ਨਾਭਾ ਜੇਲ ਕਾਂਡ : ਇਹ ਸੀ ਗੈਂਗਸਟਰਾਂ ਦਾ ਰੂਟ ਪਲਾਨ (ਵੀਡੀਓ)

12/02/2016 8:07:00 PM

ਜਲੰਧਰ : 27 ਨਵੰਬਰ ਐਤਵਾਰ ਨੂੰ ਨਾਭਾ ਜੇਲ ਕਾਡ ਨੂੰ ਅੰਜਾਮ ਦੇਣ ਤੋਂ ਪਹਿਲਾਂ ਗੈਂਗਸਟਰਾਂ ਵਲੋਂ ਬਕਾਇਦਾ ਹੋਮ ਵਰਕ ਕੀਤਾ ਗਿਆ ਸੀ। ਲੁਧਿਆਣਾ ''ਚ ਪੁਲਸ ਦੀਆਂ ਵਰਦੀਆਂ ਸਵਾਉਣ ਤੋਂ ਬਾਅਦ ਸਾਰੇ ਮੁਲਜ਼ਮ ਮੋਗਾ ''ਚ ਗੁਰਪ੍ਰੀਤ ਦੇ ਘਰ ਇਕੱਠੇ ਹੋਏ। ਬਕਾਇਦਾ ਇਥੇ ਜੇਲ ਬ੍ਰੇਕ ਦੀ ਰਿਹਰਸਲ ਕੀਤੀ ਗਈ ਅਤੇ ਸਾਰੇ ਦੋਸ਼ੀ ਐਤਵਾਰ ਨੂੰ ਤੜਕਸਾਰ ਮੋਗਾ ਤੋਂ ਨਾਭਾ ਲਈ ਰਵਾਨਾ ਹੋ ਗਏ। ''ਜਗ ਬਾਣੀ'' ਆਪਣੀ ਇਸ ਖਾਸ ਰਿਪੋਰਟ ਰਾਹੀਂ ਤੁਹਾਨੂੰ ਮੁਲਜ਼ਮਾਂ ਦੇ ਉਸ ਸਾਰੇ ਰੂਟ ਪਲਾਨ ਤੋਂ ਜਾਣੂੰ ਕਰਵਾਏਗਾ, ਜਿਸ ਰਾਹੀਂ ਮੁਲਜ਼ਮ ਪੁਲਸ ਤੋਂ ਲੁਕਦੇ ਹੋਏ ਹਰਿਆਣਾ ''ਚ ਦਾਖਲ ਹੋਏ।

27 ਨਵੰਬਰ ਦਿਨ ਐਤਵਾਰ, ਸਮਾਂ ਸਵੇਰੇ ਛੇ ਵਜੇ
ਗੁਰਪ੍ਰੀਤ ਦੇ ਘਰ ਤੋਂ ਸਾਰੇ ਮੁਲਜ਼ਮ ਪੁਲਸ ਦੀਆਂ ਵਰਦੀਆਂ ਪਾ ਕੇ ਚਾਰ ਗੱਡੀਆਂ ''ਚ ਸਵਾਰ ਹੋ ਕੇ ਨਿਕਲੇ। ਮੋਗਾ ਤੋਂ ਵਾਇਆਂ ਮਲੇਰਕੋਟਲਾ ਹੁੰਦੇ ਹੋਏ ਲਗਭਗ ਢਾਈ ਘੰਟੇ ਦਾ ਸਫਰ ਤੈਅ ਕਰਕੇ ਸਾਢੇ ਅੱਠ ਵਜੇ ਦੇ ਕਰੀਬ ਇਹ ਨਾਭਾ ਜੇਲ ਪਹੁੰਚੇ। 10-12 ਮਿੰਟਾਂ ਦੇ ਆਪਣੇ ਛੋਟੇ ਪਰ ਖਤਰਨਾਕ ਆਪਰੇਸ਼ਨ ਨੂੰ ਅੰਜ਼ਾਮ ਦੇਣ ਤੋਂ ਬਾਅਦ ਪੌਣੇ ਨੌ ਵਜੇ ਇਹ ਲੋਕ ਆਪਣੇ ਸਾਥੀਆਂ ਨੂੰ ਛੁਡਵਾ ਕੇ ਫਰਾਰ ਹੋ ਗਏ।
ਪੂਰੀ ਤਿਆਰੀ ਕਰਕੇ ਆਏ ਸ਼ਾਤਰ ਅਪਰਾਧੀ ਪੁਲਸ ਦੇ ਐਕਸ਼ਨ ਪਲਾਨ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਸਨ। ਫਰਾਰੀ ਤੋਂ ਬਾਅਦ ਕਿਸੇ ਨੇ ਵੀ ਵੱਡੇ ਰੂਟ ਦੀ ਵਰਤੋਂ ਨਾ ਕਰਕੇ ਪਿੰਡਾਂ ਰਾਹੀਂ ਸਫਰ ਤੈਅ ਕੀਤਾ। ਨਾਭਾ ਜੇਲ ''ਚੋਂ ਨਿਕਲਣ ਤੋਂ ਬਾਅਦ ਇਹ ਲੋਕ ਭਰੋ ਪੁੱਜੇ, ਫਿਰ ਚੰਨੋ-ਸੰਗਰੂਰ ਰੋਡ ਤੋਂ ਹੁੰਦੇ ਹੋਏ ਪਹਾੜਪੁਰ, ਡਰੋਲੀ, ਡਕਾਲਾ, ਚੀਕਾ ਤੋਂ ਪਹੇਵੇ ਪੁੱਜੇ। ਪਹੇਵੇ ਪੁੱਜ ਕੇ ਸਾਰੇ ਦੋਸ਼ੀ ਵੱਖ-ਵੱਖ ਹੋ ਗਏ। ਅੱਤਵਾਦੀ ਹਰਮਿੰਦਰ ਮਿੰਟੂ ਅਤੇ ਕਸ਼ਮੀਰਾ ਸਿੰਘ ਇਸੇ ਥਾਂ ਤੋਂ ਬਸ ਰਾਹੀਂ ਪਾਨੀਪਤ ਕੈਥਲ ਲਈ ਰਵਾਨਾ ਹੋਏ ਜਦਕਿ ਮਿਲੀ ਜਾਣਕਾਰੀ ਮੁਤਾਬਿਕ ਇਕ ਧੜਾ ਟਰੱਕ ਰਾਹੀਂ ਸਹਾਰਨਪੁਰ ਵੱਲ ਕੂਚ ਕਰ ਗਿਆ। ਮਿੰਟੂ ਅਤੇ ਕਸ਼ਮੀਰਾ ਸਿੰਘ ਬਸ ਰਾਹੀਂ ਦਿੱਲੀ ਪੁੱਜ ਗਏ, ਉਦੋਂ ਤਕ ਪੁਲਸ ਇਨ੍ਹਾਂ ਦੇ ਮਗਰ ਲੱਗ ਚੁੱਕੀ ਸੀ। ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਕਸ਼ਮੀਰਾ ਸਿੰਘ ਅਤੇ ਮਿੰਟੂ ਵੱਖ ਹੋ ਗਏ। ਸ਼ਾਇਦ ਇਹੋ ਕਾਰਣ ਸੀ ਕਿ ਮਿੰਟੂ ਤਾਂ ਨਿਜ਼ਾਮੁਦੀਨ ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਮੁਲਜ਼ਮਾਂ ਸਮੇਤ ਕਸ਼ਮੀਰਾ ਸਿੰਘ ਅਜੇ ਵੀ ਪੁਲਸ ਦੀ ਗ੍ਰਿਫਤ ''ਚੋਂ ਬਾਹਰ ਹੈ।

Gurminder Singh

This news is Content Editor Gurminder Singh