ਨਾਭਾ: ਰਿਲਾਇੰਸ ਪੈਟਰੋਲ ਪੰਪ 'ਤੇ 10 ਲੱਖ 45 ਹਜ਼ਾਰ ਦੀ ਲੁੱਟ (ਵੀਡੀਓ)

10/22/2018 5:23:12 PM

ਨਾਭਾ(ਰਾਹੁਲ)—ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਚਿੱਟੇ ਦਿਨ ਵੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਅਜਿਹੀ ਹੀ ਵਾਰਦਾਤ ਅੱਜ ਸਵੇਰੇ ਨਾਭਾ-ਪਟਿਆਲਾ ਰੋਡ 'ਤੇ ਸਥਿਤ ਇਕ ਇਲਾਇੰਸ ਦੇ ਪੈਟਰੋਲ ਪੰਪ 'ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਿਲਾਇੰਸ ਪੈਟਰੋਲ ਪੰਪ ਦਾ ਕਰਿੰਦਾ 10 ਲੱਖ 45 ਹਜ਼ਾਰ ਰੁਪਏ ਲੈ ਕੇ ਐੱਸ.ਬੀ.ਆਈ. ਬੈਂਕ ਵਿਚ ਜਮ੍ਹਾ ਕਰਾਉਣ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਦੋ ਲੁਟੇਰਿਆਂ ਵਲੋਂ ਉਸ ਨੂੰ ਘੇਰ ਕੇ ਸਿਰ 'ਤੇ ਰਾਡ ਨਾਲ ਵਾਰ ਕਰਕੇ ਪਹਿਲਾਂ ਜ਼ਖਮੀ ਕੀਤਾ ਅਤੇ ਫਿਰ 10 ਲੱਖ 45 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ।

ਇਸ ਮੌਕੇ 'ਤੇ ਰਿਲਾਇੰਸ ਪੈਟਰੋਲ ਪੰਪ ਦੇ ਮਾਲਕ ਸੰਦੀਪ ਬਾਂਸਲ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਸਾਡਾ ਕਰਿੰਦਾ ਐੱਸ.ਬੀ.ਆਈ. ਬੈਂਕ ਵਿਚ ਪੈਸੇ ਜਮ੍ਹਾ ਕਰਾਉਣ ਜਾ ਰਿਹਾ ਕਿ ਰਸਤੇ ਵਿਚ ਲੁਟੇਰੇ ਉਸ ਨੂੰ ਜ਼ਖਮੀ ਕਰਕੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਨਾਭਾ ਪੁਲਸ ਇਨ੍ਹਾਂ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਏਗੀ।

ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਦੇ ਐੱਸ.ਪੀ.ਡੀ. ਮਨਜੀਤ ਬਰਾੜ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਵਲੋਂ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਰਹੇ ਹਾਂ ਅਤੇ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਲੁਟੇਰੇ ਜਲਦੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।