ਦਿੱਲੀ-ਨਨਕਾਣਾ ਸਾਹਿਬ ਨਗਰ ਕੀਰਤਨ ''ਚ ਜਥੇਦਾਰ ਅਕਾਲ ਤਖਤ ਕਰਨਗੇ ਸ਼ਮੂਲੀਅਤ : ਸਰਨਾ

07/05/2019 2:16:56 PM

ਅੰਮ੍ਰਿਤਸਰ (ਸਰਬਜੀਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਇਸ ਸਬੰਧੀ ਉਚੇਚੇ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਗਰ ਕੀਰਤਨ 'ਚ ਸ਼ਾਮਿਲ ਹੋਣ ਅਤੇ ਆਰੰਭ ਦੀ ਅਰਦਾਸ ਕਰਨ ਦਾ ਸੱਦਾ ਪੱਤਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਇਸ ਸੱਦੇ ਨੂੰ ਮਨਜ਼ੂਰ ਕਰਦਿਆਂ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਇਸ ਨਗਰ ਕੀਰਤਨ 'ਚ ਪਹੁੰਚ ਕੇ ਆਰੰਭਤਾ ਦੀ ਅਰਦਾਸ ਤਾਂ ਕਰਨਗੇ ਹੀ, ਨਾਲ ਹੀ ਇਸ ਨਗਰ ਕੀਰਤਨ 'ਚ ਸ਼ਾਮਿਲ ਹੋ ਕੇ ਸੰਗਤਾਂ ਨਾਲ ਨਨਕਾਣਾ ਸਾਹਿਬ ਤੱਕ ਵੀ ਜਾਣਗੇ। ਉਨ੍ਹਾਂ ਸਮੂਹ ਨਾਨਕ ਨਾਮਲੇਵਾ ਸੰਗਤ ਨੂੰ ਨਗਰ ਕੀਰਤਨ 'ਚ ਹਿੱਸਾ ਲੈਣ ਦਾ ਸੰਦੇਸ਼ ਵੀ ਦਿੱਤਾ।

ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਪੁਰਸ਼ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਤੋਂ ਵਰੋਸਾਏ ਬਾਬਾ ਬਚਨ ਸਿੰਘ ਨੂੰ ਵੀ ਇਸ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ। ਸਰਨਾ ਨੇ ਕਿਹਾ ਕਿ ਉਹ ਸਮੂਹ ਨਾਨਕ ਨਾਮਲੇਵਾ ਸੰਗਤ ਨੂੰ ਅਪੀਲ ਕਰਦੇ ਹਨ ਕਿ ਉਹ ਵੀ 28 ਅਕਤੂਬਰ 2019 ਨੂੰ ਸਵੇਰੇ 9 ਵਜੇ ਗੁ. ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਅਰਦਾਸ ਕਰ ਕੇ ਆਰੰਭ ਹੋਣ ਵਾਲੇ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਹਿੱਸਾ ਲੈਣ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਸਮੇਂ ਉਨ੍ਹਾਂ ਨਾਲ ਅਕਾਲੀ ਦਲ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ, ਮਨਜੀਤ ਸਿੰਘ ਸਰਨਾ ਅਤੇ ਹੋਰ ਆਗੂ ਵੀ ਮੌਜੂਦ ਸਨ।

Anuradha

This news is Content Editor Anuradha