ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਗਿਆ ਬਾਰਾਤ ਰੂਪੀ ਨਗਰ ਕੀਰਤਨ

02/13/2024 2:18:18 PM

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ)- ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ "ਗੁਰੂ ਕੇ ਮਹਿਲ" ਗੁ. ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਰਾਤ ਰੂਪੀ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।  

ਸਭ ਤੋ ਪਹਿਲਾਂ ਪਿਛਲੇ ਤਿੰਨ ਦਿਨਾਂ ਤੋ ਚਲ ਰਹੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਤੋ ਬਾਅਦ ਜੈਕਾਰਿਆ ਦੀ ਗੂੰਜ ਵਿਚ ਅਰਦਾਸ ਮਗਰੋਂ ਨਗਰ ਕੀਰਤਨ ਸਾਹਿਬ ਆਰੰਭ ਕੀਤਾ ਗਿਆ। ਜਿਸ ਦਾ ਪਹਿਲਾ ਪੜਾਅ ਦੇਰ ਸ਼ਾਮ ਗੁਰਦੁਆਰਾ ਸਿਹਰਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ ਤੋਂ 20 ਕਿਲੋਮੀਟਰ)  ਵਿਖੇ ਪੁੱਜੇਗਾ, ਜਿੱਥੇ ਗੁਰਮਤਿ ਸਮਾਗਮ ਹੋਣਗੇ ਅਤੇ ਨਗਰ ਕੀਰਤਨ ਦੀ ਵਿਸ਼ਾਲ ਸੰਗਤ ਵਿਸ਼ਰਾਮ ਕਰੇਗੀ। ਉਸ ਉਪਰੰਤ ਇਹ ਨਗਰ ਕੀਰਤਨ ਗੁਰਦੁਆਰਾ ਆਨੰਦ ਕਾਰਜ "ਗੁਰੂ ਕਾ ਲਾਹੌਰ" ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਅਤੇ 14 ਫਰਬਰੀ ਨੂੰ ਗੁਰਮਤਿ ਸਮਾਗਮ ਚੱਲਣਗੇ।

ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਗੁਰੂ ਕਾ ਲਾਹੌਰ ਵਿਖੇ ਹੋਏ ਸਨ ਅਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਕਿਲ੍ਹਾ ਅਾਨੰਦਗੜ੍ਹ ਸਾਹਿਬ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਮਿਲ ਕੇ ਇਸ ਅਸਥਾਨ 'ਤੇ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਸੰਗਤ ਸ਼ਿਰਕਤ ਕਰਦੀ ਹੈ।

ਇਸ ਖ਼ਾਸ ਦਿਹਾੜੇ ਮੌਕੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਜਾਂਦੇ ਹਨ, ਜਿਸ ਵਿਚ ਕਈ ਕੁਇੰਟਲ ਮਠਿਆਈ ਸੰਗਤ ਨੁੰ ਵਰਤਾਈ ਜਾਂਦੀ ਹੈ। ਸਪੈਸ਼ਲ ਦੇਸੀ ਘਿਓ ਦੀ ਮਠਿਆਈ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਜੋਕਿ ਆਕਰਸ਼ਣ ਦਾ ਕੇਂਦਰ ਰਹਿੰਦੀ ਹੀ। ਇਸ ਨੁੰ ਬਣਾਉਣ ਤਿਆਰ ਕਰਨ ਲਈ 15 ਦਿਨਾਂ ਤੋ ਤਿਆਰੀਆਂ ਵੱਡੇ ਪੱਧਰ 'ਤੇ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸਥਾਨਕ ਸੰਗਤਾਂ ਵੱਲੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਲਈ ਲੰਗਰ ਅਤੇ ਹੋਰ ਸਟਾਲਾਂ 'ਤੇ ਵੱਖ-ਵੱਖ ਪਕਵਾਨਾਂ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਜਾਣੋ ਕੀ ਹੈ ਇਤਿਹਾਸ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਕਾਰਜ ਲਾਹੌਰ ਦੇ ਰਹਿਣ ਵਾਲੇ ਹਰਜੱਸ ਜੀ ਦੀ ਸੁਪਤਰੀ ਜੀਤੋ ਜੀ ਨਾਲ ਤੈਅ ਹੋਏ ਸਨ ਪਰ ਉਸ ਸਮੇਂ ਲਾਹੌਰ ਵਿਚ ਹਾਲਾਤ ਠੀਕ ਨਾ ਹੋਣ ਕਰਕੇ ਬਾਰਾਤ ਲੈ ਕੇ ਜਾਣਾ ਸੰਭਵ ਨਹੀਂ ਸੀ। ਲਾਹੌਰ ਨਿਵਾਸੀ ਹਰਜੱਸ ਜੀ ਨੂੰ ਇਸ ਸਥਾਨ 'ਤੇ ਬੁਲਾਵਾ ਭੇਜਿਆ ਗਿਆ ਅਤੇ ਇਕ ਨਵਾਂ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਵਸਾਇਆ ਗਿਆ ਅਤੇ ਇਸ ਦਾ ਨਾਂ ਗੁਰੂ ਕਾ ਲਾਹੌਰ ਰੱਖਿਆ ਗਿਆ। ਇਸ ਸਮੇਂ ਇਹ ਸਥਾਨ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿੱਚ ਪੈਂਦਾ ਹੈ, ਜੋ ਸ੍ਰੀ ਅਨੰਦਪੁਰ ਸਾਹਿਬ ਤੋਂ 25 ਕੁ ਕਿਲੋਮੀਟਰ ਪੈਂਦਾ ਹੈ।  

ਇਹ ਵੀ ਪੜ੍ਹੋ:  ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਮਾਨਸਾ-ਹਰਿਆਣਾ ਬਾਰਡਰ ਸੀਲ, ਲਗਾਇਆ ਚਿਤਾਵਨੀ ਭਰਿਆ ਬੋਰਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri