ਤਲਵੰਡੀ ਮੰਗੇ ਖਾਂ ਵਿਖੇ ਸ਼ੱਕੀ ਹਾਲਾਤਾਂ 'ਚ ਵਿਅਕਤੀ ਦਾ ਕਤਲ (ਤਸਵੀਰਾਂ)

09/05/2019 11:07:37 AM

ਜ਼ੀਰਾ (ਦਵਿੰਦਰ ਅਕਾਲੀਆਂ ਵਾਲਾ) - ਕੋਟ ਟੀਸੇ ਖਾਂ ਰੋਡ 'ਤੇ ਪੈਂਦੇ ਤਲਵੰਡੀ ਮੰਗੇ ਖਾਂ ਵਿਖੇ ਇਕ ਵਿਅਕਤੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਸਪੁੱਤਰ ਮੁਨਸ਼ਾ ਸਿਘ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰ ਵਿਦੇਸ਼ 'ਚ ਰਹਿੰਦੇ ਸਨ। ਉਸ ਦੀ ਮੌਤ ਹੋ ਜਾਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਸ ਦੇ ਨੌਕਰ ਵਲੋਂ ਵਾਰ-ਵਾਰ ਆਵਾਜ਼ ਮਾਰਨ 'ਤੇ ਉਸ ਨੇ ਕੋਈ ਆਵਾਜ਼ ਨਾ ਦਿੱਤੀ। ਨੌਕਰ ਨੇ ਇਸ ਦੀ ਸੂਚਨਾ ਥਾਣਾ ਜ਼ੀਰਾ ਦੀ ਪੁਲਸ ਨੂੰ ਦਿੱਤੀ, ਜਿਸ ਨੇ ਘਟਨਾ ਸਥਾਨ 'ਤੇ ਮੌਕੇ 'ਤੇ ਪਹੁੰਚ ਕੇ ਉਸ ਦੇ ਘਰ ਨੂੰ ਖੁਲਵਾਇਆ।

ਫਿਰੋਜ਼ਪੁਰ ਦੇ ਐੱਸ. ਪੀ. ਅਜੇ ਰਾਜ ਸਿੰਘ, ਡੀ. ਐੱਸ. ਪੀ. ਡੀ. ਸੁਖਵਿੰਦਰਪਾਲ ਸਿੰਘ ਅਤੇ ਐੱਸ. ਐੱਚ. ਓ. ਸਦਰ ਬਚਨ ਸਿੰਘ ਜ਼ੀਰਾ ਨੇ ਦੱਸਿਆ ਕਿ ਸੁੱਚਾ ਸਿੰਘ ਘਰ 'ਚ ਇਕੱਲਾ ਰਹਿੰਦਾ ਸੀ। ਉਸ ਦਾ ਮੁਲਾਜ਼ਮ ਚਰਨਜੀਤ ਸ਼ਰਮਾ, ਜੋ ਇਸੇ ਪਿੰਡ 'ਚ ਉਸ ਦਾ ਗੁਆਂਢੀ ਸੀ, ਉਸ ਦਾ ਸਾਰਾ ਕੰਮ ਕਰਕੇ ਰਾਤ ਨੂੰ ਆਪਣੇ ਘਰ ਚਲਾ ਜਾਂਦਾ ਸੀ। ਰੋਜ਼ਾਨਾ ਵਾਂਗ ਜਦੋ ਉਹ ਸਵੇਰੇ ਆਇਆ ਤਾਂ ਘਰ ਦੇ ਦਰਵਾਜ਼ੇ ਬੰਦ ਸਨ। ਕੰਧ ਟੱਪ ਕੇ ਘਰ ਦਾਖਲ ਹੋ ਕੇ ਉਸ ਨੇ ਦੇਖਿਆ ਕਿ ਸੁੱਚਾ ਸਿੰਘ ਮ੍ਰਿਤਕ ਹਾਲਤ 'ਚ ਪਿਆ ਸੀ, ਜਿਸ ਦੇ ਚਿਹਰੇ 'ਤੇ ਸੱਟ ਦਾ ਨਿਸ਼ਾਨ ਸੀ ਅਤੇ ਇਕ ਕਮਰੇ 'ਚ ਅੱਗ ਲੱਗੀ ਹੋਈ ਸੀ। ਉਸ ਨੇ ਆਂਢ-ਗੁਆਂਢ 'ਚ ਰੌਲਾ ਪਾਉਣ ਦੇ ਨਾਲ-ਨਾਲ ਇਸ ਦੀ ਸੂਚਨਾ ਜ਼ੀਰਾ ਦੀ ਪੁਲਸ ਨੂੰ ਵੀ ਦਿੱਤੀ। ਜ਼ਿਲਾ ਪੁਲਸ ਅਫਸਰ ਐੱਸ. ਐੱਸ. ਪੀ. ਵੀਵੇਕਸ਼ੀਲ ਸੋਨੀ ਆਪਣੇ ਪੁਲਸ ਅਫਸਰਾਂ ਨਾਲ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਕਤਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਹਿਰਾਂ ਦੀ ਟੀਮ ਮੰਗਵਾਉਣ ਦੇ ਆਡਰ ਕੀਤੇ।

ਕਾਤਲ ਇੰਨੇ ਸ਼ਾਤਰ ਸਨ ਕਿ ਮਾਰਨ ਮਗਰੋਂ ਜ਼ਰੂਰੀ ਦਸਤਾਵੇਜ਼ਾਂ ਨੂੰ ਇਕੱਠੇ ਕਰਕੇ ਅਤੇ ਪੇਟੀ 'ਚ ਪਏ ਸਾਮਾਨ ਨੂੰ ਅੱਗ ਲਾ ਦਿੱਤੀ। ਪੁਲਸ ਵਲੋਂ ਫੌਰੈਂਸਿਕ ਟੀਮ ਫਿਰੋਜ਼ਪੁਰ ਤੋਂ ਮੰਗਵਾਈ ਗਈ, ਜਿਸ ਦੇ ਇੰਚਾਰਜ ਸੋਮ ਨਾਥ ਸਹਾਇਕ ਇੰਸਪੈਕਟਰ ਨੇ ਦੱਸਿਆ ਕਿ ਉਂਗਲੀਆਂ ਦੇ ਨਿਸ਼ਾਨ ਲੈ ਲਏ ਹਨ ਅਤੇ ਫੋਟੋਗ੍ਰਾਫੀ ਤੋਂ ਬਾਅਦ ਸੱਚਾਈ ਸਭ ਦੇ ਸਾਹਮਣੇ ਹੋਵੇਗੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਜ਼ੀਰਾ ਲਿਆਂਦਾ। ਮ੍ਰਿਤਕ ਦੇ 2 ਪੁੱਤਰ ਅਤੇ ਪਰਿਵਾਰ ਲੰਮੇ ਸਮੇਂ ਤੋਂ ਫਰਾਂਸ 'ਚ ਰਹਿ ਰਿਹਾ ਹੈ, ਜਦਕਿ ਸੁੱਚਾ ਸਿੰਘ ਸੀ. ਆਰ. ਪੀ. ਐੱਫ਼. 'ਚੋਂ ਰਿਟਾਇਡ ਹੋ ਕੇ ਇਕੱਲਾ ਹੀ ਇਸ ਘਰ 'ਚ ਰਹਿੰਦਾ ਸੀ, ਜੋ ਖੇਤੀ ਦਾ ਕੰਮ ਕਰਦਾ ਸੀ।ਉਸ ਦੇ ਚਚੇਰੇ ਭਰਾ ਮਾਸਟਰ ਬਲਦੇਵ ਸਿੰਘ ਨੇ ਉਸ ਦੀ ਮੌਤ 'ਤੇ ਜਿਥੇ ਦੁੱਖ ਪ੍ਰਗਟ ਕੀਤਾ, ਉਥੇ ਇਸ ਵਾਪਰੀ ਘਟਨਾ ਨੂੰ ਜਲਦ ਸਾਹਮਣੇ ਲਿਆਉਣ ਲਈ ਪੁਲਸ ਨੂੰ ਬੇਨਤੀ ਕੀਤੀ।

rajwinder kaur

This news is Content Editor rajwinder kaur