ਮੈਨੂੰ ਮਾਂ ਦੇ ਹੰਝੂਆਂ ਨੇ ਸੁਰਜੀਤ ਪਾਤਰ ਬਣਾ ''ਤਾ

08/10/2018 10:08:23 PM

ਜਲੰਧਰ — ਬਚਪਨ ਵਿਚ ਹੀ ਬਾਪ ਦੇ ਵਿਦੇਸ਼ ਚਲੇ ਜਾਣ ਪਿੱਛੋਂ ਅਕਸਰ ਮਾਂ ਉਨ੍ਹਾਂ ਦੀ ਯਾਦ ਵਿਚ ਹੰਝੂ ਵਹਾਉਂਦੀ ਰਹਿੰਦੀ ਸੀ ਤੇ ਮਾਂ ਨੂੰ ਰੋਂਦਿਆਂ ਵੇਖ ਮੈਂ ਖੁਦ ਦੀਆਂ ਭਾਵਨਾਵਾਂ ਨੂੰ ਕਾਬੂ ਵਿਚ ਨਹੀਂ ਰੱਖ ਪਾਉਂਦਾ ਸੀ। ਉਨ੍ਹਾਂ ਦੇ ਹੰਝੂਆਂ ਨੇ ਮੈਨੂੰ ਕਲਮ ਫੜਾਈ ਤੇ ਉਹ ਕਲਮ ਨੇ ਮੈਨੂੰ ਅੱਜ ਇਸ ਮੁਕਾਮ 'ਤੇ ਪਹੁੰਚਾ ਦਿੱਤਾ ਕਿ ਮੈਂ ਸੁਰਜੀਤ ਪਾਤਰ ਬਣ ਪੰਜਾਬੀਅਤ ਦੀ ਸੇਵਾ ਵਿਚ ਲੱਗ ਪਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਪੰਜਾਬੀ ਲੇਖਕ ਤੇ ਪਦਮਸ਼੍ਰੀ ਨਾਲ ਨਿਵਾਜੇ ਜਾ ਚੁੱਕੇ ਡਾ. ਸੁਰਜੀਤ ਪਾਤਰ ਨੇ ਕੀਤਾ। ਸੁਰਜੀਤ ਪਾਤਰ ਨੇ ਜਗ ਬਾਣੀ ਦੇ ਖੁਸ਼ਦੀਪ ਜੱਸੀ ਨਾਲ ਇੰਟਰਵਿਊ ਦੌਰਾਨ ਆਪਣੀ ਜ਼ਿੰਦਗੀ ਦੇ ਕੁਝ ਪਹਿਲੂਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਅੱਜ ਦੇ ਨੌਜਵਾਨ ਪੰਜਾਬੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਦੇ ਕੀ ਕਾਰਨ ਹਨ?
ਜਵਾਬ :
ਮੇਰਾ ਮੰਨਣਾ ਹੈ ਕਿ 10 ਧਿਰਾਂ ਅਜਿਹੀਆਂ ਹਨ ਜਿਹੜੀਆਂ ਭਾਸ਼ਾ ਨੂੰ ਬਚਾ ਵੀ ਸਕਦੀਆਂ ਹਨ ਤੇ ਮਾਰ ਵੀ ਸਕਦੀਆਂ ਹਨ। ਲੋਕ, ਸਰਕਾਰ, ਮੀਡੀਆ, ਵਿੱਦਿਅਕ ਅਦਾਰੇ, ਸਾਡਾ ਰੰਗ-ਮੰਚ, ਸਾਡੇ ਗਾਇਕ, ਸਾਡੇ ਧਰਮ, ਵਪਾਰ, ਰੁਜ਼ਗਾਰ ਇਸ 'ਚ ਸ਼ਾਮਲ ਹਨ ਪਰ ਇਸ ਵੇਲੇ ਵਿੱਦਿਅਕ ਅਦਾਰਿਆਂ ਦਾ ਬਹੁਤ ਵੱਡਾ ਹੱਥ ਹੈ ਪੰਜਾਬੀ ਭਾਸ਼ਾ ਨੂੰ ਬਚਾਉਣ 'ਚ। ਤੁਸੀਂ ਦੇਖਿਆ ਹੋਵੇਗਾ ਕਿ ਕਾਨਵੈਂਟ ਸਕੂਲਾਂ 'ਚ ਪੰਜਾਬੀ ਬੋਲਣ 'ਤੇ ਜੁਰਮਾਨਾ ਲਾ ਦਿੱਤਾ ਜਾਂਦਾ ਹੈ ਜਾਂ ਫਿਰ ਅਧਿਆਪਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਨਾਲ ਤੁਸੀਂ ਘਰ 'ਚ ਵੀ ਅੰਗਰੇਜ਼ੀ 'ਚ ਗੱਲ ਕਰੋ ਤਾਂ ਜੋ ਬੱਚੇ ਨੂੰ ਅੰਗਰੇਜ਼ੀ ਜ਼ਿਆਦਾ ਤੋਂ ਜ਼ਿਆਦਾ ਆ ਸਕੇ। ਇਸ ਸਥਿਤੀ 'ਚ ਬੱਚਿਆਂ ਦੀ ਮਾਨਸਿਕਤਾ ਨੂੰ ਵਿਗਾੜਿਆ ਤੇ ਬੱਚਿਆਂ ਦੇ ਮਨ 'ਚ ਘਟੀਆਪਣ ਦਾ ਅਹਿਸਾਸ ਪੈਦਾ ਕੀਤਾ ਜਾ ਰਿਹਾ ਹੈ ਕਿ ਅੰਗਰੇਜ਼ੀ ਸਕੂਲਾਂ 'ਚ ਪੰਜਾਬੀ ਬੋਲਣਾ ਇਕ ਗੁਨਾਹ ਹੈ। ਸਾਡੇ ਵਿੱਦਿਅਕ ਅਦਾਰਿਆਂ ਤੇ ਸਰਕਾਰ ਨੂੰ ਮਿਲ ਕੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਮੈਂ ਚਾਹੁੰਦਾ ਹਾਂ ਕਿ ਨੈਸ਼ਨਲ ਪੱਧਰ 'ਤੇ ਇਕ ਅਜਿਹੀ ਪਾਲਿਸੀ ਬਣੇ ਕਿ ਹਰੇਕ ਵਿੱਦਿਅਕ ਅਦਾਰਿਆਂ 'ਚ ਪਹਿਲ ਮਾਂ ਬੋਲੀ ਨੂੰ ਦਿੱਤੀ ਜਾਵੇ। ਹਰ ਇਕ ਭਾਸ਼ਾ ਬੋਲਣੀ ਚਾਹੀਦੀ ਹੈ ਪਰ ਪਹਿਲ ਹਮੇਸ਼ਾ ਆਪਣੀ ਮਾਂ ਬੋਲੀ ਨੂੰ ਦਿੱਤੀ ਜਾਵੇ। ਇਸ ਨਾਲ ਮਾਂ ਬੋਲੀ ਨੂੰ ਨਿਆਂ ਮਿਲੇਗਾ ਤੇ ਦੂਜੀਆਂ ਭਾਸ਼ਾਵਾਂ ਬੱਚੇ ਵਧੀਆ ਤਰੀਕੇ ਨਾਲ ਸਿੱਖ ਵੀ ਸਕਣਗੇ। ਅੱਜਕਲ ਭਾਸ਼ਾ ਇਕ ਪਹਿਰਾਵੇ ਵਾਂਗ ਰਹਿ ਗਈ ਹੈ। ਲੋਕ ਇਸ ਨੂੰ ਗਹਿਣੇ ਵਾਂਗ ਬਦਲਦੇ ਹਨ। ਮੈਂ ਚਾਹੁੰਦਾ ਹਾਂ ਕਿ ਜਿਥੇ ਮਾਂ ਬੋਲੀ ਦੀ ਵਰਤੋਂ ਕੀਤੀ ਜਾ ਸਕੇ, ਉਥੇ ਡਟ ਕੇ ਕਰਨੀ ਚਾਹੀਦੀ ਹੈ।

ਸਵਾਲ : ਤੁਹਾਨੂੰ 'ਪੰਜਾਬ ਕਲਾ ਪ੍ਰੀਸ਼ਦ' ਦਾ ਚੇਅਰਮੈਨ ਬਣਾਇਆ ਗਿਆ ਹੈ। ਤੁਹਾਡੇ ਵਲੋਂ ਕੀ-ਕੀ ਕਦਮ ਚੁੱਕੇ ਜਾ ਰਹੇ ਹਨ?
ਜਵਾਬ : ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਡੇ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵਿੱਦਿਅਕ ਅਦਾਰਿਆਂ ਨੂੰ ਚਿੱਠੀਆਂ ਵੀ ਭੇਜੀਆਂ ਜਾ ਰਹੀਆਂ ਹਨ। ਸਾਡੇ ਸੱਭਿਆਚਾਰ ਵਿਭਾਗ ਵਲੋਂ ਸਿੱਖਿਆ ਮੰਤਰੀ ਤੇ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਬੈਠਕ ਕੀਤੀ ਗਈ ਸੀ, ਜਿਸ 'ਚ ਪੰਜਾਬੀ ਮਾਂ ਬੋਲੀ, ਸੱਭਿਆਚਾਰ, ਕਲਾ ਤੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਵਧਾਉਣ ਤੇ ਉੱਚ ਪੱਧਰ ਤੱਕ ਲਿਜਾਣ 'ਤੇ ਵਿਚਾਰ ਪੇਸ਼ ਕੀਤੇ ਗਏ ਸਨ। ਦੂਜੇ ਪਾਸੇ ਸਾਡੇ ਵਲੋਂ ਕਈ ਪਿੰਡਾਂ 'ਚ ਕਲਾ ਤੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਅਸੀਂ ਇਸ 'ਤੇ 2 ਲੈਵਲਾਂ 'ਤੇ ਕੰਮ ਕਰ ਰਹੇ ਹਾਂ, ਇਕ ਤਾਂ ਫੀਲਡ 'ਚ ਤੇ ਦੂਜਾ ਬਲਾਕ 'ਚ। ਸਾਡੇ ਵਿਭਾਗ ਵਲੋਂ ਪੰਜਾਬ ਲੈਵਲ 'ਤੇ ਮੁਕਾਬਲੇ ਕਰਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ 'ਚ ਸ਼ੁਰੂਆਤ ਬਲਾਕ ਜਾਂ ਪਿੰਡ ਲੈਵਲ ਤੋਂ ਕੀਤੀ ਜਾਵੇਗੀ। ਇਸ 'ਚ ਪੇਂਟਿੰਗ, ਗਾਇਕੀ, ਸਾਜ ਵਜਾਉਣ, ਲਿਖਾਰੀ ਤੇ ਹੋਰ ਕਈ ਮੁਕਾਬਲੇ ਕਰਵਾਏ ਜਾਣਗੇ। ਕੁਝ ਦਿਨਾਂ ਦੇ ਅੰਦਰ ਅਸੀਂ ਆਪਣੀ ਸਾਈਟ 'ਤੇ ਆਨਲਾਈਨ ਪ੍ਰਫਾਰਮਾਂ ਤਿਆਰ ਕਰਕੇ ਪਾ ਰਹੇ ਹਾਂ, ਜਿਸ 'ਚ ਤੁਸੀਂ ਆਪਣਾ ਨਾਮ, ਤੁਹਾਡੀ ਕੀ ਫੀਲਡ ਹੈ ਤੇ ਤੁਹਾਡੀ ਇਸ ਫੀਲਡ 'ਚ ਪ੍ਰਾਪਤੀ ਕੀ ਹੈ, ਇਸ ਨੂੰ ਭਰ ਕੇ ਸਾਡੇ ਨਾਲ ਜੁੜ ਸਕਦੇ ਹੋ। ਇਸ ਨਾਲ ਸਾਨੂੰ ਇਹ ਫਾਇਦਾ ਹੋਵੇਗਾ ਕਿ ਅਸੀਂ ਵੱਖ-ਵੱਖ ਫੀਲਡਾਂ 'ਚ ਬੱਚਿਆਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਆਪਸ 'ਚ ਮੁਕਾਬਲੇ ਕਰਾਵਾਂਗੇ। ਜਿਹੜੇ ਬੱਚੇ ਸਾਡੇ ਨਾਲ ਜੁੜਣਗੇ ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਉਨ੍ਹਾਂ ਨੂੰ ਅਸੀਂ ਉਨ੍ਹਾਂ ਦੇ ਸ਼ਹਿਰ ਜਾਂ ਪਿੰਡ ਜਾ ਕੇ ਮਿਲੀਏ ਤੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਤੋਂ ਜ਼ਿਆਦਾ ਜਾਣੂ ਕਰਵਾਈਏ।

ਸਵਾਲ : 'ਲੱਗੀ ਨਜ਼ਰ ਪੰਜਾਬ ਨੂੰ ਇਹ ਦੀ ਨਜ਼ਰ ਓਤਾਰੋ, ਲੈ ਕੇ ਕੌੜੀਆਂ ਮਿਰਚਾਂ ਇਸ ਦੇ ਸਿਰ ਤੋਂ ਵਾਰੋ।' ਕੀ ਅੱਜ ਵੀ ਮਿਰਚਾਂ ਵਾਰ ਕੇ ਪੰਜਾਬ ਨੂੰ ਨਜ਼ਰ ਉਤਾਰਨੀ ਚਾਹੀਦੀ ਹੈ?
ਜਵਾਬ : ਜੀ ਹਾਂ, ਪੰਜਾਬ ਨੂੰ ਬਹੁਤ ਪਹਿਲਾਂ ਹੀ ਨਜ਼ਰ ਲੱਗਣੀ ਸ਼ੁਰੂ ਹੋ ਗਈ ਸੀ ਤੇ ਅੱਜ ਦੇ ਹਾਲਾਤ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਖਰਾਬ ਹਨ। ਪੰਜਾਬ ਦੇ ਅੱਜ ਦੇ ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਦੀ ਵਾਰ-ਵਾਰ ਮਿਰਚਾਂ ਨਾਲ ਨਜ਼ਰ ਉਤਾਰਨੀ ਚਾਹੀਦੀ ਹੈ, ਜਿਵੇਂ ਕਿ ਪੰਜਾਬ ਦਾ ਯੂਥ ਗਲਤ ਰਾਹਾਂ ਵੱਲ ਜਾ ਰਿਹਾ ਹੈ ਤੇ ਆਪਣੀ ਮਾਂ ਬੋਲੀ ਨੂੰ ਭੁੱਲਦਾ ਜਾ ਰਿਹਾ ਹੈ। ਉਦਾਹਰਣ ਵਜੋਂ ਮੈਂ ਕਈ ਵਾਰ ਕੈਨੇਡਾ ਗਿਆ, ਉਥੇ ਮੈਂ ਦੇਖਿਆ ਕਿ ਪੰਜਾਬੀ ਭਾਈਚਾਰਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਪਰ ਇਨ੍ਹਾਂ 'ਚ ਉਨ੍ਹਾਂ ਦੇ ਬੱਚੇ ਮਤਲਬ ਆਉਣ ਵਾਲੀ ਪੀੜ੍ਹੀ ਇਸ 'ਚ ਰੁਚੀ ਨਹੀਂ ਰੱਖਦੀ। ਜੇਕਰ ਅੱਜ ਤੋਂ 10-15 ਸਾਲ ਬਾਅਦ ਦੇਖਿਆ ਜਾਵੇ ਤਾਂ ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਪੰਜਾਬੀ ਬੋਲਣੀ ਆਵੇਗੀ ਹੀ ਨਹੀਂ, ਫਿਰ ਉਨ੍ਹਾਂ 'ਚੋਂ ਕੋਈ ਵੀ ਪੰਜਾਬੀ ਦਾ ਲੇਖਕ ਨਹੀਂ ਬਣੇਗਾ ਪਰ ਅੰਗਰੇਜ਼ੀ ਭਾਸ਼ਾ 'ਚ ਲੇਖਕ ਉਹ ਜ਼ਰੂਰ ਬਣ ਸਕਦੇ ਹਨ ਕਿਉਂਕਿ ਉਹ ਕੈਨੇਡੀਅਨ ਮਾਹੌਲ 'ਚ ਜੰਮੇ-ਪਲੇ ਹੋਣਗੇ। ਫਿਰ ਨਵੀਂ ਪੀੜ੍ਹੀ 'ਚ ਬਹੁਤ ਘੱਟ ਬੱਚੇ ਹੋਣਗੇ ਜੋ ਆਪਣੇ ਪਰਿਵਾਰਕ ਮੈਂਬਰਾਂ ਜਾਂ ਆਪਣੇ ਪਿੰਡ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ।

ਸਵਾਲ :ਤੁਹਾਡੇ ਹਿਸਾਬ ਨਾਲ ਵਿਦੇਸ਼ਾਂ 'ਚ ਵਸੇ ਪੰਜਾਬੀ ਪੰਜਾਬ ਦਾ ਫਿਕਰ ਕਰਦੇ ਹਨ?
ਜਵਾਬ : ਐੱਨ. ਆਰ. ਆਈਜ਼ ਪੰਜਾਬ ਦਾ ਫਿਕਰ ਵੀ ਕਰਦੇ ਹਨ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਉਨ੍ਹਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਕਈ ਐੱਨ. ਆਰ. ਆਈਜ਼ ਵਲੋਂ ਪਿੰਡਾਂ ਨੂੰ ਗੋਦ ਵੀ ਲਿਆ ਗਿਆ ਹੈ। ਬਾਹਰ ਬੈਠੇ ਐੱਨ. ਆਰ. ਆਈਜ਼ ਪੰਜਾਬ ਦੀ ਸਿਆਸਤ ਨਾਲੋਂ ਵਧ ਸੱਚ ਬੋਲਦੇ ਹਨ, ਪੰਜਾਬ ਬਾਰੇ ਡਟ ਕੇ ਬੋਲਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਕ ਅਜਿਹੀ ਥਾਂ ਹੈ, ਜਿਥੇ ੍ਹਉਹ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰ ਸਕਦੇ ਹਨ। ਮੇਰੇ ਹਿਸਾਬ ਨਾਲ ਉਹ ਪੰਜਾਬੀ ਤੇ ਪੰਜਾਬੀ ਮਾਂ ਬੋਲੀ ਨੂੰ ਪੂਰਾ ਸਪੋਰਟ ਕਰਦੇ ਹਨ ਤੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਨ੍ਹਾਂ ਦੇ ਦਿਲ 'ਚ ਤੜਪ ਬਹੁਤ ਜ਼ਿਆਦਾ ਹੈ। ਉਹ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਲਈ ਕਈ ਤਰ੍ਹਾਂ ਦੇ ਕੰਮ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਬੱਚੇ ਪੰਜਾਬੀ ਮਾਂ ਬੋਲੀ ਨੂੰ ਭੁੱਲ ਨਾ ਜਾਣ। ਮੈਂ ਇਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਇਕ ਵਾਰ ਜਦੋਂ ਮੈਂ ਕੈਨੇਡਾ 'ਚ ਆਪਣੇ ਇਕ ਦੋਸਤ ਦੇ ਘਰ ਗਿਆ ਤਾਂ ਜਦੋਂ ਉਨ੍ਹਾਂ ਦੇ ਪੋਤੇ-ਪੋਤੀਆਂ ਕਿਸੇ ਚੀਜ਼ ਦੀ ਮੰਗ ਕਰ ਰਹੇ ਸਨ ਕਿ ਪਾਪਾ ਸਾਨੂੰ ਇਹ ਲੈ ਕੇ ਦਿਓ ਜਾਂ ਉਹ ਚੀਜ਼ ਲੈ ਕੇ ਦਿਓ ਤਾਂ ਉਸ ਵੇਲੇ ਮੇਰਾ ਦੋਸਤ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਪੰਜਾਬੀ 'ਚ ਕੋਈ ਸਵਾਲ ਲਿਖ ਕੇ ਦਿਖਾਓ, ਫਿਰ ਲੈ ਕੇ ਦੇਵਾਂਗਾ। ਇਸ ਗੱਲ ਤੋਂ ਮੈਨੂੰ ਲੱਗਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਕੀ ਕੁਝ ਕਰ ਰਹੇ ਹਨ।

ਸਵਾਲ : ਬ੍ਰਿਟੇਨ ਤੇ ਅਮਰੀਕਾ ਦੇ ਸਕੂਲਾਂ ਵਾਂਗ ਕੈਨੇਡਾ ਦੇ ਸਕੂਲਾਂ 'ਚ ਵੀ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਕਰਾਉਣਾ ਚਾਹੀਦਾ ਹੈ?
ਜਵਾਬ : ਇਹ ਬਹੁਤ ਚੰਗੀ ਗੱਲ ਹੈ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਆਪਣੇ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਕਲਾ ਤੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਰਹਿਣਗੇ ਤੇ ਰਹੀ ਗੱਲ ਕੈਨੇਡਾ ਦੀ ਤਾਂ ਉਸ ਦੇਸ਼ 'ਚ ਹਰ ਦੇਸ਼ ਦੇ ਲੋਕ ਰਹਿ ਰਹੇ ਹਨ ਤੇ ਉਹ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਜੋ ਕੁਝ ਕਰ ਸਕਦੇ ਹਨ, ਉਹ ਕਰ ਰਹੇ ਹਨ। ਉਸੇ ਤਰ੍ਹਾਂ ਸਾਡੇ ਪੰਜਾਬੀ ਭਾਈਚਾਰੇ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਨਾ ਹੀ ਪੰਜਾਬ, ਪੰਜਾਬੀ ਸੱਭਿਆਚਾਰ ਜਾਂ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣ, ਜਿੰਨਾ ਉਹ ਪੰਜਾਬ 'ਚ ਰਹਿ ਕੇ ਕਰਾ ਸਕਦੇ ਸਨ।

ਸਵਾਲ : ਪੰਜਾਬੀ ਭਾਸ਼ਾ ਨੂੰ ਲੈ ਕੇ ਅੱਜ ਦੇ ਯੂਥ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
ਜਵਾਬ : ਯੂਥ ਨੂੰ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਉਹ ਪੰਜਾਬੀ ਮਾਂ ਬੋਲੀ ਦਾ ਮਾਣ-ਸਤਿਕਾਰ ਕਰੋ ਤੇ ਪੰਜਾਬੀ ਬੋਲਣ ਤੋਂ ਗੁਰੇਜ਼ ਨਾ ਕਰੋ ਕਿਉਂਕਿ ਇਸ ਨਾਲ ਹੀ ਸਾਡੀ ਪਛਾਣ ਹੁੰਦੀ ਹੈ ਕਿ ਅਸੀਂ ਪੰਜਾਬ ਨਾਲ ਸੰਬੰਧ ਰੱਖਦੇ ਹਾਂ। ਪੰਜਾਬੀ ਭਾਸ਼ਾ ਨੂੰ ਲੈ ਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਦੇ ਲਈ ਇਕੱਲਾ ਯੂਥ ਜ਼ਿੰਮੇਵਾਰ ਹੈ ਪਰ ਇਸ ਦੇ ਪਿੱਛੇ ਉਨ੍ਹਾਂ ਦੇ ਮਾਪੇ, ਵਿੱਦਿਅਕ ਅਦਾਰੇ, ਸਰਕਾਰਾਂ ਵੀ ਜ਼ਿੰਮੇਵਾਰ ਹਨ। ਸਾਡੀ ਵੀ ਕੋਸ਼ਿਸ਼ ਰਹੇਗੀ ਕਿ ਸਾਡੀਆਂ ਸੰਸਥਾਵਾਂ ਪੰਜਾਬ 'ਚ ਜਿੰਨੇ ਵੀ ਵਿੱਦਿਅਕ ਅਦਾਰੇ ਹਨ, ਉਨ੍ਹਾਂ ਨਾਲ ਮਿਲ ਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਤਾਂ ਜੋ ਪੰਜਾਬੀ ਮਾਂ ਬੋਲੀ, ਕਲਾ, ਪੰਜਾਬੀ ਸੱਭਿਆਚਾਰ ਨੂੰ ਜਿੰਨਾ ਅੱਗੇ ਲਿਜਾ ਸਕੀਏ, ਉਨਾ ਲਿਜਾਈਏ।