ਸੁੱਚਾ ਹੱਤਿਆ ਕਾਂਡ: ਫਰਾਰ ਦੋਸ਼ੀਆਂ ਦੇ ਰਿਸ਼ਤੇਦਾਰਾਂ ਕੋਲੋਂ ਪੁਲਸ ਨੇ ਕੀਤੀ ਪੁੱਛਗਿੱਛ

07/15/2018 5:20:19 PM

ਜਲੰਧਰ (ਮਹੇਸ਼)— ਹੱਥ ਅਤੇ ਗਲਾ ਵੱਢ ਕੇ ਸੁਖਜੀਤ ਸਿੰਘ ਉਰਫ ਸੁੱਚਾ ਪੁੱਤਰ ਕੰਵਰ ਸਿੰਘ ਵਾਸੀ ਪੱਤੀ ਰਾਮ ਦੀ ਜੰਡਿਆਲਾ ਮੰਜਕੀ ਵਿਖੇ ਕੀਤੀ ਗਈ ਹੱਤਿਆ ਦੇ ਮਾਮਲੇ 'ਚ ਆਈ. ਪੀ. ਐੱਸ. ਦੀ ਧਾਰਾ-302 ਦੇ ਤਹਿਤ ਨਾਮਜ਼ਦ ਕੀਤੇ ਗਏ ਦੋਸ਼ੀ ਅਜੇ ਫਰਾਰ ਹਨ। ਥਾਣਾ ਸਦਰ ਦੇ ਇੰਸਪੈਕਟਰ ਬਿਮਲਕਾਂਤ ਨੇ ਦੱਸਿਆ ਕਿ ਪੁਲਸ ਨੇ ਫਰਾਰ ਦੋਸ਼ੀ ਅਮਰਜੀਤ ਸਿੰਘ ਪੁੱਤਰ ਧਰਮਪਾਲ ਅਤੇ ਪਵਨ ਕੁਮਾਰ ਪੁੱਤਰ ਬਲਬੀਰ ਰਾਮ ਦੀ ਗ੍ਰਿਫਤਾਰੀ ਦੇ ਲਈ ਬੀਤੇ ਦਿਨ ਕਈ ਜਗ੍ਹਾ ਰੇਡ ਕੀਤੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲੋਂ ਪੁੱਛਗਿੱਛ ਕੀਤੀ। ਹੁਣ ਤੱਕ ਕੀਤੀ ਗਈ ਜਾਂਚ 'ਚ ਪਤਾ ਲੱਗਾ ਹੈ ਕਿ ਸੁੱਚਾ ਸਿੰਘ ਨੇ ਪਿਛਲੇ 2 ਸਾਲ ਪਹਿਲਾਂ ਕਲਾਂ 'ਚ ਹੋਏ ਝਗੜੇ ਨੂੰ ਲੈ ਕੇ ਅਮਰਜੀਤ ਸਿੰਘ ਤੋਂ ਆਪਣੀ ਜ਼ਮਾਨਤ 'ਤੇ ਆਏ ਖਰਚ ਦੇ ਪੈਸੇ ਲੈਣੇ ਸਨ ਜੋਕਿ ਉਹ ਨਹੀਂ ਦੇ ਰਿਹਾ ਸੀ। 
ਅਮਰਜੀਤ, ਰਾਹੁਲ ਅਤੇ ਸੁੱਚਾ ਨੇ ਬਜੂਹਾ ਕਲਾਂ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਤਿੰਨਾਂ 'ਤੇ ਥਾਣਾ ਨਕੋਦਰ 'ਚ ਕੇਸ ਵੀ ਦਰਜ ਹੋਇਆ। ਅਮਰਜੀਤ ਅਤੇ ਰਾਹੁਲ ਤਾਂ ਕਿਸੇ ਦੇ ਦਿੱਤੇ ਹੋਏ ਪੈਸਿਆਂ ਨਾਲ ਆਪਣੀ ਜ਼ਮਾਨਤ ਕਰਵਾ ਕੇ ਜੇਲ ਤੋਂ ਬਾਹਰ ਆ ਗਏ ਪਰ ਸੁੱਚਾ ਦੀ ਜ਼ਮਾਨਤ ਉਸ ਦੇ ਪਰਿਵਾਰ ਵਾਲਿਆਂ ਨੂੰ ਖੁਦ ਆਪਣੇ ਪੈਸੇ ਲਗਾ ਕੇ ਕਰਵਾਉਣੀ ਪਈ ਸੀ, ਜਿਸ ਤੋਂ ਬਾਅਦ ਸੁੱਚਾ ਨੇ ਜੇਲ ਤੋਂ ਆ ਕੇ ਅਮਰਜੀਤ ਤੋਂ ਆਪਣੀ ਜ਼ਮਾਨਤ 'ਤੇ ਖਰਚ ਹੋਏ ਪੈਸੇ ਮੰਗੇ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਅਮਰਜੀਤ ਸਿਘ ਅਤੇ ਪਵਨ ਨੇ ਆਪਣੇ ਸਾਥੀਆਂ ਸਮੇਤ ਸੁੱਚਾ ਸਿੰਘ ਨੂੰ ਮੌਤ ਦੇ ਘਾਟ ਉਤਾਰਣ ਦਾ ਪਲਾਨ ਬਣਾਇਆ। 12 ਜੁਲਾਈ ਨੂੰ ਉਹ ਉਸ ਨੂੰ ਘਰੋਂ ਲੈ ਗਏ ਅਤੇ ਹੱਤਿਆ ਕਰ ਦਿੱਤੀ। ਐੱਸ. ਐੱਚ. ਓ. ਬਿਮਲਕਾਂਤ ਅਤੇ ਜੰਡਿਆਲਾ ਪੁਲਸ ਇੰਚਾਰਜ ਮੇਜਰ ਸਿੰਘ ਰਿਆੜ ਨੇ ਕਿਹਾ ਕਿ ਪੂਰੀ ਸੱਚਾਈ ਤÎਾਂ ਅਮਰਜੀਤ ਅਤੇ ਪਵਨ ਦੇ ਫੜੇ ਜਾਣ 'ਤੇ ਹੀ ਸਾਹਮਣੇ ਆਵੇਗੀ।