ਨਾਭਾ ਦੇ ਰੇਲਵੇ ਸਟੇਸ਼ਨ ''ਤੇ ਸੈਂਕੜੇ ਸਵਾਰੀਆਂ ਦੀ ਜਾਨ ਖਤਰੇ ਵਿਚ!

Thursday, Feb 22, 2018 - 08:05 AM (IST)

ਨਾਭਾ (ਪੁਰੀ) - ਰਿਆਸਤੀ ਨਗਰੀ ਨਾਭਾ ਦੇ ਰੇਲਵੇ ਸਟੇਸ਼ਨ 'ਤੇ ਕਿਸੇ ਵੀ ਸਮੇ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਰੇਲਵੇ ਵਿਭਾਗ ਡੂੰਘੀ ਨੀਦ ਵਿਚ ਸੁੱਤਾ ਪਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ 'ਤੇ ਸਿਰਫ ਇਕ ਹੀ ਪਲੇਟਫਾਰਮ ਹੈ ਜਦ ਕਿ ਰੇਲਵੇ ਟਰੈਕ ਤਿੰਨ ਹਨ ਅਤੇ ਤਿੰਨੋ ਲਾਈਨਾਂ 'ਤੇ ਹੀ ਟਰੇਨਾਂ ਆਉਂਦੀਆਂ ਹਨ। ਰੋਜ਼ਾਨਾ ਹੀ ਜਦੋਂ ਇਕ ਨੰਬਰ ਪਲੇਟਫਾਰਮ 'ਤੇ ਟਰੇਨ ਖੜ੍ਹੀ ਹੁੰਦੀ ਹੈ ਤਾਂ ਅਜਿਹੇ ਮੌਕੇ ਰੇਲਵੇ ਵਿਭਾਗ ਬਠਿੰਡਾ-ਹਰਿਦੁਆਰ ਵਰਗੀ ਮੁੱਖ ਟਰੇਨ ਨੂੰ ਦੋ ਨੰਬਰ ਟਰੈਕ 'ਤੇ ਲੈ ਲੈਂਦਾ ਹੈ ਅਜਿਹੇ ਵਿਚ ਕਾਊਂਟਰ ਤੋਂ ਟਿਕਟ ਲੈ ਕੇ ਸਵਾਰੀਆਂ ਦੋ ਨੰਬਰ 'ਤੇ ਟਰੇਨ ਫੜਨ ਲਈ ਜਾਂ ਤਾਂ ਇਕ ਨੰਬਰ ਪਲੇਟਫਾਰਮ 'ਤੇ ਖੜ੍ਹੀ ਟਰੇਨ 'ਚੋਂ ਦੀ ਲੰਘ ਕੇ ਦੋ ਨੰਬਰ ਟਰੈਕ 'ਤੇ ਪਹੁੰਚਦੀਆਂ ਹਨ ਜਾਂ ਫਿਰ ਇਕ ਨੰਬਰ 'ਤੇ ਖੜ੍ਹੀ ਟਰੇਨ ਦੇ ਅੱਗੋ ਜਾਂ ਪਿੱਛੋ ਦੀ ਲੰਘ ਕੇ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੁੰਦਾ। ਇਸ ਤਰ੍ਹਾਂ ਕਰਦੇ ਹੋਏ ਰੋਜ਼ਾਨਾ ਸੈਂਕੜੇ ਸਵਾਰੀਆਂ ਰੇਲਵੇ ਸਟੇਸ਼ਨ 'ਤੇ ਆਪਣੀ ਮੌਤ ਨੂੰ ਸੱਦਾ ਦਿੰਦੀਆਂ ਹਨ ਅਤੇ ਹਮੇਸ਼ਾ ਹੀ ਵੱਡੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ, ਜਦੋ ਟਰੇਨਾਂ ਆਉਂਦੀਆਂ ਹਨ ਤਾਂ ਸਵਾਰੀਆਂ ਸਮਾਂ ਘੱਟ ਹੋਣ ਕਰਕੇ ਇਧਰ-ਉਧਰ ਭੱਜਦੀਆਂ ਹਨ। ਅਜਿਹੇ ਮੌਕੇ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਸੀਨੀਅਰ ਸਿਟੀਜਨਜ਼ ਤੋਂ ਇਲਾਵਾ ਸ਼ਹਿਰ ਦੀਆਂ ਕਈ ਮੁੱਖ ਸਮਾਜਿਕ ਸੰਸਥਾਵਾਂ ਨੇ ਰੇਲਵੇ ਵਿਭਾਗ ਨੂੰ ਅਤੇ ਰੇਲ ਮੰਤਰੀ ਨੂੰ ਨਾਭਾ ਵਿਖੇ ਇਕ ਹੋਰ ਪਲੇਟਫਾਰਮ ਬਣਾਉਣ ਦੀ ਕਈ ਵਾਰ ਮੰਗ ਕੀਤੀ ਹੈ ਪਰ ਅਜੇ ਤੱਕ ਪਰਨਾਲਾ ਉਥੇ ਦਾ ਉਥੇ ਹੀ ਹੈ।


Related News