ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਕੇ ਲੁਟੇਰਿਆਂ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ (ਵੀਡੀਓ)

05/27/2018 4:13:39 PM

ਅਬੋਹਰ - ਅਣਪਛਾਤੇ ਵਿਅਕਤੀਆਂ ਵੱਲੋਂ ਬੱਲੂਆਨਾ ਵਿਧਾਨਸਭਾ ਖੇਤਰ ਦੇ ਪਿੰਡ ਕੰਧਵਾਲਾ ਅਮਰਕੋਟ 'ਚ ਇਕ ਘਰ 'ਚ ਸੋਂ ਰਹੇ ਵਿਅਕਤੀ ਦੀ ਹੱਤਿਆ ਕਰਨ ਤੋਂ ਬਾਅਦ ਘਰ 'ਚ ਪਈ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਉੱਚ ਅਧਿਕਾਰੀਆਂ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਫੌਰੈਂਸਿਕ ਟੀਮ ਅਤੇ ਡੋਗ ਸਕੁਵਾਇਡ ਨੂੰ ਸੱਦਿਆ ਹੈ, ਜਿਨ੍ਹਾਂ ਨੇ ਫਿੰਗਰ ਪ੍ਰਿੰਟ ਅਤੇ ਹੋਰ ਬਾਕੀ ਦੇ ਸਬੂਤ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ। 
ਕਰੀਬ 55 ਸਾਲ ਦੇ ਦੁਕਾਨਕਾਰ ਲਾਲਾ ਚੰਦ ਪੁੱਤਰ ਭਾਲੀ ਰਾਮ ਦੇ ਬੇਟੇ ਗੌਰਵ ਨੇ ਕਿਹਾ ਕਿ ਪਿੰਡ ਕੰਧਵਾਲਾ 'ਚ ਕਰਿਆਨੇ ਦੀ ਦੁਕਾਨ ਅਤੇ 10-11 ਏਕੜ ਜ਼ਮੀਨ ਹੈ ਪਰ ਉਹ ਅਬੋਹਰ ਦੇ ਉਤਮ ਬਿਹਾਰ ਕਾਲੋਨੀ ਗਲੀ ਨੰਬਰ-3 'ਚ ਰਹਿੰਦੇ ਹਨ। ਉਸ ਨੇ ਕਿਹਾ ਕਿ ਉਹ ਅਤੇ ਉਸ ਦੇ ਪਿਤਾ ਇਕੱਠੇ ਮਿਲ ਕੇ ਦੁਕਾਨ ਚਲਾਉਂਦੇ ਸਨ। ਬੀਤੀ ਰਾਤ ਖੇਤ 'ਚ ਪਾਣੀ ਲਗਾਉਣ ਤੋਂ ਬਾਅਦ ਕਰੀਬ 11 ਵਜੇ ਉਹ ਆਪਣੇ ਪਿਤਾ ਨੂੰ ਪਿੰਡ ਦੇ ਮਕਾਨ 'ਚ ਛੱਡ ਕੇ ਸ਼ਹਿਰ ਆਪਣੇ ਘਰ ਆ ਗਿਆ। ਸਵੇਰੇ ਕਰੀਬ ਸਾਢੇ 6 ਵਜੇ ਜਦ ਉਹ ਦੁਕਾਨ ਖੋਲ੍ਹਣ ਗਿਆ ਤਾਂ ਉਨ੍ਹਾਂ ਦੀ ਦੁਕਾਨ ਬੰਦ ਸੀ ਅਤੇ ਦੁਕਾਨ ਦੇ ਨਾਲ ਬਣੇ ਘਰ ਦਾ ਗੇਟ ਵੀ ਬੰਦ ਸੀ। 
ਵਾਰ-ਵਾਰ ਗੇਟ ਖੜਕਾਉਣ 'ਤੇ ਪਿਤਾ ਵੱਲੋਂ ਗੇਟ ਨਾ ਖੋਲ੍ਹਣ 'ਤੇ ਉਹ ਗੁਆਂਢ 'ਚ ਰਹਿੰਦੇ ਗੁਆਂਢੀਆਂ ਦੇ ਘਰ ਦੀ ਛੱਤ ਟੱਪ ਕੇ ਆਪਣੇ ਘਰ 'ਚ ਦਾਖਲ ਹੋ ਗਿਆ। ਉਸ ਨੇ ਵੇਖਿਆ ਕਿ ਉਸ ਦੇ ਪਿਤਾ ਲਾਲ ਚੰਦ ਮ੍ਰਿਤਕ ਹਾਲਤ 'ਚ ਕਮਰੇ 'ਚ ਮੰਜੇ 'ਤੇ ਪਏ ਹੋਏ ਸਨ ਅਤੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਇਸ ਘਟਨਾ ਦਾ ਪਤਾ ਲੱਗਣ 'ਤੇ ਆਲੇ-ਦੁਆਲੇ ਦੇ ਲੋਕ ਭਾਰੀ ਗਿਣਤੀ 'ਚ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਬਹਾਵਵਾਲਾ ਦੇ ਇੰਚਾਰਜ ਬਚਨ ਸਿੰਘ ਨੇ ਮਾਮਲੇ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ। 
ਇਸ ਦੌਰਾਨ ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਲਾਲ ਚੰਦ ਮੰਜੇ 'ਤੇ ਪਿਆ ਹੋਇਆ ਸੀ ਅਤੇ ਕਮਰੇ ਦੀ ਅਲਮਾਰੀ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਮ੍ਰਿਤਕ ਵਿਅਕਤੀ ਦੇ ਪੁੱਤਰ ਨੇ ਪੁਲਸ ਨੂੰ ਦੱਸਿਆ ਕਿ ਕਮਰੇ 'ਚੋਂ ਕਰੀਬ 88 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਹਨ। ਇਸ ਤੋਂ ਇਲਾਵਾ ਦੁਕਾਨ ਤੋਂ ਵੀ ਹਜ਼ਾਰਾਂ ਦੀ ਨਕਦੀ ਗਾਇਬ ਹੈ।