ਮੁਸਲਿਮ ਭਾਈਚਾਰੇ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੱਢਿਆ ਰੋਸ ਮਾਰਚ
Saturday, Jul 07, 2018 - 05:45 AM (IST)

ਮੋਗਾ, (ਗੋਪੀ ਰਾਊਕੇ)- ਮੁਸਲਿਮ ਭਾਈਚਾਰੇ ਵੱਲੋਂ ਮੱਧ ਪ੍ਰਦੇਸ਼ ’ਚ ਬੀਤੇ ਹਫਤੇ ਸੱਤ ਸਾਲ ਦੀ ਬੱਚੀ ਨਾਲ ਹੋਈ ਜਬਰ -ਜ਼ਨਾਹ ਵਰਗੀ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕਾਲੀਆਂ ਪੱਟੀਆਂ ਬੰਨ ਕੇ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਵਾਹਿਦ ਅਲੀ ਅਤੇ ਇਸਰਾਈਲ ਅਲੀ ਸਮੇਤ ਹੋਰਾਂ ਨੇ ਕਿਹਾ ਕਿ ਆਏ ਦਿਨ ਭਾਰਤ ’ਚ ਹੋ ਰਹੇ ਜਬਰ-ਜ਼ਨਾਹ ਦੇ ਕੇਸ ਸਰਕਾਰ ਦੀ ਕਥਿਤ ਲਾਪ੍ਰਵਾਹੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇਸ਼ ਦੀਆਂ ਨੂੰਹਾਂ ਬੇਟੀਆਂ ਨੂੰ ਲੈ ਕੇ ਜੇਕਰ ਚਿੰਤੁਤ ਹੋਵੇ ਤਾਂ ਅਜਿਹੇ ਘਿਨੋਣੇ ਕੰਮ ਕਰਨ ਦੀ ਕੋਈ ਹਿੰਮਤ ਵੀ ਨਾ ਕਰੇ। ਜੇਕਰ ਕੋਈ ਅਜਿਹੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਸਰਕਾਰ ਬਿਨਾਂ ਕਿਸੇ ਦਲੀਲ ਦੇ ਤੁਰੰਤ ਫੈਸਲਾ ਲੈਂਦੇ ਹੋਏ ਵਿਦੇਸ਼ਾਂ ’ਚ ਬਣੇ ਕਾਨੂੰਨ ਦੀ ਤਰਜ ’ਤੇ ਫਾਂਸੀ ਦੀ ਸਜਾ ਸੁਣਾਏ ਤਾਂ ਕਿ ਅੱਗੇ ਤੋਂ ਦੇਸ਼ ਦਾ ਕੋਈ ਵੀ ਵਿਅਕਤੀ ਅਜਿਹੀ ਘਨੋਣੀ ਹਰਕਤ ਨਾ ਕਰੇ।
ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਮੱਧ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਕਿ ਬੱਚੀ ਨਾਲ ਘਿਨੋਨੀ ਹਰਕਤ ਕਰਨ ਵਾਲੇ ਅਜਿਹੇ ਵਿਅਕਤੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਨਾ ਮਿਲਿਆ ਤਾਂ ਪੂਰੇ ਪੰਜਾਬ ਦਾ ਮੁਸਲਿਮ ਭਾਈਚਾਰੇ ਅਤੇ ਹੋਰ ਸੰਗਠਨਾਂ ਨੂੰ ਨਾਲ ਲੈ ਕੇ ਬੱਚੀ ਦੇ ਹੱਕ ’ਚ ਸੰਘਰਸ਼ ਸ਼ੁਰੂ ਕਰੇਗਾ। ਇਸ ਮੌਕੇ ਸਰਾਫਤ ਖਾਨ, ਤਨਵੀਰ ਆਲਮ, ਅਲੀ, ਮੋਬੀਨ, ਅਖਤਰ, ਹਰੀਫ, ਸਲਮਾਨ ਮੋਨੂੰ, ਸ਼ਾਹਰੁਖ, ਸੋਹਲ ਆਲਮ ਦੇ ਇਲਾਵਾ ਹੋਰ ਹਾਜ਼ਰ ਸਨ।