ਨੈਣਾ ਦੇਵੀ-ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ

06/20/2019 10:14:12 AM

ਚੰਡੀਗੜ੍ਹ/ਸ੍ਰੀ ਆਨੰਦਪੁਰ ਸਾਹਿਬ (ਰਮਨਜੀਤ) : ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖਬਰ ਹੈ। ਪੰਜਾਬ ਸਰਕਾਰ ਨੇ ਸ਼ਰਧਾਲੂਆਂ ਨੂੰ ਰਾਹਤ ਕਰਦੇ ਹੋਏ ਆਨੰਦਪੁਰ ਸਾਹਿਬ-ਗੜ੍ਹਸ਼ੰਕਰ ਅਤੇ ਆਨੰਦਪੁਰ ਸਾਹਿਬ-ਨੈਣਾ ਦੇਵੀ ਰੋਡ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਲਈ ਹੈ। ਸੂਬਾ ਸਰਕਾਰ ਨੇ ਇਹ ਫੈਸਲਾ ਕੇਂਦਰ ਸਰਕਾਰ ਵੱਲੋਂ ਫੰਡ ਦੇਣ ਤੋਂ ਨਾਂਹ ਕਰਨ ਉਪਰੰਤ ਕੀਤਾ ਹੈ। ਇਸ ਸੜਕੀ ਮੁਰੰਮਤ ਦੇ ਕਾਰਜ ਲਈ ਕੁੱਲ 25 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਤਹਿਤ ਕੇਂਦਰ ਦੇ ਤੱਤਕਾਲੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਸੱਦਿਆ ਸੀ ਅਤੇ ਕੇਂਦਰੀ ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲੇ (ਐੱਮ. ਓ. ਆਰ. ਟੀ. ਅਤੇ ਐੱਚ) ਤੋਂ ਬਿਨਾਂ ਲੋੜੀਂਦੀ ਪ੍ਰਸ਼ਾਸਕੀ ਪ੍ਰਵਾਨਗੀ ਲਏ ਕਾਹਲੀ 'ਚ ਨੀਂਹ ਪੱਥਰ ਰਖਵਾ ਲਿਆ ਸੀ। ਇਸ ਕਰ ਕੇ ਰੋਡ ਟਰਾਂਸਪੋਰਟ ਤੇ ਹਾਈਵੇਜ ਮੰਤਰਾਲੇ ਨੇ ਆਨੰਦਪੁਰ ਸਾਹਿਬ-ਗੜ੍ਹਸ਼ੰਕਰ, 16.77 ਕਿ. ਮੀ. ਅਤੇ ਆਨੰਦਪੁਰ ਸਾਹਿਬ-ਨੈਣਾ ਦੇਵੀ 4.77 ਕਿ.ਮੀ. ਲੰਬਾਈ ਵਾਲੀ ਸੜਕ ਦੀ ਮੁਰੰਮਤ ਲਈ ਫੰਡ ਜਾਰੀ ਕਰਨ ਤੋਂ ਪੈਰ ਪਿੱਛੇ ਖਿੱਚ ਲਏ ਸਨ।

ਇਨ੍ਹਾਂ ਸੜਕਾਂ ਦੀ ਖ਼ਸਤਾ ਹਾਲਤ ਨਾ ਕੇਵਲ ਸਥਾਨਕ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਹੈ, ਸਗੋਂ ਸ਼ਰਧਾਲੂਆਂ ਲਈ ਵੀ ਸਫਰ ਦੌਰਾਨ ਸੁਰੱਖਿਆ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਸੜਕ 'ਤੇ 60 ਟਨ ਤੋਂ ਵੀ ਵੱਧ ਭਾਰ ਨਾਲ ਲੱਦੇ ਟਿੱਪਰ ਲੰਘਦੇ ਹਨ, ਜਿਸ ਕਰਕੇ ਸੜਕ 'ਚ ਵੱਡੇ ਤੋਂ ਡੂੰਘੇ ਟੋਏ ਪੈ ਗਏ ਹਨ। ਇਹ ਸੜਕਾਂ ਦੋ ਇਤਿਹਾਸਕ ਸਥਾਨਾਂ ਸ੍ਰੀ ਆਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਨਾਲ ਜੋੜਦੀਆਂ ਹਨ। ਇਸ ਲਈ ਲੋਕਾਂ ਨੂੰ ਫੌਰੀ ਰਾਹਤ ਦੇਣ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਆਪਣੇ ਖ਼ਰਚੇ 'ਤੇ ਹੀ ਮੁਰੰਮਤ ਦਾ ਕੰਮ ਆਰੰਭ ਦਿੱਤਾ ਹੈ, ਜਿਸ ਦੀ ਸ਼ੁਰੂਆਤ 21 ਜੂਨ, 2019 ਨੂੰ ਟੈਂਡਰ ਜਾਰੀ ਕਰ ਕੇ ਕੀਤੀ ਜਾ ਰਹੀ ਹੈ।  

Babita

This news is Content Editor Babita