ਕਤਲ ਦੀ ਕੋਸ਼ਿਸ਼ ਦੇ 3 ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ

11/21/2017 5:40:32 PM

ਹੁਸ਼ਿਆਰਪੁਰ (ਅਮਰਿੰਦਰ)— ਕਤਲ ਦੀ ਕੋਸ਼ਿਸ਼ ਦੇ 3 ਦੋਸ਼ੀਆਂ ਕਸ਼ਮੀਰੀ ਲਾਲ ਉਰਫ ਸ਼ੀਰਾ ਪੁੱਤਰ ਬੂਟਾ ਰਾਮ, ਸਤਵੀਰ ਸਿੰਘ ਉਰਫ ਮਨੀ ਪੁੱਤਰ ਪਰਮਜੀਤ ਸਿੰਘ ਅਤੇ ਕੁਲਦੀਪ ਕੁਮਾਰ ਉਰਫ ਲਾਡੀ ਪੁੱਤਰ ਮੋਹਣ ਲਾਲ (ਤਿੰਨੋਂ ਵਾਸੀ ਤਾਜੋਵਾਲ) ਨੂੰ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪਰਮਿੰਦਰ ਸਿੰਘ ਰਾਏ ਦੀ ਅਦਾਲਤ ਨੇ 5-5 ਸਾਲ ਦੀ ਕੈਦ ਦੇ ਨਾਲ-ਨਾਲ 9500-9500 ਰੁਪਏ ਨਕਦ ਜੁਰਮਾਨਾ ਅਤੇ ਜੁਰਮਾਨਾ ਅਦਾ ਨਾ ਕਰਨ 'ਤੇ 2-2 ਮਹੀਨੇ ਦੀ ਕੈਦ ਹੋਰ ਕੱਟਣ ਦਾ ਹੁਕਮ ਦਿੱਤਾ। 
ਕੀ ਹੈ ਮਾਮਲਾ : 
ਚੱਬੇਵਾਲ ਪੁਲਸ ਨੂੰ 13 ਜੁਲਾਈ 2015 ਨੂੰ ਪਰਮਜੀਤ ਸਿੰਘ ਪੁੱਤਰ ਸੋਢੀ ਲਾਲ ਵਾਸੀ ਕਾਲਿਆ ਨੇ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਅਮਰੀਕ ਲਾਲ ਪੁੱਤਰ ਹੰਸ ਰਾਜ ਵਾਸੀ ਤਾਜੋਵਾਲ 9 ਜੁਲਾਈ 2015 ਨੂੰ ਮਮਤਾ ਪਤਨੀ ਜਗਦੀਸ਼ ਚੰਦਰ ਵਾਸੀ ਪੰਡੋਰੀ ਬੀਬੀ ਦੇ ਪਲਾਟ ਦੀ ਚਾਰਦੀਵਾਰੀ ਕਰ ਰਹੇ ਸਨ। ਸ਼ਾਮ ਕਰੀਬ ਸਵਾ 5 ਵਜੇ ਕਸ਼ਮੀਰੀ ਲਾਲ ਉਰਫ ਸ਼ੀਰਾ ਪੁੱਤਰ ਬੂਟਾ ਰਾਮ, ਸਤਵੀਰ ਸਿੰਘ ਉਰਫ ਮਨੀ ਪੁੱਤਰ ਪਰਮਜੀਤ ਸਿੰਘ, ਕੁਲਦੀਪ ਕੁਮਾਰ ਉਰਫ ਲਾਡੀ ਪੁੱਤਰ ਮੋਹਨ ਲਾਲ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਆਪਣੇ 4-5 ਅਣਪਛਾਤੇ ਸਾਥੀਆਂ ਸਮੇਤ ਪਲਾਟ 'ਤੇ ਆ ਗਏ। ਉਨ੍ਹਾਂ ਅਮਰੀਕ ਨੂੰ ਲਲਕਾਰਦੇ ਹੋਏ ਕਿਰਪਾਨ ਨਾਲ ਉਸ 'ਤੇ ਵਾਰ ਕੀਤੇ ਅਤੇ ਉਸ ਦੇ ਰੋਕਣ 'ਤੇ ਉਸ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਜਤਿੰਦਰ ਸਿੰਘ ਪੁੱਤਰ ਰੇਸ਼ਮ ਲਾਲ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੇ ਸਾਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸੀ।