ਨਾਇਬ ਤਹਿਸੀਲਦਾਰ ਰਿਸ਼ਵਤ ਮਾਮਲਾ, ਪੱਬੀ ਨੂੰ ਨਾਲ ਲੈ ਕੇ ਕੋਠੀ ''ਚ ਜਾਂਚ ਕਰਨ ਪਹੁੰਚੀ ਵਿਜੀਲੈਂਸ ਟੀਮ

12/08/2017 11:07:00 AM


ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਸਬ-ਤਹਿਸੀਲ ਅਜੀਤਵਾਲ ਦਫਤਰ 'ਚ ਵਿਜੀਲੈਂਸ ਟੀਮ ਮੋਹਾਲੀ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਫੜੇ ਗਏ ਨਾਇਬ ਤਹਿਸੀਦਾਰ ਸੁਰਿੰਦਰ ਕੁਮਾਰ ਪੱਬੀ ਦੀ ਮੋਗਾ ਦੇ ਰਜਿੰਦਰਾ ਸਟੇਟ ਸਥਿਤ ਕੋਠੀ 'ਚ ਅੱਜ ਮੋਹਾਲੀ ਤੋਂ ਵਿਜੀਲੈਂਸ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਜਾਂਚ ਕਰਨ ਪਹੁੰਚੀ, ਜਿਸ ਦੌਰਾਨ ਮੋਹਾਲੀ ਪੁਲਸ ਦੇ ਹੱਥ ਅਹਿਮ ਦਸਤਾਵੇਜ਼ ਲੱਗੇ ਹਨ।
ਵਿਜੀਲੈਂਸ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਉਕਤ ਟੀਮ ਨੂੰ ਕੋਈ ਵੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਜਦਕਿ ਨਾਇਬ ਤਹਿਸੀਲਦਾਰ ਦੀ ਕੋਠੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿੰਦਰਾ ਲਾ ਦਿੱਤਾ ਗਿਆ ਸੀ। ਅੱਜ ਨਾਇਬ ਤਹਿਸੀਲਦਾਰ ਦੇ 4-5 ਬੈਂਕ ਖਾਤੇ, ਪੱਬੀ ਵੱਲੋਂ ਰੀਅਲ ਅਸਟੇਟ 'ਚ ਕੀਤੀ ਗਈ ਇਨਵੈਸਟਮੈਂਟ ਦੀ ਅਹਿਮ ਜਾਣਕਾਰੀ, ਬਣਾਏ ਗਏ 2-3 ਫਲੈਟ ਅਤੇ ਕੋਠੀ ਦੀ ਡਿਟੇਲ ਸਾਹਮਣੇ ਆਈ ਹੈ।
ਪੱਬੀ ਦੇ ਸਾਰੇ ਬੈਂਕ ਖਾਤਿਆਂ ਨੂੰ ਸੀਲ ਕਰ ਕੇ ਅਤੇ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਚੱਲ-ਅਚੱਲ ਸਪੰਤੀ ਦੀ ਕੀਮਤ ਦਾ ਮੁਲਾਂਕਣ ਕੀਤਾ ਜਾਵੇਗਾ। ਉਧਰ, ਨਾਲ ਹੀ ਵਿਜੀਲੈਂਸ ਟੀਮ ਵੱਲੋਂ ਪੱਬੀ ਦੇ ਡਰਾਈਵਰ ਜਗਜੀਤ ਸਿੰਘ ਜੱਗਾ ਦੇ ਪਿੰਡ ਗਗੜਾ 'ਚ ਛਾਪਾਮਾਰੀ ਕੀਤੀ ਗਈ, ਜਿੱਥੋਂ ਟੀਮ ਨੂੰ ਕੁਝ ਵੀ ਬਰਾਮਦ ਨਹੀਂ ਹੋ ਸਕਿਆ।