''ਨਾਨਕ ਸ਼ਾਹ ਫਕੀਰ'' ਨੂੰ ਜੋ ਵੀ ਆਪਣੇ ਸਿਨੇਮਾ ''ਚ ਚਲਾਵੇਗਾ ਉਹ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਵੇਗਾ

04/10/2018 5:45:27 PM

ਸੁਲਤਾਨਪੁਰ ਲੋਧੀ (ਸੋਢੀ)— ਵਿਵਾਦਾਂ 'ਚ ਘਿਰੀ ਚਰਚਿਤ ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਜੋ ਵੀ ਸਿਨੇਮਾ ਦਾ ਮਾਲਕ ਆਪਣੇ ਸਿਨੇਮਾ 'ਚ ਚਲਾਉਣ ਦੀ ਕੋਸ਼ਿਸ਼ ਕਰੇਗਾ ਉਹ ਆਪਣੇ ਹੋਣ ਵਾਲੇ ਨੁਕਸਾਨ ਦਾ ਆਪ ਹੀ ਜ਼ਿੰਮੇਵਾਰ ਹੋਵੇਗਾ। ਇਹ ਐਲਾਨ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਇਕੱਠੀਆਂ ਹੋਈਆਂ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਕੀਤਾ ਗਿਆ। 
ਫਿਲਮ 'ਨਾਨਕ ਸ਼ਾਹ ਫਕੀਰ' ਦੀ ਰਿਲੀਜ਼ਿੰਗ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਸਮੂਹ ਧਾਰਮਿਕ ਸਿੱਖ ਜਥੇਬੰਦੀਆਂ ਦੀ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਇਕ ਭਾਰੀ ਮੀਟਿੰਗ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਆਗੂ ਭਾਈ ਸੁਖਜੀਤ ਸਿੰਘ ਖੋਸੇ ਦੀ ਅਗਵਾਈ ਹੇਠ ਹੋਈ। ਇਸ 'ਚ ਦੋਆਬੇ ਤੋਂ ਇਲਾਵਾ ਮਾਝੇ ਅਤੇ ਮਾਲਵੇ ਦੀਆਂ ਵੀ ਭਾਰੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਾਰਨ ਸਾਹਿਬ ਵਾਲੇ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਸੰਤ ਬਾਬਾ ਲੀਡਰ ਸਿੰਘ ਵੱਲੋਂ ਉਨ੍ਹਾਂ ਦੇ ਸੇਵਾਦਾਰ ਵੱਡੀ ਗਿਣਤੀ 'ਚ ਪਹੁੰਚੇ ।ਮੀਟਿੰਗ 'ਚ ਪੰਜ ਪਿਆਰੇ ਸਾਹਿਬਾਨ ਵੀ ਭਾਈ ਸਤਨਾਮ ਸਿੰਘ ਖੰਡਾ ਦੀ ਅਗਵਾਈ ਹੇਠ ਪੁੱਜੇ। 
ਮੀਟਿੰਗ ਉਪਰੰਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਅਰਦਾਸ ਕਰਕੇ ਸਮੂਹ ਸੰਗਤਾਂ ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ, ਚੌਕ ਚੇਲਿਆਂ ਵਾਲਾ, ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਰੋਡ, ਆਰੀਆ ਸਮਾਜ ਰੋਡ, ਤਲਵੰਡੀ ਪੁਲ ਚੌਕ ਤੋਂ ਹੁੰਦੇ ਹੋਏ ਜੋਸ਼ੀਲਾ ਰੋਸ ਮਾਰਚ ਕੱਢਿਆ ਗਿਆ ਅਤੇ ਫਿਲਮ ਨੂੰ ਪ੍ਰਵਾਨਗੀ ਦੇਣ ਵਾਲੇ ਆਗੂਆਂ ਅਤੇ ਹਰਵਿੰਦਰ ਸਿੱਕਾ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਸਮੇਂ ਰੋਸ ਮਾਰਚ ਦੌਰਾਨ ਭਾਈ ਸੁਖਜੀਤ ਸਿੰਘ ਖੋਸੇ ਤੋਂ ਇਲਾਵਾ ਭਾਈ ਸਤਨਾਮ ਸਿੰਘ ਖੰਡਾ, ਵਿਦਵਾਨ ਢਾਡੀ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਾਂਤ, ਜਥੇ ਗੁਰਦਿਆਲ ਸਿੰਘ ਖਾਲਸਾ ਅਕਾਲੀ ਆਗੂ ਸੁਲਤਾਨਪੁਰ ਲੋਧੀ, ਬਾਬਾ ਲਾਲ ਸਿੰਘ ਮੁਖੀ ਬਾਬਾ ਬੁੱਢਾ ਦਲ ਪੰਜਵਾਂ ਤਖਤ, ਭਾਈ ਮਨਜੀਤ ਸਿੰਘ ਝਬਾਲ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਗੁਰਜੀਤ ਸਿੰਘ ਮੰਡੀ ਗੋਬਿੰਦਗੜ, ਜਥੇ ਪਰਮਿੰਦਰ ਸਿੰਘ ਖਾਲਸਾ ਪ੍ਰਧਾਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ, ਭਾਈ ਦਵਿੰਦਰ ਸਿੰਘ ਗੋਟੀ, ਆਦਿ ਆਗੂਆਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਮੂਹ ਸਿੱਖ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਪਾਵਨ ਧਰਤੀ ਸੁਲਤਾਨਪੁਰ ਲੋਧੀ ਵਿਖੇ ਇੱਕਮੁੱਠ ਹੋ ਕੇ ਫਿਲਮ ਨਾਨਕ ਸ਼ਾਹ ਫਕੀਰ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ ਅਤੇ ਮਤਾ ਪਾਸ ਕਰਕੇ ਮਹਾਨ ਸਿੱਖ ਹਸਤੀਆਂ ਦੇ ਫਿਲਮਾਂ 'ਚ ਰੋਲ ਕਰਨ ਵਾਲੇ ਅਦਾਕਾਰਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਜ਼ੋਰਦਾਰ ਮੰਗ ਕੀਤੀ ਗਈ ਹੈ।
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਫਿਲਮ 'ਤੇ ਰੋਕ ਲਗਾਉਣ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਭਾਰਤ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਰਾਹੀਂ ਪੂਰੇ ਭਾਰਤ 'ਚ ਇਸ ਫਿਲਮ 'ਤੇ ਤੁਰੰਤ ਰੋਕ ਲਗਾਉਣ ਤਾਂ ਜੋ ਸਮੁੱਚਾ ਮਾਹੌਲ ਸ਼ਾਂਤ ਰਹਿ ਸਕੇ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫਿਲਮ 'ਤੇ ਲਗਾਈ ਰੋਕ ਦੇ ਹੁਕਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਹੁਤ ਪਹਿਲਾਂ ਹੀ ਇਸ ਫਿਲਮ ਨੂੰ ਬਣਾਉਣ ਤੋਂ ਰੋਕਣਾ ਚਾਹੀਦਾ ਸੀ। ਇਸ ਇਕੱਤਰਤਾ 'ਚ ਹੋਰ ਵੱਖ-ਵੱਖ ਮਤੇ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰਕ ਮੈਂਬਰਾਂ ਮਾਤਾ ਤ੍ਰਿਪਤਾ ਜੀ, ਭੈਣ ਬੇਬੇ ਨਾਨਕੀ ਜੀ, ਭਾਈ ਮਰਦਾਨਾ ਸਾਹਿਬ ਜੀ ਅਤੇ ਹੋਰ ਧਾਰਮਿਕ ਹਸਤੀਆਂ ਦੇ ਆਮ ਮਨੁੱਖਾਂ ਵੱਲੋਂ ਰੋਲ ਕੀਤੇ ਗਏ ਹਨ, ਜੋ ਸਿੱਖ-ਸਿਧਾਂਤ ਦੇ ਉਲਟ ਹਨ, ਜੋ ਕਿ ਕਿਸੇ ਵੀ ਕਲਾਕਾਰ ਵੱਲੋਂ ਨਹੀਂ ਦਰਸਾਏ ਜਾ ਸਕਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸੇ ਨੇ ਸੰਬੋਧਨ ਦੌਰਾਨ ਕਿਹਾ ਕਿ ਇਸ ਫਿਲਮ 'ਤੇ ਪੂਰੇ ਸੰਸਾਰ 'ਚ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਇਸ ਫਿਲਮ ਨੂੰ ਰੋਕਿਆ ਗਿਆ ਸੀ ਪਰ ਹੁਣ ਫਿਲਮ ਦਾ ਨਿਰਮਾਤਾ ਹਰਿੰਦਰ ਸਿੱਕਾ ਪੂਰੀ ਤਰ੍ਹਾਂ ਸਿੱਖ ਸਿਧਾਂਤਾਂ ਵਿਰੋਧੀ ਹੱਥਾਂ ਵਿਚ ਖੇਡਦਾ ਜਾਪ ਰਿਹਾ ਹੈ ਅਤੇ ਸਿਰਫ ਮਾਇਆ ਖਾਤਰ ਹੀ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਖਿਲਾਫ ਜਾ ਕੇ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਉਤਾਵਲਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਧਾਰਮਿਕ ਹਸਤੀਆਂ ਦੇ ਫਿਲਮ 'ਚ ਰੋਲ ਨਿਭਾਉਣ ਵਾਲੇ ਅਦਾਕਾਰ ਅਤੇ ਅਦਾਕਾਰਾਂ ਦਾ ਨਿੱਜੀ ਜੀਵਨ ਕਿਰਦਾਰ ਸਿੱਖੀ ਸਿਧਾਂਤਾਂ ਤੋ ਬਹੁਤ ਹੀ ਨੀਵੇਂ ਪੱਧਰ ਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਫਿਲਮ ਨੂੰ ਜੋ ਵੀ ਥੀਏਟਰਾਂ 'ਚ ਰਿਲੀਜ਼ ਕਰੇਗਾ ਖਾਲਸਾ ਪੰਥ ਉਸ ਨਾਲ ਆਪ ਨਿੱਬੜੇਗਾ। ਉਨ੍ਹਾਂ ਕਿਹਾ ਕਿ ਸਿੱਖ ਜਗਤ 'ਚ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਭਾਰਤ ਦੇ ਦੂਜੇ ਨਨਕਾਣੇ ਵਜੋਂ ਸਤਿਕਾਰਿਆ ਜਾਂਦਾ ਹੈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ 'ਚ ਰਹਿ ਜਾਣ ਤੋ ਬਾਅਦ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਹੀ 15 ਸਾਲ ਦੇ ਕਰੀਬ ਲੰਬਾ ਅਰਸਾ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜ ਕੇ ਬਖਸ਼ਿਸ਼ਾਂ ਵੰਡਦੇ ਰਹੇ, ਸੋ ਇਸੇ ਲਈ ਇਸ ਪਾਵਨ ਨਗਰ ਤੋਂ ਹੀ ਨਾਨਕ ਸ਼ਾਹ ਫਕੀਰ ਫਿਲਮ ਦੇ ਵਿਰੋਧ ਦਾ ਵੱਡਾ ਸ਼ੰਘਰਸ਼ ਵਿੱਡਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਨਿਰੰਕਾਰ ਪਰਮੇਸ਼ਵਰ ਰੂਪ ਸਤਿਗੁਰੂ ਜੀ ਅਸਲੀ ਫਿਲਮ ਇਸ ਨਗਰ 'ਚ ਸੱਚੇ ਇਤਿਹਾਸ ਦੇ ਰੂਪ 'ਚ ਮੌਜੂਦ ਹੈ ਅਤੇ ਸਾਨੂੰ ਕਿਸੇ ਵੀ ਮਨਘੜਤ ਫਿਲਮ ਦੀ ਲੋੜ ਨਹੀਂ ਹੈ ਜੋ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦੀ ਹੋਵੇ। ਭਾਈ ਖੋਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵੀ ਆਪਣੀ ਜ਼ਮੀਰ ਨੂੰ ਹਲੂਣਾ ਦੇਣ ਦੀ ਪ੍ਰੇਰਨਾ ਕਰਦੇ ਹੋਏ ਕਿਹਾ ਕਿ ਸਿੱੱਖਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਕੁੰਭਕਰਨੀ ਨੀਦਰ ਸੁੱਤੇ ਰਹਿਣ ਕਾਰਨ ਹੀ ਅੱਜ ਅਜਿਹੇ ਹਾਲਾਤ ਸਾਹਮਣੇ ਆ ਰਹੇ ਹਨ। ਉਨ੍ਹਾਂ ਫਿਲਮ ਦੇ ਪ੍ਰੋਡਿਊਸਰ ਹਰਵਿੰਦਰ ਸਿੱਕਾ ਨੂੰ ਸਲਾਹ ਦਿੱਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਪੁੱਜ ਕੇ ਆਪਣੀ ਇਸ ਫਿਲਮ ਬਣਾਉਣ ਦੀ ਕੀਤੀ ਭੁੱਲ ਨੂੰ ਬਖਸ਼ਾਉਣ ਅਤੇ ਮਾਇਆ ਖਾਤਰ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ, ਨਹੀਂ ਤਾਂ ਖਾਲਸਾ ਪੰਥ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗਾ। ਇਸ ਸਮੇਂ ਭਾਈ ਜੋਗਾ ਸਿੰਘ ਹੈੱਡ ਗ੍ਰੰਥੀ, ਭਾਈ ਸਰਬਜੀਤ ਸਿੰਘ ਬੱਬੂ ਸਮੇਤ ਕਈ ਲੋਕ ਹਾਜ਼ਰ ਸਨ।