ਲੁਧਿਆਣਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ, ਕਤਲ ਪਿੱਛੇ ਨਾਜਾਇਜ਼ ਸਬੰਧਾਂ ਦਾ ਖ਼ਦਸ਼ਾ (ਤਸਵੀਰਾਂ)

10/20/2020 3:31:22 PM

ਲੁਧਿਆਣਾ (ਮਹੇਸ਼) : ਇੱਥੇ ਸਲੇਮ ਟਾਬਰੀ ਇਲਾਕੇ 'ਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਖੂਨ ਨਾਲ ਲੱਥਪਥ ਉਸ ਦੀ ਲਾਸ਼ ਮੰਗਲਵਾਰ ਸਵੇਰੇ ਬੇਸਟ ਪ੍ਰਾਈਜ਼ ਦੇ ਨਾਲ ਲੱਗਦੇ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ। ਉਸ ਦੇ ਸਿਰ, ਮੂੰਹ ਅਤੇ ਗਲੇ 'ਤੇ ਡੂੰਘੇ ਜ਼ਖਮ ਸਨ। ਕਤਲ ਦੇ ਪਿੱਛੇ ਨਾਜਾਇਜ਼ ਸਬੰਧਾਂ ਅਤੇ ਆਪਸੀ ਰੰਜਿਸ਼ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਫਿਲਹਾਲ ਪੁਲਸ ਨੇ ਲਾਸ਼ ਦਾ ਪੰਚਨਾਮਾ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ 50 ਸਾਲਾ ਉਦੇ ਭਾਨ ਰਾਊ ਦੇ ਰੂਪ 'ਚ ਹੋਈ ਹੈ, ਜੋ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਇੱਥੇ ਆਪਣੇ ਭਤੀਜੇ ਰਾਜੇਸ਼ ਨਾਲ ਗੁਰਨਾਮ ਨਗਰ ਇਲਾਕੇ 'ਚ ਕਿਰਾਏ ਦੇ ਕਮਰੇ 'ਚ ਰਹਿ ਰਿਹਾ ਸੀ। ਮ੍ਰਿਤਕ ਪਿੰਡ ਭੱਟੀਆਂ ਦੀ ਇਕ ਮਿੱਲ 'ਚ ਨੌਕਰੀ ਕਰਦਾ ਸੀ, ਜਦੋਂ ਕਿ ਉਸ ਦੀ ਪਤਨੀ ਅਤੇ ਵਿਆਹੁਤਾ ਧੀ ਪਿੰਡ ਰਹਿੰਦੀਆਂ ਸਨ।

ਘਟਨਾ ਦਾ ਪਤਾ ਉਸ ਵੇਲੇ ਲੱਗਾ, ਜਦੋਂ ਰਾਜੇਸ਼ ਆਪਣੇ ਚਾਚੇ ਨੂੰ ਲੱਭਦਾ ਹੋਇਆ ਘਟਨਾ ਵਾਲੀ ਥਾਂ 'ਤੇ ਪੁੱਜਾ। ਲਾਸ਼ ਨੂੰ ਦੇਖਦੇ ਹੀ ਰਾਜੇਸ਼ ਨੇ ਉਸ ਦੀ ਸ਼ਨਾਖਤ ਕੀਤੀ। ਉਸ ਨੇ ਦੱਸਿਆ ਕਿ ਉਸ ਦਾ ਚਾਚਾ ਬੀਤੇ ਸੋਮਵਾਰ ਤੋਂ ਲਾਪਤਾ ਸੀ, ਜਿਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਸੀ। ਮੌਕੇ 'ਤੇ ਪੁੱਜੀ ਪੁਲਸ ਮ੍ਰਿਤਕ ਕੋਲੋਂ ਇਕ ਮੋਬਾਇਲ, 1800 ਰੁਪਏ ਨਕਦੀ, ਜਰਦੇ ਦੀ ਪੁੜੀ, ਖਾਣ ਦੀ ਕੁੱਝ ਸਮੱਗਰੀ, 2 ਜੋੜੀ ਚੱਪਲਾਂ ਅਤੇ ਇਕ ਚਾਕੂ, ਖੂਨ ਨਾਲ ਲਿੱਬੜੀ ਪਲਾਸਟਿਕ ਦੀ ਬੋਰੀ ਅਤੇ ਕੰਬਲ ਬਰਾਮਦ ਹੋਇਆ ਹੈ, ਜਿਸ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।


ਇਕ ਜਨਾਨੀ ਨਾਲ ਸੀ ਨਾਜਾਇਜ਼ ਸਬੰਧ
ਰਾਜੇਸ਼ ਨੇ ਦੱਸਿਆ ਕਿ ਉਸ ਦੇ ਚਾਚੇ ਦੇ ਪਿੰਡ ਭੱਟੀਆਂ ਦੀ ਇਕ ਜਨਾਨੀ ਨਾਲ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਸਬੰਧ ਸਨ ਪਰ ਪਿਛਲੇ 4-5 ਮਹੀਨਿਆਂ ਤੋਂ ਦੋਹਾਂ ਵਿਚਕਾਰ ਮੇਲ-ਮਿਲਾਪ ਅਤੇ ਗੱਲਬਾਤ ਬੰਦ ਹੋ ਗਈ ਸੀ। ਇਸ ਤੋਂ ਇਲਾਵਾ ਨਾ ਤਾਂ ਉਸਦੇ ਚਾਚੇ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਿਸੇ ਨਾਲ ਝਗੜਾ ਸੀ ਅਤੇ ਨਾ ਹੀ ਪਿੰਡ 'ਚ ਕਿਸੇ ਨਾਲ ਦੁਸ਼ਮਣੀ ਸੀ। ਫਿਲਹਾਲ ਪੁਲਸ ਨੇ ਉਕਤ ਜਨਾਨੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਜੇਸ਼ ਨੇ ਦੱਸ਼ਿਆ ਕਿ ਉਸ ਦੇ ਚਾਚੇ ਨੇ ਮੰਗਲਵਾਰ ਨੂੰ ਪਿੰਡ ਜਾਣਾ ਸੀ, ਜਿਸ ਲਈ ਉਸ ਨੇ ਫੈਕਟਰੀ ਮਾਲਕ ਤੋਂ 8,000 ਰੁਪਏ ਐਡਵਾਂਸ ਲਏ ਸਨ ਅਤੇ 2000 ਰੁਪਏ ਇਕ ਦੋਸਤ ਤੋਂ ਉਧਾਰ ਲਏ ਸਨ। ਉਸ ਦੀ ਟਿਕਟ ਵੀ ਬੁੱਕੀ ਸੀ ਅਤੇ ਉਹ ਖਰੀਦਦਾਰੀ ਕਰਨ 'ਚ ਲੱਗਾ ਹੋਇਆ ਸੀ। 

Babita

This news is Content Editor Babita