ਨਾਮੀ ਗੈਂਗਸਟਰ ਕੱਟਾ ਚੜ੍ਹਿਆ ਪੁਲਸ ਦੇ ਹੱਥੇ

05/31/2017 3:04:16 PM

ਸੁਲਤਾਨਪੁਰ ਲੋਧੀ (ਸੋਢੀ/ਧੀਰ)— ਐਸ. ਐਸ. ਪੀ ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ ਮੁਤਾਬਕ ਥਾਣਾ ਸੁਲਤਾਨਪੁਰ ਲੋਧੀ ਦੇ ਪੁਲਸ ਇੰਸਪੈਕਟਰ ਸਰਬਜੀਤ ਸਿੰਘ ਵਲੋਂ ਇਲਾਕੇ 'ਚ ਪਿਛਲੇ ਕਈ ਸਾਲਾਂ ਤੋਂ ਲੁੱਟ ਕਰਨ ਵਾਲੇ ਨਾਮੀ ਗੈਂਗਸਟਰ ਦਵਿੰਦਰ ਸਿੰਘ ਊਰਫ ਕੱਟਾ ਪੁੱਤਰ ਨਿਰਮਲ ਸਿੰਘ ਪਿੰਡ ਸ਼ਾਹਵਾਲਾ ਅੰਦਰੀਸਾ ਨੂੰ ਇਕ 7.65 ਐਮ. ਐਮ. ਦੇਸੀ ਪਿਸਤੌਲ ਅਤੇ 135 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰ ਕੇ ਪੰਜਾਬ ਦੇ ਇਕ ਗੈਂਗਸਟਰ ਗਿਰੋਹ ਦਾ ਨੈਟਵਰਕ ਤੋੜਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ ਵਰਿਆਮ ਸਿੰਘ ਅਤੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਐਸ. ਐਚ. ਓ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਕੱਟਾ ਵਿਰੁੱਧ ਵੱਖ-ਵੱਖ ਪੁਲਸ ਥਾਣਿਆਂ 'ਚ ਲੁੱਟ-ਖਸੁਟ, ਫਾਇਰਿੰਗ ਅਤੇ ਡਾਕੇ ਆਦਿ ਮਾਮਲਿਆਂ 'ਚ 9 ਮੁਕੱਦਮੇ ਦਰਜ ਹਨ ਅਤੇ 7 ਮੁਕੱਦਮਿਆਂ 'ਚ ਉਹ ਭਗੌੜਾ ਸੀ। ਉਨ੍ਹਾਂ ਦੱਸਿਆ ਕਿ ਕੱਟਾ ਨੂੰ ਸੁਲਤਾਨਪੁਰ ਲੋਧੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਸ ਦਾ ਇਕ ਦਾ ਪੁਲਸ ਰਿਮਾਂਡ ਅਦਾਲਤ ਵੱਲੋਂ ਦਿੱਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਦੀ ਪੁਲਸ ਪਿਛਲੇ ਸਾਢੇ 3 ਸਾਲ ਤੋਂ ਮੁਜ਼ਰਮ ਕੱਟਾ ਨੂੰ ਗ੍ਰਿਫਤਾਰ ਕਰਨ ਲਈ ਉਸ ਦਾ ਪਿੱਛਾ ਕਰ ਰਹੀ ਸੀ ਪਰ ਕਲ ਪਿੰਡ ਮਨਿਆਲਾ ਤੋਂ ਤੋਤੀ ਨੂੰ ਜਾਂਦੇ ਕੱਚੇ ਰਸਤੇ 'ਤੇ ਪੁਲਸ ਨੇ ਨਾਕੇਬੰਦੀ ਕੀਤੀ ਹੋਈ ਸੀ ਉਕਤ ਮੁਲਜ਼ਮ ਮੋਟਰਸਾਇਕਲ 'ਤੇ ਆ ਰਿਹਾ ਸੀ, ਜਿਵੇਂ ਹੀ ਉਸ ਨੂੰ ਪੁਲਸ ਨੇ ਦੇਖਿਆ ਤਾਂ ਉਸ ਨੇ ਦੋੜਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।
ਗੈਂਗਸਟਰ ਬਾਊ ਗਰੁੱਪ ਖਲਚੀਆ ਨਾਲ ਸਬੰਧ ਹਨ ਕੱਟਾ ਦੇ
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕੱਟਾ ਨੇ ਦੱਸਿਆ ਕਿ ਉਹ ਵੱਡੀਆਂ ਵਾਰਦਾਤਾਂ ਕਰਨ ਵਾਲੇ ਗੈਂਗਸਟਰ ਬਾਊ ਗਰੁੱੱਪ ਖਲਚੀਆ ਨਾਲ ਸਬੰਧ ਰੱਖਦਾ ਹੈ, ਜਿਸ ਜੈਪਾਲ ਗਰੁੱਪ ਨਾਲ ਸਬੰਧ ਹੈ। ਮੁਲਜ਼ਮ ਕੱਟਾ ਵਿਰੁੱਧ ਥਾਣਾ ਸੁਲਤਾਨਪੁਰ ਲੋਧੀ ਨੇ ਇਕ ਹੋਰ ਕੇਸ ਅਸਲਾ ਐਕਟ ਧਾਰਾ 25, 54, 59 ਅਤੇ 22, 61, 85 ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਕੀਤਾ।