ਲੁਧਿਆਣਾ ''ਚ ਪਾਦਰੀ ਦੇ ਕਤਲ ਪਿੱਛੇ ਪੰਜਾਬ ਵਿਰੋਧੀ ਤਾਕਤਾਂ : ਸੁਨੀਲ ਜਾਖੜ

07/20/2017 6:32:07 AM

ਲੁਧਿਆਣਾ/ਮੋਗਾ (ਰਿੰਕੂ, ਗਰੋਵਰ, ਗੋਪੀ) - ਲੁਧਿਆਣਾ 'ਚ ਬੀਤੇ ਦਿਨੀਂ ਪਾਦਰੀ ਦਾ ਕਤਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਕੀਤਾ ਗਿਆ ਹੈ ਅਤੇ ਇਸ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ ਹੈ, ਜੋ ਰਾਜ ਦੀ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਥਾਨਕ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡੀ. ਜੀ. ਪੀ. ਪੰਜਾਬ ਵੱਲੋਂ ਉਕਤ ਘਟਨਾ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦੀ ਸੰਭਾਵਨਾ ਸਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਲਈ ਪੁਲਸ ਵਿਭਾਗ ਨੂੰ ਬਿਨਾਂ ਕਿਸੇ ਦਬਾਅ ਦੇ ਜਾਂਚ ਕਰਨ ਦੀ ਛੋਟ ਦਿੱਤੀ ਗਈ ਹੈ ਅਤੇ ਜੇਕਰ ਸੀ. ਬੀ. ਆਈ. ਅਤੇ ਹੋਰ ਕਿਸੇ ਜਾਂਚ ਏਜੰਸੀ ਦੀ ਲੋੜ ਪਈ ਤਾਂ ਉਹ ਵੀ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਲਾਏ ਗਏ ਜੀ. ਐੱਸ. ਟੀ. 'ਤੇ ਬੋਲਦੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਜੀ. ਐੱਸ. ਟੀ. ਲੋਕ ਵਿਰੋਧੀ ਹੈ, ਕਿਉਂਕਿ ਕਾਂਗਰਸ ਦੀ ਸਰਕਾਰ ਸਮੇਂ ਜਿਸ ਜੀ. ਐੱਸ. ਟੀ. 'ਤੇ 18 ਫੀਸਦੀ ਟੈਕਸ ਲੱਗਣਾ ਸੀ, ਉਹ ਹੁਣ ਮੋਦੀ ਸਰਕਾਰ ਦੇ ਜੀ. ਐੱਸ. ਟੀ. 'ਤੇ 5 ਫੀਸਦੀ ਤੋਂ ਲੈ ਕੇ 40 ਫੀਸਦੀ ਤੱਕ ਹੈ, ਜਿਸ ਨਾਲ ਦੇਸ਼ ਦੇ ਵਪਾਰੀ, ਕਿਸਾਨ ਅਤੇ ਹਰ ਵਰਗ ਨੂੰ ਮਹਿੰਗਾਈ ਦੀ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਦੱਸਣ ਕਿ ਗਰੀਬ ਦੇ ਖਾਤੇ 'ਚ ਪੈਣ ਵਾਲੇ 15-15 ਲੱਖ ਕਿੱਥੇ ਹਨ?
ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਕੁਲਦੀਪ ਸਿੰਘ, ਜ਼ਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਗੋਗੀ, ਦਿਹਾਤੀ ਪ੍ਰਧਾਨ ਗੁਰਦੇਵ ਲਾਪਰਾਂ, ਕਮਲਜੀਤ ਕੜਵਲ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਐਲਬਰਟ ਦੂਆ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ ਟਿੱਕਾ, ਰਮੇਸ਼ ਜੋਸ਼ੀ ਆਦਿ ਮੌਜੂਦ ਸਨ।