ਐੱਨ. ਡੀ. ਪੀ. ਐੱਸ. ਮਾਮਲੇ ''ਚ ਦੋਸ਼ੀ ਨੂੰ 2 ਸਾਲ ਦੀ ਕੈਦ

Friday, Jun 08, 2018 - 05:54 AM (IST)

ਚੰਡੀਗੜ੍ਹ, (ਸੰਦੀਪ)- ਐੱਨ. ਡੀ. ਪੀ. ਐੱਸ. ਮਾਮਲੇ 'ਚ ਜ਼ਿਲਾ ਅਦਾਲਤ ਨੇ ਲੁਧਿਆਣਾ ਦੇ ਸਮਰਾਲਾ 'ਚ ਰਹਿਣ ਵਾਲੇ ਸੁਖਵਿੰਦਰ ਸਿੰਘ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਦੇ ਨਾਲ-ਨਾਲ ਉਸ 'ਤੇ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 
ਸੈਕਟਰ-17 ਥਾਣਾ ਪੁਲਸ ਨੇ ਪਿਛਲੇ ਸਾਲ ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. 21 ਅਤੇ 22 ਤਹਿਤ ਕੇਸ ਦਰਜ ਕੀਤਾ ਸੀ। ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਗਣਤੰਤਰ ਦਿਵਸ ਸਬੰਧੀ ਸ਼ਹਿਰ ਦੇ ਸੁਰੱਖਿਆ ਇੰਤਜ਼ਾਮ ਸਖਤ ਕੀਤੇ ਹੋਏ ਸਨ ਕਿ 17 ਜਨਵਰੀ 2017 ਦੀ ਸ਼ਾਮ ਨੂੰ ਨੀਲਮ ਚੌਕੀ ਇੰਚਾਰਜ ਸ਼ਿਵਚਰਨ ਵਲੋਂ ਨੀਲਮ ਥਿਏਟਰ ਦੇ ਪਿੱਛੇ ਮੁੱਖ ਸੜਕ 'ਤੇ ਨਾਕਾ ਲਾਇਆ ਗਿਆ ਸੀ।  
ਇਸ ਦੌਰਾਨ ਨਾਕੇ 'ਤੇ ਤਾਇਨਾਤ ਪੁਲਸ ਟੀਮ ਨੇ ਇਕ ਵਿਅਕਤੀ ਨੂੰ ਫੁੱਟਬਾਲ ਸਟੇਡੀਅਮ ਵਲੋਂ ਪੈਦਲ ਨੀਲਮ ਥਿਏਟਰ ਵੱਲ ਆਉਂਦੇ ਵੇਖਿਆ। ਜਿਵੇਂ ਹੀ ਉਸ ਵਿਅਕਤੀ ਨੇ ਪੁਲਸ ਟੀਮ ਨੂੰ ਵੇਖਿਆ ਤਾਂ ਉਹ ਘਬਰਾ ਗਿਆ ਤੇ ਆਪਣਾ ਰਸਤਾ ਬਦਲ ਕੇ ਛੇਤੀ 'ਚ ਦੂਜੇ ਪਾਸੇ ਜਾਣ ਲੱਗਾ। ਪੁਲਸ ਨੂੰ ਉਸ ਵਿਅਕਤੀ 'ਤੇ ਸ਼ੱਕ ਹੋਇਆ ਤੇ ਪੁਲਸ ਟੀਮ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਲਿਆ। ਪੁਲਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 8 ਨਸ਼ੇ ਵਾਲੇ ਟੀਕੇ ਤੇ ਹੈਰੋਇਨ ਬਰਾਮਦ ਹੋਈ। ਪੁਲਸ ਨੇ ਉਸ ਵਿਅਕਤੀ ਨੂੰ ਜਦੋਂ ਇਸ ਸਬੰਧੀ ਲਾਇਸੈਂਸ ਵਿਖਾਉਣ ਲਈ ਕਿਹਾ ਤਾਂ ਉਹ ਵਿਖਾ ਨਹੀਂ ਸਕਿਆ। 


Related News