ਮੋਹਾਲੀ ''ਚ ਗੰਦੇ ਨਾਲੇ ''ਚੋਂ ਮਿਲੀ ਐੱਨ. ਆਰ. ਆਈ. ਦੀ ਲਾਸ਼, ਜਾਂਚ ਦੌਰਾਨ ਹੋਇਆ ਵੱਡਾ ਖੁਲਾਸਾ (ਤਸਵੀਰਾਂ)

05/13/2017 7:10:11 PM

ਮੋਹਾਲੀ (ਨਿਆਮੀਆਂ) : ਮੋਹਾਲੀ ਪੁਲਸ ਨੇ ਮੌਲੀ ਬੈਦਵਾਣ ਦੇ ਕੋਲ ਗੰਦੇ ਨਾਲੇ ''ਚੋਂ ਪਿਛਲੇ ਦਿਨੀਂ ਬਰਾਮਦ ਹੋਈ ਇਕ ਲਾਸ਼ ਦੀ ਕਤਲ ਦਾ ਮਾਮਲਾ 24 ਘੰਟੇ ਵਿਚ ਸੁਲਝਾ ਲਿਆ ਹੈ ਅਤੇ ਇਕ ਮਹਿਲਾ ਸਮੇਤ 2 ਵਿਅਕਤੀਆਂ ਨੂੰ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਵੀ ਕਰ ਲਿਆ ਹੈ। ਸ਼ਨੀਵਾਰ ਨੂੰ ਥਾਣਾ ਸੋਹਾਣਾ ਵਿਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. ਪੀ. ਐੱਸ. ਭੰਡਾਲ ਅਤੇ ਡੀ. ਐੱਸ. ਪੀ. ਸਿਟੀ-2 ਰਮਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਜੀਤ ਸਿੰਘ ਦੇ ਰੂਪ ਵਿਚ ਹੋਈ ਹੈ। ਜੋ ਇਕ ਐੱਨ. ਆਰ. ਆਈ. ਸੀ ਅਤੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦਾ ਰਹਿਣ ਵਾਲਾ ਸੀ। ਪੁਲਸ ਮੁਤਾਬਕ ਮ੍ਰਿਤਕ ਅੱਜਕਲ ਸੈਕਟਰ-71 ਮੋਹਾਲੀ ਵਿਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਕਤਲ ਬਲੈਕਮੇਲ ਕਰਨ ਦੇ ਇਰਾਦੇ ਨਾਲ ਉਕਤ ਦੀਆਂ ਅਸ਼ਲੀਲ ਫੋਟੋਆਂ ਖਿਚਣ ਦੌਰਾਨ ਹੋਈ ਝੜਪ ਕਾਰਨ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੀ ਗਈ ਮਹਿਲਾ ਗੁਰਪ੍ਰੀਤ ਕੌਰ ਲੁਧਿਆਣਾ ਦੀ ਰਹਿਣ ਵਾਲੀ ਹੈ ਜਦਕਿ ਪਰਮਿੰਦਰ ਸਿੰਘ ਉਰਫ ਡਾਨ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਈਸਰਹੇਲ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰਜੀਤ ਸਿੰਘ ਦਾ ਪੁੱਤਰ ਕੈਨੇਡਾ ਵਿਚ ਰਹਿਦਾ ਹੈ ਅਤੇ 2009 ਵਿਚ ਉਸ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਸੁਰਜੀਤ ਸਿੰਘ ਐੱਨ. ਆਰ. ਆਈ. ਹੈ ਅਤੇ ਆਪਣੇ ਪੁੱਤਰ ਕੋਲ ਕੈਨੇਡਾ ਆਉਂਦਾ ਜਾਂਦਾ ਰਹਿੰਦਾ ਹੈ। 2 ਸਾਲ ਪਹਿਲਾਂ ਗੁਰਪ੍ਰੀਤ ਕੌਰ ਸੁਰਜੀਤ ਕੌਰ ਦੇ ਮਕਾਨ ਵਿਚ ਕਿਰਾਏਦਾਰ ਦੇ ਤੌਰ ''ਤੇ ਰਹਿ ਰਹੀ ਸੀ ਅਤੇ ਉਸ ਨੇ ਸੁਰਜੀਤ ਸਿੰਘ ਦੇ ਕਿਰਾਏ ਦੇ ਪੈਸੇ ਵੀ ਹਾਲੇ ਦੇਣੇ ਸਨ। ਕੁਝ ਸਮੇਂ ਬਾਅਦ ਉਸ ਨੇ ਮਕਾਨ ਬਦਲ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਬੁਰੀ ਸੰਗਤ ਵਿਚ ਪੈ ਕੇ ਗੁਰਪ੍ਰੀਤ ਕੌਰ ਪਰਮਿੰਦਰ ਸਿੰਘ ਨਾਮਕ ਵਿਅਕਤੀ ਨਾਲ ਹੁਣ ਸੈਕਟਰ-79 ਵਿਚ ਰਹਿ ਰਹੀ ਸੀ। ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਬਲੈਕਮੇਲ ਕਰਕੇ ਉਸ ਤੋਂ ਪੈਸੇ ਠੱਗਣ ਦੀ ਯੋਜਨਾ ਬਣਾਈ, ਜਿਸ ਦੇ ਤਹਿਤ ਸੋਮਵਾਰ 8 ਮਈ ਨੂੰ ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਸੈਕਟਰ-79 ਵਿਚ ਆਪਣੇ ਘਰ ਬੁਲਾਇਆ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਲੱਗੇ। ਇਸ ਦੌਰਾਨ ਹੋਈ ਹਥੋਪਾਈ ਵਿਚ ਪਰਮਿੰਦਰ ਡਾਨ ਨੇ ਬੇਸਬੈਟ ਨਾਲ ਸੁਰਜੀਤ ਦੇ ਸਿਰ ''ਤੇ ਵਾਰ ਕੀਤਾ ਅਤੇ ਗੁਰਪ੍ਰੀਤ ਨੇ ਉਸ ਨੂੰ ਪਕੜ ਕੇ ਰੱਖਿਆ। ਰੌਲਾ ਪਾਉਣ ''ਤੇ ਉਨ੍ਹਾਂ ਮੂੰਹ ''ਤੇ ਕੱਪੜਾ ਬੰਨ੍ਹ ਦਿੱਤਾ ਅਤੇ ਹੱਥ ਵੀ ਪਿੱਛੇ ਕਰਕੇ ਬੰਨ੍ਹ ਦਿੱਤੇ। ਉਸ ਨੂੰ ਮਾਰ ਕੇ ਉਨ੍ਹਾਂ ਨੇ 11 ਮਈ ਤੱਕ ਆਪਣੇ ਘਰ ਵਿਚ ਹੀ ਰੱਖਿਆ, ਜਿਸ ਨਾਲ ਘਰ ਵਿਚ ਬਦਬੂ ਫੈਲ ਗਈ। ਇਥੋਂ ਤੱਕ ਕਿ ਉਨ੍ਹਾਂ ਦਾ ਕੁੱਤਾ ਵੀ ਬਦਬੂ ਕਾਰਨ ਬੀਮਾਰ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਲਾਸ਼ ਨੂੰ ਬੋਰੀ ਵਿਚ ਪਾ ਕੇ ਗੰਦੇ ਨਾਲੇ ਵਿਚ ਸੁੱਟ ਦਿੱਤਾ।  
ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਬਾਅਦ 9 ਮਈ ਨੂੰ ਦੁਪਹਿਰ ਦੇ ਸਮੇਂ ਇਹ ਦੋਵੇਂ ਸੁਰਜੀਤ ਸਿੰਘ ਦੇ ਘਰ ਗਏ ਅਤੇ ਉਥੇ ਸਾਮਾਨ ਦੀ ਤਲਾਸ਼ੀ ਲਈ। ਸੁਰਜੀਤ ਦੇ ਘਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ, ਜਿਸ ਕਾਰਨ ਦੋਸ਼ੀ ਪੁਲਸ ਦੀ ਪਕੜ ਵਿਚ ਆ ਗਏ। ਪੁਲਸ ਨੇ ਲਾਸ਼ ਹਸਪਤਾਲ ਵਿਚ ਰਖਵਾਈ ਜਿੱਥੇ ਮ੍ਰਿਤਕ ਦੇ ਭਤੀਜੇ ਨੇ ਇਕ ਟੈਟੂ ਕਾਰਨ ਉਸ ਦੀ ਪਛਾਣ ਕਰ ਲਈ। ਪੁਲਸ ਨੇ ਦੋਵਾਂ ਨੂੰ ਲਾਂਡਰਾਂ ਦੇ ਨੇੜੇ ਬੱਸ ਅੱਡੇ ਤੋਂ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Gurminder Singh

This news is Content Editor Gurminder Singh