ਝਬਾਲ ਥਾਣੇ ''ਚ ਨਫਰੀ ਘੱਟ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਪਰੇਸ਼ਾਨੀਆਂ ਦਾ ਸਾਹਮਣਾ

10/16/2017 5:31:37 PM

ਝਬਾਲ (ਲਾਲੂਘੁੰਮਣ, ਬਖਤਾਵਰ) - ਜ਼ਿਲਾ ਤਰਨਤਾਰਨ ਦੇ ਸਰਹੱਦੀ ਥਾਣਾ ਝਬਾਲ 'ਤੇ ਇਸ ਸਮੇਂ ਪੰਜਾਬੀ ਦੀ ਉਹ ਕਹਾਵਤ 'ਬਿਨਾਂ ਫੌਜਾਂ ਤੋਂ ਸਾਰੇ ਕਪਤਾਨ' ਪੂਰੀ ਤਰ੍ਹਾਂ ਇਸ ਕਰਕੇ ਢੁੱਕਦੀ ਹੈ, ਕਿਉਂਕਿ ਪਿਛਲੇ 50 ਸਾਲ ਤੋਂ ਵੀ ਪਹਿਲਾਂ ਦੀ ਹੋਈ ਇਸ ਥਾਣੇ 'ਚ ਮੁਲਾਜ਼ਮਾਂ ਦੀ ਨਫਰੀ ਦੀ ਘਾਟ ਅਜੇ ਤੱਕ ਵੀ ਪੂਰੀ ਨਹੀਂ ਹੋ ਸਕੀ। 'ਹੋਮਗਾਰਡਾਂ' ਦੀ ਫੌਜ' ਨਾਲ ਚੱਲ ਰਹੇ ਇਸ ਥਾਣੇ 'ਚ ਤਾਇਨਾਤ ਏ. ਐੱਸ. ਆਈ. ਹੋਲਦਾਰ ਜਾਂ ਸਿਪਾਹੀ, ਸਭ ਆਪਣੇ ਆਪ ਨੂੰ 'ਕਪਤਾਨ' ਸਮਝ ਰਹੇ ਹਨ। ਤਰਨਤਾਰਨ ਨੂੰ ਜ਼ਿਲਾ ਬਣੇ ਨੂੰ ਬੇਸ਼ੱਕ ਇਕ ਦਹਾਕੇ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ, ਪਰ ਥਾਣਾ ਝਬਾਲ ਨੂੰ ਕੁਝ ਸਾਲ ਪਹਿਲਾਂ ਨਵੀਂ ਬਿਲਡਿੰਗ ਤਾਂ ਮਿਲ ਗਈ ਹੈ ਪਰ ਨਫ਼ਰੀ ਦੀ ਘਾਟ ਦੀ ਸਮੱਸਿਆ 'ਊਠ ਦੇ ਬੁੱਲ' ਵਾਂਗ ਪਹਿਲਾਂ ਦੀ ਤਰ੍ਹਾਂ ਲਟਕ ਰਹੀ ਹੈ। ਥਾਣਾ ਝਬਾਲ ਜ਼ਿਲਾ ਤਰਨਤਾਰਨ ਦੇ ਸਰਹੱਦੀ ਖੇਤਰ ਦਾ ਜਿਥੇ ਅਹਿਮ ਥਾਣਾ ਮੰਨਿਆਂ ਜਾਂਦਾ ਹੈ ਉਥੇ ਹੀ ਇਸ ਥਾਣੇ ਦੀ ਜੇਲ 'ਚ ਖੇਤਰ ਦੇ 50 ਪਿੰਡ ਆਂਉਦੇ ਹਨ, ਪਰ ਜੇਕਰ ਥਾਣੇ 'ਚ ਨਫ਼ਰੀ ਘੱਟ ਹੋਣ ਦੀ ਗੱਲ ਕੀਤੀ ਜਾਵੇ ਤਾਂ 80 ਤੋਂ ਵੱਧ ਮੁਲਾਜ਼ਮ ਇਸ ਥਾਣੇ 'ਚ ਪਿਛਲੇ 50 ਸਾਲਾਂ ਦੀ ਹੋਈ ਸੈਕਸ਼ਨ ਮੁਤਾਬਕ ਘੱਟ ਹਨ, ਜਦ ਕਿ ਥਾਣੇ 'ਚ ਮੁਲਾਜ਼ਮਾਂ ਦੀ ਨਫ਼ਰੀ 'ਪਬਲਿਕ ਨੋਰਮ' ਦੇ ਹਿਸਾਬ ਨਾਲ ਹੁੰਦੀ ਹੈ, ਤੇ ਜੇਕਰ ਪਬਲਿਕ ਨੋਰਮ ਦੀ ਵਧੀ ਦਰ ਫੀਸਦੀ ਵੱਲ ਵੇਖਿਆ ਜਾਵੇ ਤਾਂ ਉਸ ਹਿਸਾਬ ਨਾਲ ਮੁਲਾਜ਼ਮਾ ਦੀ ਗਿਣਤੀ ਕਈ ਗੁਣਾ ਹੋਰ ਘੱਟ ਹੈ ਅਤੇ ਇਸ ਸਭ ਦੌਰਾਨ ਜੇਕਰ ਥਾਣੇ ਦੀ ਸੁਰੱਖਿਆ ਸਬੰਧੀ ਗੱਲ ਕੀਤੀ ਜਾਵੇ ਤਾਂ ਉਸਨੂੰ ਰੱਬ ਆਸਰੇ ਹੀ ਸਮਝਿਆ ਜਾ ਸਕਦਾ ਹੈ।
ਪਿਛਲੇ 50 ਸਾਲ ਦੇ ਹੋਏ ਸੈਕਸ਼ਨ ਮੁਤਾਬਕ ਹੀ ਜੇਕਰ ਵੇਖਿਆ ਜਾਵੇ ਤਾਂ ਜ਼ਿਲਾ ਪੁਲਸ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਥਾਣੇ 'ਚ ਨਫ਼ਰੀ 'ਚ 1 ਇੰਸਪੈਕਟਰ , 2 ਸਬ ਇੰਸਪੈਕਟਰ, 9 ਏ. ਐੱਸ. ਆਈ. 14 ਹੈੱਡ ਕਾਂਸਟੇਬਲ ਅਤੇ 80 ਕਾਂਸਟੇਬਲ ਤਾਇਨਾਤ ਹੋਣੇ ਚਾਹੀਦੇ ਹਨ, ਜਦਕਿ ਮੌਜੂਦਾ ਸਮੇਂ ਦੌਰਾਨ 1 ਸਬ ਇੰਸਪੈਕਟਰ, 6 ਏ. ਐੱਸ. ਆਈ., 1 ਹੈੱਡ ਕਾਂਸਟੇਬਲ ਅਤੇ 19 ਕਾਂਸਟੇਬਲ ਹੀ ਤਾਇਨਾਤ ਹਨ। ਜੇਕਰ ਨਫ਼ਰੀ ਘੱਟ ਹੋਣ ਦੀ ਗੱਲ ਕੀਤੀ ਜਾਵੇ ਤਾਂ ਵਿਭਾਗ ਦੀ ਉਕਤ ਰਿਪੋਰਟ ਮੁਤਾਬਕ 1 ਇੰਸਪੈਕਟਰ ਰੈਂਕ ਦੇ ਅਧਿਕਾਰੀ ਤੋਂ ਇਲਾਵਾ 1 ਸਬ ਇੰਸਪੈਕਟਰ, 3 ਏ. ਐੱਸ. ਆਈ., 13 ਹੈੱਡ ਕਾਂਸਟੇਬਲ ਅਤੇ 61 ਕਾਂਸਟੇਬਲਾਂ ਦੀ ਥਾਣੇ 'ਚ ਘਾਟ ਹੈ। 
ਫਰਿਆਦੀਆਂ ਨੂੰ ਨਹੀਂ ਮਿਲਦਾ ਇੰਨਸਾਫ - ਸਾਗਰ ਸ਼ਰਮਾ
ਥਾਣਾ ਝਬਾਲ 'ਚ ਮੁਲਾਜ਼ਮਾਂ ਦੀ ਕਮੀ ਕਰਕੇ ਫਰਿਆਦੀਆਂ ਨੂੰ ਇੰਨਸਾਫ਼ ਨਹੀਂ ਮਿਲ ਰਿਹਾ ਹੈ। ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਮਾਝਾ ਜੋਨ ਦੇ ਚੇਅਰਮੈਨ ਸਾਗਰ ਸ਼ਰਮਾ ਦਾ ਕਹਿਣਾ ਹੈ ਕਿ ਦਰਖਾਸਤ ਦਰਜ ਕਰਵਾਉਣ ਵਾਲੇ ਫਰਿਆਦੀ ਨੂੰ ਕਈ-ਕਈ ਦਿਨ ਥਾਣੇ ਦੇ ਚੱਕਰ ਮਾਰਨੇ ਪੈਂਦੇ ਹਨ ਅਤੇ ਹਰ ਵਾਰ ਉਨ੍ਹਾਂ ਨੂੰ ਅੱਗੋਂ ਇਹੋ ਜੁਆਬ ਮਿਲਦਾ ਹੈ ਕਿ ਮੁਲਾਜ਼ਮਾਂ ਦੀ ਘਾਟ ਹੈ। ਸ਼ਰਮਾ ਨੇ ਕਿਹਾ ਕਿ ਇੰਨਸਾਫ ਨਾ ਮਿਲਣ ਕਰਕੇ ਜਿਥੇ ਥੱਕ ਹਾਰ ਕਿ ਫਰਿਆਦੀ ਘਰੇ ਬੈਠ ਜਾਂਦਾ ਹੈ ਉਥੇ ਹੀ ਵਿਰੋਧੀ ਧਿਰ ਦਾ ਮਨੋਬਲ ਹੋਰ ਵੱਧ ਜਾਂਦਾ ਹੈ।  
ਅਪਰਾਧੀ ਲੈ ਰਹੇ ਹਨ ਫਾਇਦਾ - ਗੁਰਨਾਮ ਸਿੰਘ ਧੁੰਨਾ
ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਧੁੰਨਾ ਦਾ ਮੰਨਣਾ ਹੈ ਕਿ ਥਾਣੇ 'ਚ ਮੁਲਾਜ਼ਮਾ ਦੀ ਘਾਟ ਕਾਰਨ ਅਪਰਾਧੀ ਕਿਸਮ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝਬਾਲ ਖੇਤਰ 'ਚ ਪਿਛਲੇ ਸਮੇਂ ਦੌਰਾਨ ਅਪਰਾਧਿਕ ਵਾਰਦਾਤਾਂ 'ਚ ਭਾਰੀ ਵਾਧਾ ਹੋਇਆ ਹੈ 'ਤੇ ਇਹ ਗੱਲ ਬਹੁਤ ਹੀ ਦੁੱਖਦਾਈ ਹੈ ਕਿ ਕਈ ਅਜਿਹੀਆਂ ਘਟਨਾਵਾਂ ਹਨ ਜਿੰਨਾਂ ਨੂੰ ਕਈ ਸਾਲ ਬੀਤ ਜਾਣ ਦੇ ਬਾਅਦ ਵੀ ਉਹ ਗੁੰਮਨਾਮ 'ਚਿੱਠੀ' ਦੀ ਤਰ੍ਹਾਂ ਹੀ ਹਨ। 
ਥਾਣਾ ਝਬਾਲ 'ਚ 1 ਮਹੀਨਾ ਵੀ ਨਹੀਂ ਟਿੱਕਦੇ ਮੁਣਸ਼ੀ 'ਤੇ ਐੱਸ. ਐੱਚ. ਓ
ਸਮਾਜ ਸੇਵੀ ਰਾਜਦਵਿੰਦਰ ਸਿੰਘ ਰਾਜਾ ਝਬਾਲ ਦਾ ਕਹਿਣਾ ਹੈ ਕਿ ਥਾਣੇ ਅੰਦਰ ਜਿਥੇ ਲਾਗਲੇ ਪਿੰਡਾਂ ਦੇ ਵਸਨੀਕ ਮੁਲਾਜ਼ਮ ਤਾਇਨਾਤ ਹਨ, ਜੋ ਦੋਸ਼ੀਆਂ ਨਾਲ ਸਾਂਝ ਪਾ ਰਹੇ ਹਨ ਉਥੇ ਹੀ ਇਸ ਥਾਣੇ ਅੰਦਰ 1 ਮਹੀਨਾ ਨਾ ਤਾਂ ਐੱਸ. ਐੱਚ. ਓ. ਅਤੇ ਨਾ ਹੀ ਮੁਣਸ਼ੀ ਤਾਇਨਾਤ ਰਹਿੰਦਾ ਹੈ। ਰਾਜਾ ਨੇ ਕਿਹਾ ਕਿ ਪਿਛਲੇ6 ਮਹੀਨਿਆਂ 'ਚ ਜਿਥੇ 8 ਥਾਣਾ ਮੁਖੀ ਤਬਦੀਲ ਹੋ ਗਏ ਹਨ ਉਥੇ ਹੀ 6 ਮੁਣਸ਼ੀ ਵੀ ਇੱਧਰੋਂ-ਉੱਧਰ ਕਰ ਦਿੱਤੇ ਗਏ ਹਨ। ਰਾਜਾ ਨੇ ਕਿਹਾ ਕਿ ਜਿੰਨਾਂ ਦਾਗ਼ੀ ਮੁਲਾਜ਼ਮਾਂ ਦਾ ਵਿਭਾਗ ਵੱਲੋਂ ਤਬਾਦਲਾ ਕੀਤਾ ਗਿਆ ਹੈ ਉਹ ਅਦਾਲਤ ਤੋਂ ਸਟੇਅ ਲੈ ਕੇ ਫਿਰ ਇਥੇ ਹੀ ਆਪਣੀਆਂ ਹੀ ਚਲਾ ਰਹੇ ਹਨ।
ਇਸ ਸਬੰਧੀ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦਾ ਕਹਿਣਾ ਹੈ ਕਿ ਥਾਣਾ ਝਬਾਲ ਦੇ ਕੁਝ ਮੁਲਾਜ਼ਮਾਂ ਦੇ ਪਿਛਲੇ ਸਮੇਂ ਦੌਰਾਨ ਤਬਾਦਲੇ ਕੀਤੇ ਗਏ ਹਨ, ਜਿਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਮੁਲਾਜ਼ਮਾਂ ਦੀ ਨਫਰੀ ਘੱਟ ਹੋਣ ਦੀ ਗੱਲ ਹੈ, ਅਜਿਹਾ ਕੁਝ ਨਹੀਂ ਹੈ ਅਤੇ ਥਾਣੇ 'ਚ ਲੋੜੀਂਦੀ ਨਫ਼ਰੀ ਮੌਜੂਦ ਹੈ ਅਤੇ ਜੇਕਰ ਕੁਝ ਮੁਲਾਜ਼ਮ ਘੱਟ ਹਨ ਤਾਂ ਉਨ੍ਹਾਂ ਦੀ 'ਐਡਜੈਸਟਮੈਂਟ' ਕੀਤੀ ਜਾ ਰਹੀ ਹੈ।