ਨਾਭਾ ਸਕਿਓਰਿਟੀ ਜੇਲ ''ਚ ਕਰੋੜਾਂ ਦਾ ਲੱਗਾ ਜੈਮਰ ''ਚਿੱਟਾ ਹਾਥੀ'' ਬਣਿਆ

06/27/2019 11:34:09 AM

ਨਾਭਾ (ਜੈਨ)—ਜੈਤੋ ਮੋਰਚਾ ਦੌਰਾਨ ਪੰਡਤ ਜਵਾਹਰ ਲਾਲ ਨਹਿਰੂ ਨੂੰ ਇਥੇ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਸਤੰਬਰ 1923 ਵਿਚ ਰੱਖਿਆ ਗਿਆ ਸੀ। ਪੰਡਿਤ ਨਹਿਰੂ ਨੇ ਆਪਣੀ ਕਿਤਾਬ ਵਿਚ ਲਿਖਿਆ ਸੀ ਕਿ ਮੈਨੂੰ ਨਾਭਾ ਜੇਲ ਵਿਚ ਚੂਹਿਆਂ ਵਾਲੀ ਬੈਰਕ ਵਿਚ ਬੰਦ ਕੀਤਾ ਗਿਆ ਸੀ। ਸੰਨ 1923 ਤੋਂ ਬਾਅਦ ਇਥੋਂ ਦੀ ਮੈਕਸੀਮਮ ਸਕਿਓਰਿਟੀ ਜੇਲ 1992 ਵਿਚ ਅੱਤਵਾਦ ਦੌਰਾਨ ਸੁਰਖੀਆਂ ਵਿਚ ਆਈ ਸੀ ਜਦੋਂ ਅੱਤਵਾਦੀਆਂ ਨੇ ਸੁਰੰਗ ਬਣਾ ਕੇ ਫਰਾਰ ਹੋਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਬੀ. ਐੱਸ. ਐੱਫ. ਨੂੰ ਫਾਇਰਿੰਗ ਕਰਨੀ ਪਈ ਸੀ। ਹਾਲਤ ਨਾਰਮਲ ਹੋਣ ਤੋਂ ਬਾਅਦ ਸਕਿਓਰਿਟੀ ਜੇਲ 21 ਸਤੰਬਰ 2006 ਨੂੰ ਚਰਚਾ ਦਾ ਕੇਂਦਰ ਬਣੀ ਜਦੋਂ ਜੇਲ ਵਿਚ ਬੰਦ ਅੱਤਵਾਦੀ ਕੈਦੀ ਦਯਾ ਸਿੰਘ ਲਾਹੌਰੀਆ (ਜੋ ਕਿ ਸਾਬਕਾ ਕੇਂਦਰੀ ਮੰਤਰੀ ਮਿਰਧਾ ਦੇ ਭਤੀਜੇ ਨੂੰ ਅਗਵਾ ਕਰਨ ਅਤੇ ਮਨਿੰਦਰਜੀਤ ਸਿੰਘ ਬਿੱਟਾ 'ਤੇ ਕਾਤਲਾਨਾ ਹਮਲੇ ਦੀ ਸਾਜ਼ਿਸ਼ ਵਿਚ ਸ਼ਾਮਲ ਸੀ) ਪਾਸੋਂ ਮੋਬਾਇਲ, ਸਿਮ ਕਾਰਡ ਅਤੇ ਬੈਟਰੀ ਪਹਿਲੀ ਵਾਰੀ ਬਰਾਮਦ ਕੀਤੀ ਗਈ। ਅੱਤਵਾਦ ਸਮੇਂ ਇਥੇ ਨਵੀਂ ਜੇਲ ਦੀ ਉਸਾਰੀ ਦਾ ਕੰਮ ਕਈ ਸਾਲ ਰੁਕਿਆ ਰਿਹਾ।

ਇਕ ਦਹਾਕਾ ਪਹਿਲਾਂ ਨਵੀਂ ਜ਼ਿਲਾ ਜੇਲ ਦਾ ਉਦਘਾਟਨ ਬਾਦਲ ਸਰਕਾਰ ਦੇ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕੀਤਾ ਤਾਂ ਸਕਿਓਰਿਟੀ ਜੇਲ ਵਿਚੋਂ ਲਗਭਗ 300 ਕੈਦੀ ਅਤੇ ਹਵਾਲਾਤੀ ਨਵੀਂ ਜੇਲ ਵਿਚ ਤਬਦੀਲ ਕਰ ਦਿੱਤੇ ਗਏ। ਇਥੇ 10 ਅਕਤੂਬਰ 1976 ਨੂੰ ਓਪਨ ਖੇਤੀਬਾੜੀ ਜੇਲ ਦਾ ਉਦਘਾਟਨ ਉਸ ਸਮੇਂ ਦੇ ਜੇਲ ਮੰਤਰੀ ਯਸ਼ ਨੇ ਕੀਤਾ ਸੀ ਜੋ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀਆਂ ਲਈ ਸ਼ਾਂਤੀ ਨਿਕੇਤਨ ਸਾਬਤ ਹੋਈ। ਇਥੇ ਕੈਦੀ ਖੇਤੀਬਾੜੀ ਕਰਦੇ ਹਨ। ਬਿਨਾਂ ਕਿਸੇ ਰੁਕਾਵਟ ਦੇ ਸ਼ਹਿਰ ਵਿਚ ਵੀ ਆਉਂਦੇ-ਜਾਂਦੇ ਹਨ। ਰਿਆਸਤੀ ਨਗਰੀ ਦੀਆਂ ਤਿੰਨੇ ਜੇਲਾਂ ਪਿਛਲੇ 8-9 ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਕੌਮੀ ਪੱਧਰ 'ਤੇ ਮੀਡੀਆ ਵਿਚ ਚਰਚਾ ਦਾ ਕੇਂਦਰ ਰਹੀਆਂ ਹਨ। ਓਮਨ ਜੇਲ ਵਿਚ ਇਕ ਜੇਲਰ ਦਾ ਹਵਾਲਾਤੀ ਬੇਟਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਜਦੋਂ ਕਿ ਸਕਿਓਰਿਟੀ ਜੇਲ ਵਿਚ 27 ਨਵੰਬਰ 2016 ਨੂੰ ਜੇਲ ਬਰੇਕ ਹੋਈ। ਇਸ ਦੀ ਸਾਜ਼ਸ਼ ਵਿਚ ਸ਼ਾਮਲ ਹਰਜਿੰਦਰ ਵਿੱਕੀ ਗੌਂਡਰ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਅਤੇ ਖਾਲਿਸਤਾਨੀ ਰਾਸ਼ਟਰਪਤੀ ਬਣਨ ਦਾ ਸੁਪਨਾ ਲੈਣ ਵਾਲੇ ਹਰਮਿੰਦਰ ਮਿੰਟੂ ਦੀ ਮੌਤ ਹੋ ਗਈ। ਇਥੋਂ ਦੀ ਜੇਲ ਵਿਚ ਬੰਦ ਪਲਵਿੰਦਰ ਪਿੰਦਾ ਹੱਥਕੜੀਆਂ ਸਮੇਤ ਫਰਾਰ ਹੋ ਗਿਆ ਸੀ। ਕਰੋੜਾਂ ਰੁਪਏ ਦਾ ਲੱਗਾ ਜੈਮਰ ਕੇਵਲ 'ਚਿੱਟਾ ਹਾਥੀ' ਬਣ ਕੇ ਰਹਿ ਗਿਆ ਜੋ 4-ਜੀ ਡਾਟਾ ਮੋਬਾਇਲ ਅਨੁਸਾਰ ਅਪ ਟੂ ਡੇਟ ਨਹੀਂ ਹੋ ਸਕਿਆ।

ਇਥੋਂ ਦੀਆਂ ਦੋਵੇਂ ਜੇਲਾਂ ਵਿਚ ਵਿਦੇਸ਼ੀ ਕੈਦੀ, ਹਵਾਲਾਤੀ, ਅੱਤਵਾਦੀ, ਗੈਂਗਸਟਰ ਅਤੇ ਹੋਰ ਸੰਗੀਨ ਮਾਮਲਿਆਂ ਦੇ ਅੰਡਰ ਟਰਾਇਲ ਹਵਾਲਾਤੀ ਅਤੇ ਕੈਦੀ ਰੱਖੇ ਜਾਂਦੇ ਹਨ। ਪਿਛਲੇ 8 ਸਾਲਾਂ ਦੌਰਾਨ ਮੋਬਾਇਲਾਂ ਦੀ ਧੜੱਲੇ ਨਾਲ ਹੋ ਰਹੀ ਵਰਤੋਂ ਨੂੰ ਰੋਕਣ 'ਚ ਸਰਕਾਰ ਫੇਲ ਰਹੀ ਹੈ। ਅੱਤਵਾਦੀ ਅਤੇ ਗੈਂਗਸਟਰ ਨਾਭਾ ਜੇਲਾਂ ਨੂੰ ਸਭ ਤੋਂ ਸੁਰੱਖਿਅਤ ਮੰਨਦੇ ਹਨ। ਦੇਖਣ ਵਿਚ ਆਇਆ ਹੈ ਕਿ ਵਜ਼ੀਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਅਧਿਕਾਰੀ ਤਾਇਨਾਤ ਹੁੰਦੇ ਹਨ ਅਤੇ ਓਪਨ ਜੇਲ ਵਿਚ ਵਜ਼ੀਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੋਰ ਜੇਲਾਂ ਵਿਚੋਂ ਉਮਰ ਮੈਦ ਦੀ ਸਜ਼ਾ ਭੁਗਤ ਰਹੇ ਕੈਦੀ ਸ਼ਿਫਟ ਕੀਤੇ ਜਾਂਦੇ ਹਨ। ਧੜੱਲੇ ਨਾਲ ਮੋਬਾਇਲ ਨੈੱਟਵਰਕ ਸਰਗਰਮ ਰਹਿੰਦਾ ਹੈ। ਕਈ ਵਾਰੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਖੁਲਾਸਾ ਹੋ ਚੁੱਕਾ ਹੈ। ਸੰਨ 2016 ਦੀ ਜੇਲ ਬਰੇਕ ਵਿਚ ਸ਼ਾਮਲ ਅੱਤਵਾਦੀ ਕਸ਼ਮੀਰ ਸਿੰਘ ਅਜੇ ਤੱਕ ਪੁਲਸ ਦੀ ਪਕੜ ਵਿਚ ਨਹੀਂ ਆਇਆ। ਸਕਿਓਰਿਟੀ ਜੇਲ ਦੇ ਸਭ ਤੋਂ ਉੱਚੇ ਸੈਂਟਰਲ ਵਾਚ ਟਾਵਰ 'ਤੇ ਤਾਇਨਾਤ ਕੈਦੀ (ਸਜ਼ਾ ਕੱਟ ਰਹੇ) ਨੇ ਕੁੱਝ ਅਰਸਾ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਪਿਛਲੇ 10 ਸਾਲਾਂ ਦੌਰਾਨ ਦੋਵੇਂ ਜੇਲਾਂ ਵਿਚੋਂ ਹੁਣ ਤੱਕ ਲਗਭਗ 450 ਮੋਬਾਇਲਾਂ ਸਮੇਤ ਅਨੇਕਾਂ ਸਿਮ, ਬੈਟਰੀਆਂ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਹੋਏ। ਪੁਲਸ ਕੇਸ ਦਰਜ ਹੋਣ ਤੋਂ ਬਾਅਦ ਵੀ ਕਦੇ ਸਰਕਾਰ ਨੇ ਗੰਭੀਰਤਾ ਨਾਲ ਕਿਸੇ ਵੀ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਗੈਂਗਸਟਰਾਂ ਤੇ ਅੱਤਵਾਦੀਆਂ ਨਾਲ ਰਿਸ਼ਤੇ ਨੂੰ ਤੋੜਨ ਦਾ ਯਤਨ ਹੋਇਆ।

ਕਈ ਵਾਰੀ ਜੇਲ ਵਿਚ ਖੂਨੀ ਝੜਪਾਂ ਹੋਈਆਂ। ਜੇਲਾਂ 'ਤੇ ਇਲਜ਼ਾਮ ਲਗਦੇ ਰਹੇ। ਨਸ਼ਾ ਕਾਰੋਬਾਰੀ ਇਥੇ ਬੰਦ ਰਹੇ। ਧਿਆਨ ਸਿੰਘ ਮੰਡ ਵਰਗੀ ਸ਼ਖਸੀਅਤਾਂ ਨੂੰ ਨਵੀਂ ਜੇਲ ਵਿਚ ਰੱਖਿਆ ਗਿਆ ਪਰ ਕਿਸੇ ਵੀ ਕੈਦੀ ਅਤੇ ਹਵਾਲਾਤੀ ਦੀ ਸਮੱਸਿਆ ਜਾਂ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਹੋਈ। ਜੇਕਰ ਜੇਲ ਵਿਚ ਮੋਬਾਇਲਾਂ ਦੀ ਧੜੱਲੇ ਨਾਲ ਵਰਤੋਂ ਨਾ ਹੁੰਦੀ ਤਾਂ ਸ਼ਾਇਦ ਇਹ ਕਾਂਡ ਨਾ ਵਾਪਰਦਾ। ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਦੌਰਾਨ ਮੰਨਿਆ ਕਿ 10 ਸਾਲਾਂ ਦੌਰਾਨ ਨਾਭਾ ਦੀਆਂ ਦੋਵੇਂ ਜੇਲਾਂ 'ਚੋਂ 450 ਤੋਂ ਵੱਧ ਮੋਬਾਇਲ ਬਰਾਮਦ ਹੋਏ। ਇਸ ਸਮੇਂ ਖਤਰਨਾਕ ਗੈਂਗਸਟਰ ਤੇ ਹੋਰ ਅਪਰਾਧੀ ਪੰਜਾਬ ਦੀਆਂ ਜੇਲਾਂ ਵਿਚ ਬੰਦ ਹਨ। ਜੇਲਾਂ ਦੇ ਸੁਧਾਰ ਲਈ 100 ਕਰੋੜ ਰੁਪਏ ਰਾਸ਼ੀ ਚਾਹੀਦੀ ਹੈ, ਜਿਸ ਲਈ ਕੇਂਦਰੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ। 10 ਸਾਲਾਂ ਦੌਰਾਨ ਨਾਭਾ ਦੀਆਂ ਦੋਵੇਂ ਜੇਲਾਂ 'ਚੋਂ 450 ਤੋਂ ਵੱਧ ਮੋਬਾਇਲ ਬਰਾਮਦ ਹੋਏ। 10 ਸਾਲਾਂ ਦੌਰਾਨ ਨਾਭਾ ਦੀਆਂ ਦੋਵੇਂ ਜੇਲਾਂ ਬਦਨਾਮ ਹੋ ਗਈਆਂ ਹਨ। ਕੁੱਝ ਅਧਿਕਾਰੀਆਂ ਨੇ ਚੰਗਾ ਕੰਮ ਵੀ ਕੀਤਾ ਪਰ ਸਰਕਾਰ ਨੇ ਕਦੇ ਵੀ ਹੌਸਲਾ-ਅਫਜ਼ਾਈ ਨਹੀਂ ਕੀਤੀ। ਜੇਲ ਅਫਸਰਾਂ ਦੀਆਂ ਨਿਯੁਕਤੀਆਂ ਵਿਚ ਸਿਆਸੀ ਦਖਲਅੰਦਾਜ਼ੀ ਕਾਰਨ ਹੀ ਇਥੋਂ ਦੀਆਂ ਜੇਲਾਂ ਬਿਹਾਰ ਵਾਂਗ ਬਦਨਾਮ ਹੋਈਆਂ ਹਨ। ਇਸ ਵਿਚ ਸੁਧਾਰ ਦੀ ਲੋੜ ਹੈ।

Shyna

This news is Content Editor Shyna