ਕਤਲ ਦੇ ਦੋਸ਼ੀ ਹੈਰੋਇਨ ਸਣੇ ਗ੍ਰਿਫਤਾਰ

10/09/2017 7:55:00 AM

ਲੁਧਿਆਣਾ, (ਮਹੇਸ਼)- ਐਂਟੀ ਨਾਰਕੋਟਿਕ ਸੈੱਲ ਨੇ ਕਤਲ ਦੇ ਇਕ ਕੇਸ 'ਚ ਹਾਲ ਹੀ ਵਿਚ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਕੇਸ ਵਿਚ ਉਸ ਦੇ ਇਕ ਹੋਰ ਸਾਥੀ ਕੁਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ, ਜਿਸ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।
ਸੈੱਲ ਦੇ ਮੁਖੀ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਪਿੰਡ ਝਾਂਡੇ ਦੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਉਸ ਦੇ ਪਿੰਡ ਕੋਲੋਂ ਹੀ ਕਾਬੂ ਕੀਤਾ ਗਿਆ। ਉਸ ਖਿਲਾਫ ਸਦਰ ਥਾਣੇ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਸੁਰਿੰਦਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਖੇਤੀਬਾੜੀ ਦਾ ਕੰਮ ਕਰਦਾ ਹੈ। ਕਤਲ ਦੇ ਇਕ ਕੇਸ ਵਿਚ ਉਹ ਪਿਛਲੇ 6 ਸਾਲਾਂ ਤੋਂ ਜੇਲ ਵਿਚ ਸੀ। ਕੁਝ ਦਿਨ ਪਹਿਲਾਂ ਹੀ ਉਹ ਹਾਈਕੋਰਟ ਤੋਂ ਮਨਜ਼ੂਰ ਕੀਤੀ ਗਈ ਜ਼ਮਾਨਤ 'ਤੇ ਜੇਲ 'ਚੋਂ ਛੁੱਟਿਆ ਸੀ। ਇਸ ਤੋਂ ਬਾਅਦ ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਉਸ ਨੇ ਹੈਰੋਇਨ ਵੇਚਣ ਦਾ ਧੰਦਾ ਸ਼ੁਰੂ ਕਰ ਦਿੱਤਾ ਜੋ ਕਿ ਉਹ ਕੁਲਵਿੰਦਰ ਸਿੰਘ ਕੋਲੋਂ ਖਰੀਦ ਕੇ ਅੱਗੇ ਸਪਲਾਈ ਕਰਦਾ ਸੀ।