ਨਾਭਾ ''ਚ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਲੁੱਟਣ ਵਾਲੇ 4 ਘੰਟਿਆਂ ''ਚ ਗ੍ਰਿਫਤਾਰ

11/14/2018 9:38:43 PM

ਪਟਿਆਲਾ,(ਬਲਜਿੰਦਰ, ਪੁਰੀ, ਜਗਨਾਰ, ਭੂਪਾ, ਜੈਨ)— ਨਾਭਾ ਦੀ ਨਵੀਂ ਅਨਾਜ ਮੰਡੀ 'ਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਗੰਨਮੈਨ ਪ੍ਰੇਮ ਚੰਦ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਦੀ ਡਕੈਤੀ ਕਰਨ ਵਾਲੇ ਦੋਵੇਂ ਵਿਅਕਤੀਆਂ ਨੂੰ ਪਟਿਆਲਾ ਪੁਲਸ ਨੇ ਸਿਰਫ 4 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ। ਦੋਵੇਂ ਲੁਟੇਰੇ ਸੰਗਰੂਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦੀ ਪਛਾਣ ਜਗਦੇਵ ਸਿੰਘ ਉਰਫ ਤਾਰੀ (35) ਪੁੱਤਰ ਕਰਨੈਲ ਸਿੰਘ ਅਤੇ ਅਮਨਜੀਤ ਸਿੰਘ (32) ਵਾਸੀ ਸੰਗਰੂਰ ਵਜੋਂ ਹੋਈ ਹੈ। ਇਹ ਪੁਸ਼ਟੀ ਆਈ. ਜੀ. ਪਟਿਆਲਾ ਰੇਂਜ ਏ. ਐੱਸ. ਰਾਏ ਨੇ ਕੀਤੀ।

ਉਨ੍ਹਾਂ ਦੱਸਿਆ ਕਿ ਦੋਵੇਂ ਵਿਅਕਤੀਆਂ ਤੋਂ ਲੁੱਟੇ ਗਏ 50 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਇਸ ਤੋਂ ਇਲਾਵਾ ਗੰਨਮੈਨ ਪ੍ਰੇਮ ਚੰਦ ਤੋਂ ਖੋਹੀ ਰਾਈਫਲ, 32 ਬੋਰ ਦਾ ਨਾਜਾਇਜ਼ ਪਿਸਤੌਲ, ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਅਤੇ ਲੁੱਟ ਤੋਂ ਬਾਅਦ ਬਦਲੇ ਗਏ ਕੱਪੜੇ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੈਟ੍ਰਿਕ ਪਾਸ ਹਨ ਅਤੇ ਚੰਗੇ ਘਰਾਂ 'ਚੋਂ ਹਨ।

ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਇਸ ਸਫਲਤਾ ਲਈ ਪਟਿਆਲਾ ਪੁਲਸ ਨੂੰ ਇਕ ਲੱਖ ਰੁਪਏ ਦਾ ਕੈਸ਼ ਇਨਾਮ ਅਤੇ ਇਸ 'ਚ ਬਿਹਤਰੀਨ ਭੂਮਿਕਾ ਨਿਭਾਉਣ ਵਾਲੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਪਰਮੋਸ਼ਨ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਦੇਰ ਸ਼ਾਮ ਇਸ ਦਾ ਖੁਲਾਸਾ ਕੀਤਾ। ਇਥੇ ਇਹ ਦੱਸਣਯੋਗ ਹੈ ਕਿ ਨਾਭਾ ਪੁਲਸ ਨੇ ਥੋੜ੍ਹੇ ਸਮੇਂ 'ਚ ਹੀ 4 ਹੱਤਿਆ ਅਤੇ 2 ਬੈਂਕ ਡਕੈਤੀਆਂ ਟਰੇਸ ਕੀਤੀਆਂ ਹਨ।