ਨਗਰ ਕੌਂਸਲ ਨੇ ਹਟਵਾਏ ਨਾਜਾਇਜ਼ ਕਬਜ਼ੇ

10/31/2017 5:49:25 AM

ਕਪੂਰਥਲਾ, (ਗੁਰਵਿੰਦਰ ਕੌਰ, ਸੇਖੜੀ)- ਨਗਰ ਕੌਂਸਲ ਕਪੂਰਥਲਾ ਦੇ ਕਾਰਜ ਸਾਧਕ ਅਧਿਕਾਰੀ ਕੁਲਭੂਸ਼ਣ ਗੋਇਲ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਲੱਕੜ ਮੰਡੀ ਤੇ ਪੁਰਾਣੀ ਸਬਜ਼ੀ ਮੰਡੀ 'ਚੋਂ ਨਿਰਧਾਰਿਤ ਰੇਖਾ ਦੇ ਬਾਹਰ ਪਏ ਸਾਮਾਨ ਨੂੰ ਚੁਕਵਾਇਆ ਤੇ ਦੁਕਾਨਦਾਰਾਂ, ਰੇਹੜੀ ਵਾਲਿਆਂ ਨੂੰ ਸਖਤ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਦੁਬਾਰਾ ਆਪਣਾ ਸਾਮਾਨ ਸੜਕ 'ਤੇ ਨਿਰਧਾਰਿਤ ਰੇਖਾ ਤੋਂ ਬਾਹਰ ਫੈਲਾਅ ਕੇ ਰੱਖੇਗਾ ਤਾਂ ਉਸ ਵਿਰੁੱਧ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਬੀਤੇ ਦਿਨਾਂ 'ਚ ਹਿਊਮਨ ਰਾਈਟਸ ਵਲੋਂ ਸ਼ਹਿਰ 'ਚ ਸੜਕ ਦੇ ਕੰਢਿਆਂ 'ਤੇ ਦੁਕਾਨਦਾਰਾਂ ਵਲੋਂ ਸਾਮਾਨ ਫੈਲਾਅ ਕੇ ਰੱਖਣ ਤੇ ਨਾਜਾਇਜ਼ ਤੌਰ 'ਤੇ ਕਬਜ਼ਾ ਕਰਨ ਸਬੰਧੀ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸਦੇ ਮੱਦੇਨਜ਼ਰ ਮਾਣਯੋਗ ਲੋਕ ਅਦਾਲਤ ਵਲੋਂ ਨਗਰ ਕੌਂਸਲ ਕਪੂਰਥਲਾ ਨੂੰ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਵੇਰੇ ਦੁਕਾਨਦਾਰਾਂ, ਰੇਹੜੀ ਵਾਲਿਆਂ ਤੇ ਫੜ੍ਹੀ ਵਾਲਿਆਂ ਨੂੰ ਆਪਣਾ ਸਾਮਾਨ ਨਿਰਧਾਰਿਤ ਰੇਖਾ ਦੇ ਅੰਦਰ ਰੱਖਣ ਲਈ ਚਿਤਾਵਨੀ ਦਿੱਤੀ ਗਈ ਸੀ ਤੇ ਦੁਪਹਿਰ ਨੂੰ ਜਿਨ੍ਹਾਂ ਦੁਕਾਨਦਾਰਾਂ ਨੇ ਆਪਣਾ ਸਾਮਾਨ ਨਿਰਧਾਰਿਤ ਰੇਖਾ ਤੋਂ ਬਾਹਰ ਰੱਖਿਆ ਹੋਇਆ ਸੀ, ਉਨ੍ਹਾਂ ਦਾ ਸਾਮਾਨ ਨਗਰ ਕੌਂਸਲ ਵਲੋਂ ਜਬਤ ਕਰ ਲਿਆ ਗਿਆ। ਇਸ ਮੌਕੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਤੇ ਕੁਲਵੰਤ ਸਿੰਘ, ਕਰਮਚਾਰੀ ਵਿਕਰਮ ਘਈ ਤੇ ਜਸਪਾਲ ਮੱਟੂ ਆਦਿ ਹਾਜ਼ਰ ਸਨ।