ਧੋਖਾਧੜੀ ਕਰਨ ਵਾਲੇ ਭਗੌੜੇ ਐਨ. ਆਰ. ਆਈ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

12/10/2017 5:36:05 PM


ਮੋਗਾ (ਆਜ਼ਾਦ) - ਆਪਣੀ ਬੇਟੀ ਦਾ ਵਿਆਹ ਰਚਾਉਣ ਦੇ ਮਾਮਲੇ 'ਚ 30 ਲੱਖ ਰੁਪਏ, 19 ਤੋਲੇ ਸੋਨੇ ਦੇ ਗਹਿਣੇ ਹੜਪਨ ਦੇ ਮਾਮਲੇ 'ਚ ਐਨ. ਆਰ. ਆਈ ਪੁਲਸ ਮੋਗਾ ਨੇ ਭਗੌੜੇ ਦਵਿੰਦਰ ਸਿੰਘ ਨਿਵਾਸੀ ਨੂਰਪੂਰ (ਰਾਏਕੋਟ) ਨੂੰ ਕਾਬੂ ਕਰ ਲਿਆ। ਇਸ ਮਾਮਲੇ ਸਬੰਧੀ ਥਾਣਾ ਐਨ. ਆਰ. ਆਈ ਵੱਲੋਂ ਇਸ ਸਬੰਧ ਵਿਚ ਕੁਲਵੀਰ ਸਿੰਘ ਪੁੱਤਰ ਬਧਨ ਸਿੰਘ ਨਿਵਾਸੀ ਪਿੰਡ ਤਲਵੰਡੀ ਮੱਲ੍ਹੀਆ ਦੀ ਸ਼ਿਕਾਇਤ ਦੇ ਆਧਾਰ 'ਤੇ 3 ਫਰਵਰੀ 2011 ਨੂੰ ਧੋਖਾਧੜੀ ਅਤੇ ਜਾਲਸਾਜ਼ੀ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

ਕੀ ਸੀ ਸਾਰਾ ਮਾਮਲਾ
ਜ਼ਿਲ੍ਹਾ ਪੁਲਸ ਮੁੱਖੀ ਨੂੰ ਦਿਤੇ ਸ਼ਿਕਾਇਤ ਪੱਤਰ 'ਚ ਕੁਲਵੀਰ ਸਿੰਘ ਨੇ ਕਿਹਾ ਸੀ ਕਿ ਉਸਦਾ ਵਿਆਹ 17 ਦਸੰਬਰ 2005 ਨੂੰ ਅਮਰੀਕਾ ਸਿਟੀਜਨ ਪਵਨਦੀਪ ਕੌਰ ਪੁੱਤਰੀ ਦਵਿੰਦਰ ਸਿੰਘ ਨਿਵਾਸੀ ਪਿੰਡ ਨੂਰਪੁਰ ਦੇ ਨਾਲ ਕਟਿਆਲ ਪੈਲੇਸ ਲੁਧਿਆਣਾ ਰੋਡ ਰਾਇਕੋਟ ਵਿਖੇ ਹੋਇਆ ਸੀ। ਵਿਆਹ ਸਮੇਂ ਉਸਨੇ 30 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ 19 ਤੋਲੇ ਸੋਨੇ ਦੇ ਜੇਵਰਾਤ ਦਿੱਤੇ ਸਨ। 19 ਮਾਰਚ 2006 ਨੂੰ ਉਸਦੀ ਪਤਨੀ ਪਵਨਦੀਪ ਕੌਰ ਅਮਰੀਕਾ ਚਲੀ ਗਈ, ਜਿਥੇ ਉਸਨੇ 13 ਸਤੰਬਰ 2006 ਨੂੰ ਮੇਰੇ ਬੇਟੇ ਮਨਵਾਰਸ ਨੂੰ ਜਨਮ ਦਿਤਾ। ਮੈ 15 ਮਾਰਚ 2008 ਨੂੰ ਆਪਣੀ ਪਤਨੀ ਕੋਲ ਅਮਰੀਕਾ ਚੱਲਾ ਗਿਆ ਪਰ ਉਹ ਮੇਰੇ ਨਾਲ ਝਗੜਾ ਕਰਨ ਲੱਗ ਪਈ ਅਤੇ ਉਸ ਨੇ ਮੈਨੂੰ ਪੁਲਸ ਹਵਾਲੇ ਕਰ ਦਿਤਾ। ਜੂਨ 2009 ਵਿਚ ਮੈ ਵਾਪਸ ਭਾਰਤ ਆ ਗਿਆ। ਉਸਨੇ ਦੋਸ਼ ਲਾਇਆ ਕਿ ਮੈਰਿਜ ਰਜਿਸਟਰਡ ਕਰਵਾਉਣ ਸਮੇਂ ਉਸਦਾ ਪਿਤਾ ਨਾਲ ਖੜਾ ਨਹੀਂ ਹੋਇਆ, ਸਗੋਂ ਉਸਨੇ ਕਿਹਾ ਕਿ ਪਵਨਦੀਪ ਦਾ ਪਿਤਾ ਦਰਸ਼ਨ ਸਿੰਘ ਹੈ, ਜੋ ਯੂ.ਐਸ.ਏ ਤੋਂ ਆਇਆ ਅਤੇ ਉਸਨੇ ਕਿਹਾ ਕਿ ਮੇਰੀ ਬੇਟੀ ਨੂੰ ਗੋਦ ਲਿਆ ਸੀ। ਮੈਰਿਜ ਰਜਿਸਟਰਡ ਕਰਦੇ ਸਮੇਂ ਪਰਮਜੀਤ ਸਿੰਘ ਨਿਵਾਸੀ ਪਿੰਡ ਰਾਜੋਵਾਲ ਨੂੰ ਦਰਸ਼ਨ ਸਿੰਘ ਦਸ ਕੇ ਖੜਾ ਕੀਤਾ ਅਤੇ ਮੈਰਿਜ ਰਜਿਸਟਰਡ ਕਰਵਾ ਲਈ ਅਤੇ ਇਸ ਤਰ੍ਹਾਂ ਮੇਰੇ ਨਾਲ ਧੋਖਾਧੜੀ ਕੀਤੀ।  ਇਸ ਮਾਮਲੇ ਦੀ ਜਾਂਚ ਡੀ. ਐਸ. ੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਪਤਾ ਲਗਾ ਕਿ ਦੋਨ੍ਹਾਂ ਧਿਰਾਂ ਦਾ ਆਪਸ ਵਿਚ ਤਲਾਕ ਹੋ ਗਿਆ ਹੈ। ਕਾਨੂੰਨੀ ਰਾਏ ਲੈਣ ਤੋਂ ਬਾਅਦ ਉਕਤ ਧੋਖਾਧੜੀ ਦਾ ਮਾਮਲਾ ਦਰਜ ਕਰ ਦਿੱਤਾ।

ਕੀ ਹੋਈ ਪੁਲਸ ਕਾਰਵਾਈ
ਇਸ ਸਬੰਧ ਵਿਚ ਜਾਣਕਾਰੀ ਦਿੰਦਿਆ ਥਾਣਾ ਐਨ. ਆਰ. ਆਈ. ਦੇ ਮੁੱਖ ਅਫਸਰ ਅਰਮਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ 'ਚ ਦਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ 31 ਮਾਰਚ 2017 ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ, ਜਿਸਨੂੰ ਸਹਾਇਕ ਥਾਣੇਦਾਰ ਤਜਿੰਦਰ ਸਿੰਘ ਅਤੇ ਹੌਲਦਾਰ ਨਛੱਤਰ ਸਿੰਘ ਵੱਲੋਂ ਕਾਬੂ ਕੀਤਾ ਗਿਆ। ਜਿਸਨੂੰ 10 ਦਸੰਬਰ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸਨੂੰ ਜੁਡੀਸ਼ਿਅਲ ਹਿਰਾਸਤ ਭੇਜਣ ਦਾ ਆਦੇਸ਼ ਦਿਤਾ।