈਨ ਫੂਡ ਪ੍ਰੋਸੈਸਿੰਗ ਫਰਮ ਵਿਚ ਵਿਭਾਗ ਦੀ ਟੀਮ ਨੇ ਵੀ ਵੇਖਿਆ ਕਿ ਉਥੇ  ਅਣ-ਬ੍ਰਾਂਡਿਡ ਸਟਾਕ ਪਿਆ  ਹੈ ਪਰ ਬਾਵਜੂਦ ਇਸਦੇ ਵਪਾਰੀਆਂ ਨੂੰ ਪ੍ਰੇਸ਼ਾਨ ਕੀਤਾ ਗਿਆ।  ਹਾਲਾਂਕਿ ਵਪਾਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰ ਵਲੋਂ 22 ਸਤੰਬਰ 2017  ਨੂੰ  ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਵੀ ਦਿਖਾਇਆ, ਜਿਸ ’ਤੇ ਲਿਖਿਆ ਹੈ ਕਿ ਅਣ-ਬ੍ਰਾਂਡਿਡ  ਦਾਲਾਂ ’ਤੇ ਜੀ. ਐੱਸ. ਟੀ. ਲਾਗੂ ਨਹੀਂ ਹੈ। 
ਰੇਡ ਦੌਰਾਨ ਵਪਾਰੀ ਨੇ ਇਹ ਵੀ ਸਪੱਸ਼ਟ  ਕੀਤਾ ਕਿ ਉਸਦਾ ਕੋਈ ਬਰਾਂਡ ਰਜਿਸਟਰਡ ਨਹੀਂ ਹੈ। ਜੇਕਰ ਅਣ-ਬ੍ਰਾਂਡਿਡ ਦਾਲਾਂ ’ਤੇ ਟੈਕਸ  ਹੈ ਹੀ ਨਹੀਂ ਤਾਂ ਉਹ ਟੈਕਸ ਦੀ ਚੋਰੀ ਕਿਉਂ ਕਰੇਗਾ? ਮੰਡਲ ਵਲੋਂ ਕੀਤੀ ਗਈ ਹੰਗਾਮੀ ਬੈਠਕ  ਵਿਚ ਲੀਗਲ ਐਡਵਾਈਜ਼ਰ ਐਡਵੋਕੇਟ ਜੇ. ਐੱਸ. ਬੇਦੀ ਵੀ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ ਸਨ।  ਉਨ੍ਹਾਂ ਨੇ ਵੀ ਇਸ ਨੋਟੀਫਿਕੇਸ਼ਨ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ  ਕਿਹਾ ਕਿ ਧਾਰਾ 67 ਦੇ ਤਹਿਤ ਇੰਸਪੈਕਸ਼ਨ ਦੀ ਪ੍ਰਮਿਸ਼ਨ ਲਿਖਤ ਰੂਪ ਨਾਲ ਜੁਆਇੰਟ ਕਮਿਸ਼ਨਰ  ਪੱਧਰ ਦੇ ਅਧਿਕਾਰੀ ਵਲੋਂ ਹੀ ਦਿੱਤੀ ਜਾ ਸਕਦੀ ਹੈ। ਇਸ ਮੌਕੇ ਪ੍ਰਮੁੱਖ ਦਾਲ ਵਪਾਰੀ  ਜਗਦੀਸ਼ ਰਾਜ ਅਗਰਵਾਲ, ਦਰਸ਼ਨ ਲਾਲ, ਕੁਲਦੀਪ ਕੁਮਾਰ ਸਮੇਤ ਕਈ ਵਪਾਰੀ ਮੌਜੂਦ ਸਨ। 

ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਦੁਕਾਨ ਅੰਦਰ ਰਹੀ ਜੀ. ਐੱਸ. ਟੀ. ਟੀਮ, ਸਾਥੀ ਕਾਰੋਬਾਰੀਆਂ ਨੂੰ ਵੀ ਅੰਦਰ ਆਉਣ ਦਾ ਨਹੀਂ ਦਿੱਤਾ ਮੌਕਾ
ਜ਼ਿਕਰਯੋਗ  ਹੈ ਕਿ ਸਵੇਰੇ 11 ਵਜੇ ਹੀ ਜਦ ਜੀ. ਐੱਸ. ਟੀ. ਵਿਭਾਗ ਵਲੋਂ ਟੀਮ ਆਈ ਤਾਂ ਮੰਡੀ  ਫੈਂਟਨਗੰਜ ਵਿਚ ਹਫੜਾ-ਦਫੜੀ ਮਚ ਗਈ, ਜਿਸਨੂੰ ਲੈ ਕੇ ਮੰਡੀ ਵਿਚ ਵਪਾਰੀ ਵੀ ਸਾਵਧਾਨ ਹੋ  ਗਏ। ਟੀਮ ਨੇ ਸਵੇਰੇ 11 ਵਜੇ ਆ ਕੇ ਸ਼ਾਮ 4 ਵਜੇ ਤੱਕ ਸਾਰੇ ਬਿੱਲ, ਕੰਪਿਊਟਰ, ਅਕਾਊਂਟ  ਡਿਟੇਲ ਅਤੇ ਹੋਰ ਦਸਤਾਵੇਜ਼ ਚੈੱਕ ਕੀਤੇ, ਜਿਸ ਨੂੰ ਲੈ ਕੇ ਟੀਮ ਨੇ ਫਰਮ ਦੇ ਮਾਲਕਾਂ ਤੋਂ  ਇਲਾਵਾ  ਕਿਸੇ ਹੋਰ ਕਾਰੋਬਾਰੀ ਜਾਂ ਵਿਅਕਤੀ ਨੂੰ ਅੰਦਰ ਨਹੀਂ ਆਉਣ ਦਿੱਤਾ।