ਨਾਭਾ ਸਕਿਓਰਿਟੀ ਜੇਲ੍ਹ ''ਚੋਂ ਖ਼ਤਰਨਾਕ ਗੈਂਗਸਟਰ ਕੋਲੋਂ ਸਿੰਮ ਸਮੇਤ ਮੋਬਾਇਲ ਬਰਾਮਦ

06/12/2021 3:54:19 PM

ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਵਿਚ ਬੰਦ ਖ਼ਤਰਨਾਕ ਗੈਂਗਸਟਰ ਰਾਜਾ ਪਾਸੋਂ ਟਚ ਮੋਬਾਈਲ ਸਮੇਤ ਸਿਮ ਬਰਾਮਦ ਹੋਣ ਨਾਲ ਇਕ ਵਾਰੀ ਫਿਰ ਜੇਲ੍ਹ ਪ੍ਰਸ਼ਾਸ਼ਨ ਸਵਾਲਾਂ ਦੇ ਘੇਰੇ ਵਿਚ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰੀਤਮਪਾਲ ਸਿੰਘ ਅਨੁਸਾਰ ਕੈਦੀ ਰਾਜੀਵ ਕੁਮਾਰ ਉਰਫ਼ ਰਾਜਾ ਪੁੱਤਰ ਰਾਮਪਾਲ ਵਾਸੀ ਤਾਜਗੰਜ ਲੁਧਿਆਣਾ ਅਤੇ ਕੈਦੀ ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਅਬੋਹਰ ਖ਼ਿਲਾਫ਼ ਧਾਰਾ 52 ਏ ਪ੍ਰੀਜ਼ਨ ਐਕਟ ਅਧੀਨ ਮਾਮਲਾ ਕੋਤਵਾਲੀ ਪੁਲਸ ਵਿਚ ਦਰਜ ਕਰਵਾਇਆ ਗਿਆ ਹੈ। ਇਨ੍ਹਾਂ ਕੈਦੀਆਂ ਪਾਸੋਂ ਵੀਵੋ ਕੰਪਨੀ ਦਾ ਟਚ ਸਕਰੀਨ ਮੋਬਾਈਲ ਸਮੇਤ ਜੀ. ਓ. ਕੰਪਨੀ ਦਾ ਸਿੰਮ ਬਰਾਮਦ ਹੋਇਆ ਹੈ।

ਰਾਜਾ ਖ਼ਤਰਨਾਕ ਗੈਂਗਸਟਰ ਹੈ, ਜਿਸ ਖ਼ਿਲਾਫ਼ ਕੋਤਵਾਲੀ ਪੁਲਸ ਨੇ ਪਹਿਲਾਂ ਵੀ ਅਨੇਕ ਵਾਰੀ ਮੋਬਾਇਲ ਬਰਾਮਦ ਹੋਣ ਅਤੇ ਜੇਲ੍ਹ ਵਿਚੋਂ ਹੀ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਠੱਗੀ ਮਾਰਨ ਦਾ ਮਾਮਲ ਦਰਜ ਕੀਤਾ ਸੀ। ਡੀ. ਐਸ. ਪੀ. ਰਾਜੇਸ਼ ਛਿੱਬੜ ਅਨੁਸਾਰ ਇਸ ਕੈਦੀ ਰਾਜਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿਚ ਲੈ ਕੇ ਪੜਤਾਲ ਕੀਤੀ ਜਾਵੇਗੀ ਕਿ ਇਸ ਕੋਲ ਵਾਰ-ਵਾਰ ਮੋਬਾਇਲ ਕਿਵੇਂ ਪਹੁੰਚਦਾ ਹੈ। ਇਸ ਕੈਦੀ ਖ਼ਿਲਾਫ਼ ਦੋ ਦਰਜਨ ਤੋਂ ਵੱਧ ਸੰਗੀਨ ਮਾਮਲੇ ਦਰਜ ਹਨ ਅਤੇ ਅਦਾਲਤ ਵਲੋਂ ਕੁੱਝ ਮਾਮਲਿਆਂ ਵਿਚ ਸਜ਼ਾ ਵੀ ਸੁਣਾਈ ਗਈ ਸੀ। ਰਾਜਾ ਖ਼ਿਲਾਫ਼ 2006 ਨੂੰ ਕਤਲ ਮਾਮਲਾ ਦਰਜ ਹੋਇਆ ਸੀ। ਕਈ ਵਾਰੀ ਵੱਖ-ਵੱਖ ਥਾਣਿਆਂ ਦੀ ਪੁਲਸ ਰਾਜਾ ਨੂੰ ਜੇਲ੍ਹ ਵਿਚੋਂ ਪੁੱਛਗਿੱਛ ਲਈ ਰਿਮਾਂਡ ’ਤੇ ਲੈ ਕੇ ਵੀ ਗਈ। ਬਰਨਾਲਾ ਪੁਲਸ ਨੇ ਵੀ ਰਾਜਾ ਪਾਸੋਂ ਕਾਲਾ ਧਨੌਲਾ (ਗੈਂਗਸਟਰ) ਕੇਸ ਵਿਚ ਪੜਤਾਲ ਕੀਤੀ। ਹੁਣ ਮੁੜ ਰਾਜਾ ਤੋਂ ਮੋਬਾਇਲ ਮਿਲਣ ਨਾਲ ਜੇਲ੍ਹ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ।

Babita

This news is Content Editor Babita