ਪੰਜਾਬ ਪੁਲਸ ਦੇ ASI ਨੇ ਪਾਈ ਮੁਫ਼ਤ ’ਚ ਮੱਛੀ ਦੀ ਵਗਾਰ, ਵੀਡੀਓ ਵਾਇਰਲ ਹੋਣ ’ਤੇ ਡਿੱਗੀ ਗਾਜ਼

02/06/2021 10:32:38 AM

ਜਲੰਧਰ (ਮਹੇਸ਼)- ਰਾਮਾ ਮੰਡੀ ਦੇ ਪਾਪਾ ਚਿੱਕਨ ਕਾਰਨਰ ਤੋਂ ਮੁਫ਼ਤ ਵਿਚ ਮੱਛੀ ਮੰਗਵਾਉਣ ਵਾਲੇ ਨੰਗਲ ਸ਼ਾਮਾ ਪੁਲਸ ਚੌਕੀ ਦੇ ਮੁਖੀ ਏ. ਐੱਸ. ਆਈ. ਮੋਹਿੰਦਰ ਸਿੰਘ ਨੂੰ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵਾਡੀਓ ਨੂੰ ਪੁਲਸ ਕਮਿਸ਼ਨਰ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਕੋਲੋਂ ਕਰਵਾਈ ਗਈ ਜਾਂਚ ਵਿਚ ਚੌਂਕੀ ਮੁਖੀ ਮੋਹਿੰਦਰ ਸਿੰਘ ’ਤੇ ਮੁਫ਼ਤ ਮੱਛੀ ਮੰਗਵਾਉਣ ਦੇ ਦੋਸ਼ ਸਹੀ ਪਾਏ ਗਏ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰਦੇ ਹੋਏ ਇਸ ਦੀ ਵਿਭਾਗੀ ਇਨਕੁਆਰੀ ਖੋਲ੍ਹ ਦਿੱਤੀ ਹੈ। 

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਇਹ ਹੋਈ ਵਾਇਰਲ ਵੀਡੀਓ
ਜਾਣਕਾਰੀ ਮੁਤਾਬਕ ਵਾਇਰਲ ਹੋਈ ਵੀਡੀਓ ਵਿਚ ਨੰਗਲ ਸ਼ਾਮਾ ਚੌਂਕੀ ਦਾ ਇਕ ਮੁਲਾਜ਼ਮ ਪਾਪਾ ਚਿੱਕਨ ਕਾਰਨਰ ’ਤੇ ਜਾਂਦਾ ਹੈ ਅਤੇ ਉਥੋਂ ਦੀ ਮਾਲਕਣ ਇਕ ਵਿਧਵਾ ਬੀਬੀ ਨੂੰ ਕਹਿੰਦਾ ਹੈ ਕਿ ਉਸ ਨੂੰ ਸਾਬ੍ਹ ਨੇ ਮੱਛੀ ਲਿਆਉਣ ਲਈ ਭੇਜਿਆ ਹੈ, ਜਿਸ ’ਤੇ ਬੀਬੀ ਉਸ ਨੂੰ ਕਹਿੰਦੀ ਹੈ ਕਿ ਉਹ ਰੋਜ਼-ਰੋਜ਼ ਪੁਲਸ ਦੀ ਵਗਾਰ ਨਹੀਂ ਝੱਲ ਸਕਦੀ। ਉਸ ਨੇ ਕਿਹਾ ਕਿ ਉਹ ਮਿਹਨਤ ਨਾਲ ਕਮਾਈ ਹੋਈ ਰੋਟੀ ਖਾਂਦੀ ਹੈ, ਨਾ ਸ਼ਰਾਬ ਵੇਚਦੀ ਹੈ ਅਤੇ ਨਾ ਹੀ ਸ਼ਰਾਬ ਪਿਲਾਉਂਦੀ ਹੈ।

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

ਇਸ ਦੇ ਇਲਾਵਾ ਉਹ ਆਪਣੇ ਰੈਸਟੋਰੈਂਟ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰਦੀ, ਜਿਸ ਕਾਰਨ ਉਸ ਨੂੰ ਪੁਲਸ ਦਾ ਕੋਈ ਡਰ ਸਹਿਣਾ ਪਵੇ। ਉਸ ਵੱਲੋਂ ਫ੍ਰੀ ’ਚ ਮੱਛੀ ਦੇਣ ਤੋਂ ਸਾਫ਼ ਨਾਂਹ ਕਰ ਦੇਣ ਦੇ ਬਾਅਦ ਚੌਂਕੀ ਨੰਗਲਸ਼ਾਮਾ ਦਾ ਮੁਲਾਜ਼ਮ ਉਥੋਂ ਬਿਨਾਂ ਮੱਛੀ ਲਏ ਹੀ ਵਾਪਸ ਚਲਾ ਗਿਆ। ਪਤਾ ਲੱਗਾ ਹੈ ਕਿ ਚੌਂਕੀ ਵਿਚ ਆਏ ਮੁਲਾਜ਼ਮ ਦੀ ਸਟਿੰਗ ਵੀ ਪਾਪਾ ਚਿੱਕਨ ਕਾਰਨਰ ਦੀ ਵਿਧਵਾ ਬੀਬੀ ਨੇ ਖ਼ੁਦ ਹੀ ਕਰਵਾਇਆ ਸੀ, ਜਿਸ ਦੇ ਬਾਅਦ ਵਿਚ ਉਸ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਨਾਲ-ਨਾਲ ਉੱਚ ਅਧਿਕਾਰੀਆਂ ਤੱਕ ਵੀ ਪਹੁੰਚਾ ਦਿੱਤਾ ਗਿਆ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri