ਟਾਂਡਾ ’ਚ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਜਾਏ ਗਏ ਅਲੌਕਿਕ ਨਗਰ ਕੀਰਤਨ

02/25/2021 3:29:28 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਵਰਿੰਦਰ ਪੰਡਿਤ ,ਜਸਵਿੰਦਰ ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਭਵਨ ਦਾਰਾਪੁਰ ਟਾਂਡਾ  ਤੋਂ ਮਹਾਨ ਅਲੌਕਿਕ ਨਗਰ ਕੀਰਤਨ ਸ਼ਰਧਾ ਅਤੇ ਸਤਿਕਾਰ ਸਹਿਤ ਸਜਾਇਆ ਗਿਆ। ਟਾਂਡਾ ਇਲਾਕੇ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ ਮਹਾਨ ਨਗਰ ਕੀਰਤਨ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਹੋਈ। ਨਗਰ ਕੀਰਤਨ ’ਚ ਰਾਗੀ ਸਿੰਘਾਂ ਅਤੇ ਸਮੂਹ ਸੰਗਤ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਆਪਣੀ ਹਾਜ਼ਰੀ ਲਗਵਾਈ ਜਾ ਰਹੀ ਸੀ। ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਚੌਂਕਾਂ ਅਤੇ ਪੜਾਵਾਂ ’ਚ ਸਮੂਹ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਵਾਗਤ ਕੀਤਾ ਗਿਆ ਅਤੇ  ਸੰਗਤ ਦੀ ਸੇਵਾ ਵਾਸਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾ ਕੇ ਸੇਵਾ ਕੀਤੀ ਗਈ ।

ਨਗਰ ਕੀਰਤਨ ਸ੍ਰੀ  ਗੁਰੂ ਰਵਿਦਾਸ ਭਵਨ ਦਾਰਾਪੁਰ ਤੋਂ ਆਰੰਭ ਹੋ ਕੇ ਦਾਰਾਪੁਰ ਬਾਈਪਾਸ, ਦਾਰਾਪੁਰ ਫਾਟਕ, ਥਾਣਾ ਚੋਂਕ, ਦਸ਼ਮੇਸ਼ ਨਗਰ, ਟਾਂਡਾ, ਤਹਿਸੀਲ ਰੋਡ, ਸਰਕਾਰੀ ਹਸਪਤਾਲ ਰੋਡ, ਗੜੀ ਮੁਹੱਲਾ, ਅਹੀਆਪੁਰ, ਮਾਡਲ ਟਾਊਨ, ਬਾਬਾ ਲੱਖ ਦਾਤਾ ਰੋਡ ਤੋਂ ਹੁੰਦਾ ਹੋਇਆ ਦਾਰਾਪੁਰ ਵਾਪਸ ਦਾਰਾਪੁਰ ਪਹੁੰਚ ਕੇ ਸੰਪੰਨ ਹੋਇਆ।ਇਸ ਮੌਕੇ ਦਿਲਬਾਗ ਸਿੰਘ ਕਾਜਲ , ਕੇਵਲ ਸਿੰਘ  ਕਾਜਲ, ਜਸਵੀਰ ਸਿੰਘ ਰਾਜਾ, ਦਿਲਬਾਗ ਸਿੰਘ ਕਾਜਲ, ਅਸ਼ਵਨੀ ਕੁਮਾਰ ਆਦਿ ਮੌਜੂਦ ਸਨ। ਨਗਰ ਕੀਰਤਨ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ, ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ , ਹਰੀ ਕ੍ਰਿਸ਼ਨ ਸੈਣੀ  ਨੇ ਸਮੂਹ ਸਾਧ ਸੰਗਤ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। 

 

Anuradha

This news is Content Editor Anuradha