ਸੁਮਨ ਮੁਟਨੇਜਾ ਕਤਲ ਕਾਂਡ: ਨਾਮਜ਼ਦ ਦੋਸ਼ੀ 5 ਦਿਨਾਂ ਦੇ ਪੁਲਸ ਰਿਮਾਂਡ 'ਤੇ

04/24/2019 2:05:08 PM

ਜਲਾਲਾਬਾਦ (ਸੇਤੀਆ) – ਬੀਤੇ ਦਿਨੀਂ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇ ਕੇ ਵਸਨੀਕ ਸੁਮਨ ਮੁਟਨੇਜਾ ਨੂੰ ਪਹਿਲਾਂ ਅਗਵਾ ਅਤੇ ਬਾਅਦ 'ਚ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਪੁਲਸ ਨੇ ਨਾਮਜ਼ਦ ਦੋਸ਼ੀ ਅਮਨਦੀਪ ਸਿੰਘ ਪੁੱਤਰ ਅਮਰੀਕ ਸਿੰਘ, ਦਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਪਰਗਟ ਸਿੰਘ ਉਰਫ ਪਿੰਕਾ ਪੁੱਤਰ ਕਿਸ਼ਨ ਸਿੰਘ, ਸੁਖਪਾਲ ਸਿੰਘ ਉਰਫ ਪਾਲਾ ਪੁੱਤਰ ਜਗਸੀਰ ਸਿੰਘ, ਸਤਨਾਮ ਸਿੰਘ ਉਰਫ ਮੱਕੜ ਪੁੱਤਰ ਲਾਲ ਸਿੰਘ, ਗੰਗਾ ਸਿੰਘ ਪੁੱਤਰ ਮੋਹਨ ਸਿੰਘ ਨੂੰ ਡੀ. ਐੱਸ. ਪੀ. ਅਮਰਜੀਤ ਸਿੰਘ ਅਤੇ ਐੱਸ. ਐੱਚ. ਓ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਥਾਨਕ ਮਾਣਯੋਗ ਅਦਾਲਤ 'ਚ ਪੇਸ਼ ਕੀਤਾ। ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਕਤ ਦੋਸ਼ੀਆਂ ਨੂੰ 27 ਅਪ੍ਰੈਲ ਤੱਕ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਦੱਸਣਯੋਗ ਹੈ ਕਿ ਵਪਾਰੀ ਸੁਮਨ ਮੁਟਨੇਜਾ ਦੀ ਹੱਤਿਆ ਤੇ ਫਿਰੋਤੀ ਦੀ ਸਾਜ਼ਿਸ਼ ਅਮਨਦੀਪ ਸਿੰਘ ਵਲੋਂ ਰਚੀ ਗਈ ਸੀ ਅਤੇ ਬਾਕੀ ਹੋਰ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦੇਣ 'ਚ ਵੱਖ-ਵੱਖ ਥਾਵਾਂ 'ਤੇ ਸਹਿਯੋਗ ਦਿੱਤਾ ਸੀ। 18 ਅਪ੍ਰੈਲ ਦੀ ਸ਼ਾਮ ਨੂੰ ਕਾਰ ਸਵਿੱਫਟ ਡਿਜ਼ਾਇਰ ਜਲਾਲਾਬਾਦ-ਫਿਰੋਜ਼ਪੁਰ ਰੋਡ 'ਤੇ ਲੱਕੜ ਦੇ ਆਰੇ ਦੇ ਕੋਲ ਖੜ੍ਹੀ ਕਰ ਕੇ ਮੁੱਖ ਦੋਸ਼ੀਆਂ ਨੇ ਉਸ ਦਾ ਬੋਨਟ ਚੁੱਕ ਦਿੱਤਾ ਤਾਂ ਜੋ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਇਸ ਤਰ੍ਹਾਂ ਲੱਗੇ ਕਿ ਕਾਰ ਖਰਾਬ ਹੋਈ ਹੈ। ਪਲਾਨਿੰਗ ਮੁਤਾਬਕ ਜਦੋਂ ਸੁਮਨ ਮੁਟਨੇਜਾ ਆਪਣੀ ਕਾਰ ਆਈ-20 'ਤੇ ਉਨ੍ਹਾਂ ਕੋਲੋਂ ਲੰਘਣ ਲੱਗਾ ਤਾਂ ਦੋਸ਼ੀਆਂ ਨੇ ਹੱਥ ਦੇ ਕੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਦੀ ਕਾਰ 'ਚ ਬੈਠ ਗਏ ਅਤੇ ਉਸ ਨੂੰ ਅਗਵਾ ਕਰ ਕੇ ਲੈ ਗਏ। ਬਾਅਦ 'ਚ ਉਸ ਦੀ ਕਾਰ ਅਤੇ ਸੁਮਨ ਕੁਮਾਰ ਮੁਟਨੇਜਾ ਨੂੰ ਮਾਰ ਕੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਗੰਗ ਨਹਿਰ 'ਚ ਸੁੱਟ ਦਿੱਤਾ ਤੇ ਉਹ ਰਾਜਸਥਾਨ ਚਲੇ ਗਏ। ਉਹ 2 ਵੱਖ-ਵੱਖ ਥਾਵਾਂ 'ਤੇ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਤੋਂ ਫਿਰੋਤੀ ਦੀ ਮੰਗ ਕਰਦੇ ਰਹੇ।

rajwinder kaur

This news is Content Editor rajwinder kaur