ਦਿਨ-ਦਿਹਾੜੇ ਫੈਕਟਰੀ ਵਰਕਰ ਦਾ ਬੇਰਹਿਮੀ ਨਾਲ ਕੀਤਾ ਕਤਲ

09/23/2019 11:43:46 PM

ਲੁਧਿਆਣਾ, (ਮਹੇਸ਼, ਗੌਤਮ)— ਤਾਜਪੁਰ ਰੋਡ 'ਤੇ ਸੋਮਵਾਰ ਨੂੰ ਦਿਨ ਦਿਹਾੜੇ ਮਹਾਵੀਰ ਜੈਨ ਕੰਪਲੈਕਸ 'ਚ ਸਥਿਤ ਇਕ ਫੈਕਟਰੀ ਵਰਕਰ ਦਾ ਅਣਪਛਾਤੇ ਵਿਅਕਤੀਆਂ ਨੇ ਪੱਥਰ ਨਾਲ ਕੁਚਲ ਦੇ ਕਤਲ ਕਰ ਦਿੱਤਾ। ਦੋਸ਼ੀਆਂ ਨੇ ਵਰਕਰ ਦੇ ਸਿਰ ਅਤੇ ਚਿਹਰੇ 'ਤੇ ਪੱਥਰ ਨਾਲ ਕਈ ਵਾਰ ਕਰਕੇ ਬੇਦਰਦੀ ਨਾਲ ਕਤਲ ਕਰ ਦਿੱਤਾ। ਦਿਨ ਦਿਹਾੜੇ ਹੋਈ ਇਸ ਵਾਰਦਾਤ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ। ਇਸ ਘਟਨਾ ਦਾ ਪਤਾ ਲਗਦੇ ਹੀ ਆਲੇ-ਦੁਆਲੇ ਦੇ ਲੋਕ ਫੈਕਟਰੀ ਦੇ ਬਾਹਰ ਜਮ੍ਹਾ ਹੋ ਗਏ ਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਵਾਰਦਾਤ ਦੇ ਸਮੇਂ ਵਰਕਰ ਇਕੱਲਾ ਹੀ ਫੈਕਟਰੀ 'ਚ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਲੁੱਟ ਲਈ ਨਹੀਂ, ਸਗੋਂ ਰੰਜਿਸ਼ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਫੈਕਟਰੀ ਤੋਂ ਕੋਈ ਵੀ ਚੀਜ਼ ਗਾਇਬ ਨਹੀਂ ਹੋਈ। ਸੂਚਨਾ ਮਿਲਦੇ ਹੀ ਏ.ਡੀ.ਸੀ.ਪੀ. ਅਜਿੰਦਰ ਸਿੰਘ, ਐੱਸ.ਐੱਚ.ਓ. ਥਾਣਾ ਟਿੱਬਾ ਸਤਨਾਮ ਸਿੰਘ, ਫਿੰਗਰ ਪ੍ਰਿੰਟ ਮਾਹਰ, ਡਾਗ ਸਕੂਐਡ ਤੇ ਸੀ.ਆਈ.ਏ. ਦੀਆਂ ਟੀਮਾਂ ਮੌਕੇ 'ਤੇ ਪੁੱਜ ਗਈਆਂ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਉਪਰੰਤ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਮ੍ਰਿਤਕ ਦੀ ਪਛਾਣ ਬਿੰਦੂ 50 ਸਾਲ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਤੋਂ ਯੂ.ਪੀ. ਦੇ ਖੁਸ਼ੀ ਨਗਰ ਦਾ ਰਹਿਣ ਵਾਲਾ ਸੀ। ਪੁਲਸ ਨੇ ਬਿੰਦੂ ਦੇ ਬੇਟੇ ਦੁਰਗੇਸ਼ ਰਾਏ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। ਹਾਲ ਦੀ ਘੜੀ ਪੁਲਸ ਨੇ ਪੁੱਛਗਿਛ ਲਈ ਸ਼ੱਕ ਦੇ ਅਧਾਰ 'ਤੇ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ।
ਏ.ਡੀ.ਸੀ.ਪੀ. ਅਜਿੰਦਰ ਸਿੰਘ ਮੁਤਾਬਕ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਮਰਨ ਵਾਲਾ ਬਿੰਦੂ ਪਿਛਲੇ ਕਰੀਬ 25 ਸਾਲ ਤੋਂ ਯਮੁਕਾ ਆਟੋ ਪਾਰਟਸ ਫੈਕਟਰੀ 'ਚ ਕੰਮ ਕਰਦਾ ਸੀ। ਬਿੰਦੂ ਅਬਦੁੱਲਾਪੁਰ ਬਸਤੀ ਵਾਲੀ ਫੈਕਟਰੀ ਦੀ ਪਹਿਲੀ ਮੰਜ਼ਿਲ 'ਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਤੇ ਰੋਜ਼ਾਨਾ ਇਸ ਫੈਕਟਰੀ 'ਚ ਕੰਮ ਲਈ ਆਉਂਦਾ ਸੀ। ਗੁਆਂਢ 'ਚ ਸਥਿਤ ਫੈਕਟਰੀ ਮਾਲਕ ਨੇ ਦੱਸਿਆ ਕਿ ਬਿੰਦੂ ਕਰੀਬ 11 ਵਜੇ ਰੋਜ਼ਾਨਾ ਵਾਂਗ ਫੈਕਟਰੀ 'ਚ ਆਇਆ ਸੀ। ਉਸ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਵੀ ਬਿੰਦੂ ਫੈਕਟਰੀ ਆਉਂਦੇ ਦਿਖਾਈ ਦੇ ਰਿਹਾ ਹੈ ਪਰ ਕੁਝ ਦੇਰ ਬਾਅਦ ਹੀ ਬਾਹਰ ਲੋਕਾਂ ਦਾ ਰੌਲਾ ਸੁਣ ਕੇ ਪਤਾ ਲੱਗਾ ਕਿ ਫੈਕਟਰੀ ਦੇ ਅੰਦਰ ਲਹੁ ਲੂਹਾਨ ਹਾਲਤ ਵਿਚ ਬਿੰਦੂ ਦੀ ਲਾਸ਼ ਪਈ ਹੈ।
ਜਾਂਚ ਅਫਸਰ ਨੇ ਦੱਸਿਆ ਕਿ ਇਲਾਕੇ 'ਚ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਫੈਕਟਰੀ ਵਿਚ ਬਿੰਦੂ ਕੰਮ ਕਰਦਾ ਸੀ, ਉਸ ਦੇ ਕੈਮਰੇ ਵੀ ਖਰਾਬ ਹਨ, ਜਦੋਂਕਿ ਗੁਆਂਢ ਵਾਲੀ ਫੈਕਟਰੀ 'ਚ ਇਕੱਲਾ ਬਿੰਦੂ ਹੀ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਸ ਦਾ ਮੰਨਣਾ ਹੈ ਕਿ ਦੋਸ਼ੀ ਜਾਂ ਤਾਂ ਫੈਕਟਰੀ ਦੇ ਨਾਲ ਸਥਿਤ ਖਾਲੀ ਪਲਾਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸੇ ਰਸਤੇ ਵਾਪਸ ਚਲੇ ਗਏ ਜਾਂ ਫਿਰ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਹੀ ਦੋਸ਼ੀ ਫੈਕਟਰੀ 'ਚ ਮੌਜੂਦ ਸਨ।

KamalJeet Singh

This news is Content Editor KamalJeet Singh